Punjab MC Elections : ਚੋਣ ਪ੍ਰਚਾਰ ਦੌਰਾਨ ਬਿੱਟੂ ਦਾ ਵਾਰ; 'ਪੰਜਾਬੀਆਂ ਤੋਂ ਹਿੰਦੀ ਬੁਲਾਉਣਾ ਅਤੇ ਨਸ਼ੇੜੀ ਵਜੋਂ ਪੇਸ਼ ਕਰਨਾ AAP ਦੇ ਹੱਥਕੰਡੇ'
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ਨਿੱਚਰਵਾਰ ਨੂੰ ਬਠਿੰਡਾ ਵਿੱਚ ਨਗਰ ਨਿਗਮ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਸੂਬਾ ਸਰਕਾਰ 'ਤੇ ਤਿੱਖਾ ਨਿਸ਼ਾਨ ਸੇਧਿਆ। ਉਨ੍ਹਾਂ ਦੋਸ਼ ਲਾਇਆ ਕਿ 'ਆਪ' ਨੇ ਪੰਜਾਬੀਆਂ ਨੂੰ ਹਿੰਦੀ ਬੋਲਣ ਲਈ...
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ਨਿੱਚਰਵਾਰ ਨੂੰ ਬਠਿੰਡਾ ਵਿੱਚ ਨਗਰ ਨਿਗਮ ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਅਤੇ ਸੂਬਾ ਸਰਕਾਰ 'ਤੇ ਤਿੱਖਾ ਨਿਸ਼ਾਨ ਸੇਧਿਆ। ਉਨ੍ਹਾਂ ਦੋਸ਼ ਲਾਇਆ ਕਿ 'ਆਪ' ਨੇ ਪੰਜਾਬੀਆਂ ਨੂੰ ਹਿੰਦੀ ਬੋਲਣ ਲਈ ਮਜਬੂਰ ਕਰਨ ਅਤੇ ਡਰੱਗ ਸੈਂਸਸ ਵਰਗੇ ਕਦਮਾਂ ਰਾਹੀਂ ਉਨ੍ਹਾਂ ਨੂੰ ਬਦਨਾਮ ਕਰਨ ਦੇ ਹੱਥਕੰਡੇ ਅਪਣਾਏ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਇੱਕ ਕੈਬਨਿਟ ਮੰਤਰੀ ਨੇ ਹਿੰਦੀ ਦਾ ਮੁੱਦਾ ਚੁੱਕਦਿਆਂ ਕਿਹਾ ਸੀ ਕਿ 70 ਫੀਸਦੀ ਵਿਧਾਇਕਾਂ ਨੂੰ ਹਿੰਦੀ ਬੋਲਣ ਲਈ ਮਜਬੂਰ ਕੀਤਾ ਗਿਆ।
ਉਨ੍ਹਾਂ ਦੋਸ਼ ਲਾਇਆ, “ਇਹ ਉਨ੍ਹਾਂ ਦੇ ਹੱਥਕੰਡੇ ਹਨ, ਪੰਜਾਬੀਆਂ ਤੋਂ ਹਿੰਦੀ ਬੁਲਾਉਣਾ ਅਤੇ ਉਨ੍ਹਾਂ ਨੂੰ ਨਸ਼ੇੜੀ ਵਜੋਂ ਪੇਸ਼ ਕਰਨਾ।” ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਸਰਕਾਰ ਖ਼ਿਲਾਫ਼ ਲੋਕਾਂ ਦਾ ਗੁੱਸਾ ਹੁਣ 2017 ਅਤੇ 2022 ਵਿੱਚ ਸਿਆਸੀ ਪਾਰਟੀਆਂ ਖ਼ਿਲਾਫ਼ ਰਹੀ ਨਾਰਾਜ਼ਗੀ ਨਾਲੋਂ ਵੀ ਕਿਤੇ ਵੱਧ ਹੈ।
ਹਾਲਾਂਕਿ ਹਿੰਦੀ ਬਾਰੇ ਆਪਣੀਆਂ ਟਿੱਪਣੀਆਂ ਦਾ ਬਚਾਅ ਕਰਦਿਆਂ ਬਿੱਟੂ ਨੇ ਇੱਕ ਗਾਇਕ ਦਾ ਹਵਾਲਾ ਦੇ ਕੇ ਕਿਹਾ ਕਿ ਪੰਜਾਬੀ "ਮਾਂ ਬੋਲੀ" ਹੈ, ਜਦੋਂ ਕਿ ਹਿੰਦੀ "ਮਾਸੀ" ਵਰਗੀ ਹੈ।
