Advertisement
ਨਾਭਾ ਵਿਖੇ ਨਗਰ ਕੌਂਸਲ ਚੋਣਾਂ ਦੌਰਾਨ 23 ਵਾਰਡਾਂ ਵਿੱਚੋਂ ਆਮ ਆਦਮੀ ਪਾਰਟੀ ਨੂੰ 11 ਸੀਟਾਂ ਮਿਲੀਆਂ। ਉੱਥੇ ਹੀ ਕਾਂਗਰਸ ਨੂੰ 5 ਵਾਰਡਾਂ ਵਿੱਚ ਜਿੱਤ ਹਾਸਲ ਹੋਈ, ਜਦਕਿ ਭਾਜਪਾ 3 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ 2 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਇਸ ਦੌਰਾਨ 2 ਆਜ਼ਾਦ ਉਮੀਦਵਾਰ ਵੀ ਜੇਤੂ ਰਹੇ।
ਨਾਭਾ ਵਿਖੇ ਕੁੱਲ 33,037 ਵੋਟਾਂ ਪੋਲ ਹੋਈਆਂ ਸਨ। ਇਨ੍ਹਾਂ ਵਿੱਚੋਂ 10,334 ਵੋਟਾਂ ਆਮ ਆਦਮੀ ਪਾਰਟੀ ਦੇ ਖਾਤੇ ਆਈਆਂ, 9,216 ਵੋਟਾਂ ਕਾਂਗਰਸ ਨੂੰ ਅਤੇ 7,627 ਵੋਟਾਂ ਭਾਜਪਾ ਨੂੰ ਪ੍ਰਾਪਤ ਹੋਈਆਂ। ਸ਼੍ਰੋਮਣੀ ਅਕਾਲੀ ਦਲ ਨੂੰ ਪ੍ਰਾਪਤ ਹੋਈਆਂ 3,451 ਵੋਟਾਂ ਵਿੱਚੋਂ 1,276 ਵੋਟਾਂ ਸਿਰਫ਼ ਇੱਕਲੇ ਵਾਰਡ ਨੰਬਰ 2 ਵਿੱਚੋਂ ਮਿਲੀਆਂ।
ਦੂਜੇ ਪਾਸੇ, ਅੱਜ ਗਿਣਤੀ ਦੌਰਾਨ ਵਾਰਡ ਨੰਬਰ 18 ਦਾ ਨਤੀਜਾ ਲੰਮਾ ਸਮਾਂ ਲਟਕਿਆ ਰਿਹਾ। ਕਾਂਗਰਸੀ ਆਗੂਆਂ ਨੇ ਦਾਅਵਾ ਕੀਤਾ ਕਿ ਗਿਣਤੀ ਦੌਰਾਨ ਉਨ੍ਹਾਂ ਦਾ ਉਮੀਦਵਾਰ ਇੰਦਰਜੀਤ ਸਿੰਘ 9 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ ਸੀ, ਪਰ ਆਮ ਆਦਮੀ ਪਾਰਟੀ ਵੱਲੋਂ ਇਸ ਵਾਰਡ ਦੀ ਵਾਰ-ਵਾਰ ਗਿਣਤੀ ਕਰਵਾਈ ਗਈ ਅਤੇ ਅੰਤ ਵਿੱਚ ਜ਼ਬਰਦਸਤੀ ਕੁਝ ਵੋਟਾਂ ਰੱਦ ਕਰਕੇ ਉਨ੍ਹਾਂ ਦੇ ਉਮੀਦਵਾਰ ਊਧਮਦੀਪ ਸਿੰਘ ਨੂੰ ਜੇਤੂ ਐਲਾਨ ਦਿੱਤਾ ਗਿਆ। ਆਜ਼ਾਦ ਉਮੀਦਵਾਰ ਰਮੇਸ਼ ਕੁਮਾਰ ਨੇ ਵੀ ਕਾਂਗਰਸੀ ਆਗੂਆਂ ਦੇ ਦਾਅਵਿਆਂ ਨਾਲ ਸਹਿਮਤੀ ਜਤਾਈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਦੇ ਗਿਣਤੀ ਏਜੰਟ ਬਾਹਰ ਕੱਢ ਕੇ ਪ੍ਰਸ਼ਾਸਨ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਧੱਕੇਸ਼ਾਹੀ ਕੀਤੀ ਹੈ।
ਉਮੀਦਵਾਰ ਇੰਦਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਦੂਜੀ ਵਾਰ ਗਿਣਤੀ ਮੌਕੇ 2 ਵੋਟਾਂ ਰੱਦ ਕੀਤੀਆਂ ਗਈਆਂ, ਫਿਰ ਵਾਰ-ਵਾਰ ਵੋਟਾਂ ਨੂੰ ਖੋਲ੍ਹ ਕੇ ਵੋਟਾਂ ਰੱਦ ਕਰਦੇ ਗਏ।
Advertisement
ਇਸ ਸਭ ਵਿਚਾਲੇ ਨਾਭਾ ਦੇ ਐੱਸ ਡੀ ਐੱਮ -ਕਮ-ਰਿਟਰਨਿੰਗ ਅਫ਼ਸਰ ਏ ਪੀ ਐੱਸ ਸੋਮਲ ਨੇ ਕਿਹਾ ਕਿ ਵਾਰਡ ਨੰਬਰ 18 ਦੇ ਆਮ ਆਦਮੀ ਪਾਰਟੀ ਦੇ ਗਿਣਤੀ ਏਜੰਟ ਵੱਲੋਂ ਦੁਬਾਰਾ ਗਿਣਤੀ ਦੀ ਮੰਗ ਕੀਤੀ ਗਈ ਸੀ, ਜਿਸ ਵਿੱਚ 'ਆਪ' ਨੂੰ 423 ਅਤੇ ਕਾਂਗਰਸ ਨੂੰ 413 ਵੋਟਾਂ ਮਿਲੀਆਂ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਅਦਾਲਤ ਦਾ ਰੁਖ਼ ਕਰਨ ਦਾ ਐਲਾਨ ਕੀਤਾ।
Advertisement
Advertisement
×