ਉਨ੍ਹਾਂ ਨੇ ਸੂਬਾ ਸਰਕਾਰ ਦੀ ਡਰੱਗ ਸੈਂਸਸ ਦੀ ਸਖ਼ਤ ਨਿਖੇਧੀ ਕੀਤੀ ਅਤੇ ਨਸ਼ਾ ਕਰਨ ਵਾਲਿਆਂ ਦਾ ਨਿੱਜੀ ਡੇਟਾ (ਜਾਣਕਾਰੀ) ਇਕੱਠਾ ਕਰਨ 'ਤੇ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਾਇਆ ਕਿ ਵਿਅਕਤੀਆਂ ਨੂੰ ਨਸ਼ੇੜੀ ਵਜੋਂ ਪੇਸ਼ ਕਰਨ ਨਾਲ ਉਨ੍ਹਾਂ ਦੀਆਂ ਨੌਕਰੀਆਂ, ਡਰਾਈਵਿੰਗ ਲਾਇਸੈਂਸਾਂ ਅਤੇ ਵਿਆਹ ਦੇ ਰਿਸ਼ਤਿਆਂ 'ਤੇ ਮਾੜਾ ਅਸਰ ਪੈ ਸਕਦਾ ਹੈ। ਉਨ੍ਹਾਂ ਸਵਾਲ ਕੀਤਾ, “ਅੱਜ-ਕੱਲ੍ਹ ਡੇਟਾ ਹੀ ਤਾਕਤ ਹੈ। ਉਹ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਨਰਸਾਂ ਦੀ ਕੁੱਲ ਗਿਣਤੀ ਦਾ ਡੇਟਾ ਜਾਰੀ ਕਰਨ ਦੀ ਬਜਾਏ ਅਜਿਹਾ ਡੇਟਾ ਕਿਉਂ ਇਕੱਠਾ ਕਰ ਰਹੇ ਹਨ?”
ਬਿੱਟੂ ਨੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ 'ਤੇ ਵਾਰ-ਵਾਰ ਨਿਸ਼ਾਨਾ ਸੇਧਿਆ। ਉਨ੍ਹਾਂ ਪਾਰਟੀ ਦੀ ਤੁਲਨਾ "ਗੰਦਗੀ" ਨਾਲ ਅਤੇ ਇਸ ਦੇ ਆਗੂਆਂ ਦੀ ਤੁਲਨਾ "ਕਾਕਰੋਚਾਂ" ਨਾਲ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ 'ਆਪ' ਦੀ ਝਾੜੂ ਛੋਟੀ ਹੈ, ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ "ਜੈਟਿੰਗ ਅਤੇ ਸੈਕਸ਼ਨ ਮਸ਼ੀਨਾਂ ਹਨ ਜੋ ਕਿਸੇ ਵੀ ਗੰਦਗੀ ਨੂੰ ਹਟਾਉਣ ਅਤੇ ਕਿਸੇ ਵੀ ਰੁਕਾਵਟ ਨੂੰ ਸਾਫ਼ ਕਰਨ ਲਈ ਕਾਫੀ ਸ਼ਕਤੀਸ਼ਾਲੀ ਹਨ।"
ਜੇਲ੍ਹ ਵਿੱਚ ਬੰਦ ਸਾਬਕਾ ਕੈਬਨਿਟ ਮੰਤਰੀ ਸੰਜੀਵ ਅਰੋੜਾ ਦਾ ਜ਼ਿਕਰ ਕਰਦਿਆਂ ਬਿੱਟੂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਉਨ੍ਹਾਂ ਨੂੰ ਮਿਲਣ "ਹਮਦਰਦੀ ਵਜੋਂ ਨਹੀਂ, ਬਲਕਿ ਇਹ ਪੁੱਛਣ ਗਏ ਸਨ ਕਿ ਪੈਸਾ ਕਿੱਥੇ ਛੁਪਾਇਆ ਗਿਆ ਹੈ।"
ਉਨ੍ਹਾਂ ਸੂਬਾ ਸਰਕਾਰ 'ਤੇ ਨੌਕਰੀਆਂ ਅਤੇ ਮੁਲਾਜ਼ਮਾਂ ਨੂੰ ਪੱਕਾ ਕਰਨ ਨਾਲ ਸਬੰਧਤ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਰਹਿਣ ਦੇ ਵੀ ਦੋਸ਼ ਲਾਏ ਅਤੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਵੀ ਮਹਿੰਗਾਈ ਭੱਤੇ (ਡੀ ਏ) ਦੇ ਬਕਾਏ ਲਈ ਅਦਾਲਤਾਂ ਦਾ ਰੁਖ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਬਿੱਟੂ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਅਮਰਜੀਤ ਸਿੰਘ ਮਹਿਤਾ ਅਤੇ ਉਨ੍ਹਾਂ ਦੇ ਪੁੱਤਰ, ਬਠਿੰਡਾ ਦੇ ਸਾਬਕਾ ਮੇਅਰ ਪਦਮਜੀਤ ਸਿੰਘ ਮਹਿਤਾ ਨੂੰ ਬਠਿੰਡਾ ਦੇ "ਸਭ ਤੋਂ ਵੱਡੇ ਧੋਖੇਬਾਜ਼" ਕਰਾਰ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਸਥਾਨਕ 'ਆਪ' ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਗਰ ਨਿਗਮ ਚੋਣਾਂ ਵਿੱਚ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਨਹੀਂ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਗੱਲ ਤੋਂ 'ਆਪ' ਵਰਕਰਾਂ ਨੂੰ ਸਾਫ਼ ਸੁਨੇਹਾ ਮਿਲਦਾ ਹੈ ਕਿ ਉਨ੍ਹਾਂ ਨੂੰ ਕਿਸ ਦੀ ਮਦਦ ਕਰਨੀ ਚਾਹੀਦੀ ਹੈ।
ਵੋਟਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਜਾਂ ਕਾਂਗਰਸ ਦਾ ਸਮਰਥਨ ਨਾ ਕਰਨ ਦੀ ਅਪੀਲ ਕਰਦਿਆਂ ਬਿੱਟੂ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਗਲੀ ਪੰਜਾਬ ਵਿਧਾਨ ਸਭਾ ਚੋਣਾਂ ਸੁਤੰਤਰ ਤੌਰ 'ਤੇ (ਇਕੱਲਿਆਂ) ਲੜੇਗੀ। ਉਨ੍ਹਾਂ ਕਿਹਾ ਕਿ ਸੂਬੇ ਦਾ ਅਜਿਹਾ ਕੋਈ ਹਿੱਸਾ ਨਹੀਂ ਹੈ ਜਿੱਥੇ ਭਾਜਪਾ ਨੇ ਨਗਰ ਨਿਗਮ ਚੋਣਾਂ ਦੇ ਨਾਲ-ਨਾਲ ਪੰਚਾਇਤ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਉਮੀਦਵਾਰ ਨਾ ਉਤਾਰੇ ਹੋਣ।
ਅਕਾਲੀ ਦਲ ਬਾਰੇ ਉਨ੍ਹਾਂ ਕਿਹਾ ਕਿ ਇਹ ਪਾਰਟੀ "ਪਿਛਲੇ ਸਮੇਂ ਵਿੱਚ ਭਾਜਪਾ ਤੋਂ ਬਿਨਾਂ ਕੁਝ ਵੀ ਨਹੀਂ ਸੀ" ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦੇ ਉਮੀਦਵਾਰਾਂ 'ਤੇ ਆਪਣੀਆਂ ਵੋਟਾਂ ਖ਼ਰਾਬ ਨਾ ਕਰਨ।
ਬਿੱਟੂ ਨੇ ਅਫ਼ਸਰਸ਼ਾਹੀ ਅਤੇ ਪੁਲੀਸ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਸਿਆਸੀ ਦਬਾਅ ਹੇਠ ਕੰਮ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਉਹ ਵੋਟਿੰਗ ਵਾਲੇ ਦਿਨ ਬਠਿੰਡਾ ਵਿੱਚ ਹੀ ਰਹਿਣਗੇ ਅਤੇ ਚੋਣਾਂ ਨਾਲ ਸਬੰਧਤ ਕਿਸੇ ਵੀ ਉਲੰਘਣਾ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਕਰਨਗੇ।

