ਸਿੱਖਿਆ ਖੇਤਰ ਵਿੱਚ ਪੰਜਾਬ ਦੇਸ਼ ’ਚ ਮੋਹਰੀ: ਭਗਵੰਤ ਮਾਨ
ਜ਼ੀਰਾ ਵਿੱਚ ਰੈਲੀ ਦੌਰਾਨ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਗੁਰਪ੍ਰੀਤ ਸੇਖੋਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਇੱਥੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਸੇਖੋਂ ਮੁੱਦਕੀ ਵੱਲੋਂ ਰੱਖੀ ਗਈ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਨੇ ਗੁਰਪ੍ਰੀਤ ਸਿੰਘ ਸੇਖੋਂ ਨੂੰ ਸਿਰੋਪਾ ਭੇਟ ਕਰ ਕੇ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਗੁਰਪ੍ਰੀਤ ਸਿੰਘ ਸੇਖੋਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਭਰੋਸਾ ਦਿਵਾਇਆ। ਮਾਨ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਗੁਰਪ੍ਰੀਤ ਸੇਖੋਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਾਂ ਦਾ ਪਿਆਰ ਬੰਦੇ ਨੂੰ ਅਰਸ਼ਾਂ ’ਤੇ ਲੈ ਜਾਂਦਾ ਹੈ ਤੇ ਮਾੜਾ ਵਿਹਾਰ ਥੱਲੇ ਸੁੱਟ ਦਿੰਦਾ ਹੈ।
ਮੁੱਖ ਮੰਤਰੀ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਕਿਹਾ ਕਿ 2021 ਵਿੱਚ ਸਿੱਖਿਆ ਖੇਤਰ ਵਿੱਚ 27ਵੇਂ ਸਥਾਨ ’ਤੇ ਰਿਹਾ ਪੰਜਾਬ ਹੁਣ ਪ੍ਰਾਇਮਰੀ ਸਿੱਖਿਆ ਵਿੱਚ ਦੇਸ਼ ਵਿੱਚ ਪਹਿਲੇ ਨੰਬਰ ’ਤੇ ਆ ਗਿਆ ਹੈ। ਸਿਹਤ ਸੇਵਾਵਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ’ਤੇ 5 ਕਰੋੜ ਤੋਂ ਵੱਧ ਲੋਕ ਓ ਪੀ ਡੀ ਦਾ ਲਾਭ ਲੈ ਚੁੱਕੇ ਹਨ। ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪੰਜਾਬੀ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ 2022 ਵਿੱਚ 26.5 ਫੀਸਦ ਸਿੰਜਾਈ ਕਵਰੇਜ ਹੁਣ ਵਧ ਕੇ 78 ਫੀਸਦ ’ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ 69,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ’ਤੇ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਪੰਜਾਬ ਵਿੱਚ ਨਸ਼ਾ ਅਤੇ ਗੈਂਗਸਟਰਵਾਦ ਪੈਦਾ ਕਰ ਕੇ ਪੰਜਾਬ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ 95,881 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਜਾਇਦਾਦ ਜ਼ਬਤ ਕੀਤੀ ਗਈ। ਮਾਨ ਨੇ ਦੱਸਿਆ ਕਿ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 74 ਲੱਖ 59 ਹਜ਼ਾਰ ਔਰਤਾਂ ਰਜਿਸਟਰਡ ਹਨ ਅਤੇ 65 ਲੱਖ ਤੋਂ ਵੱਧ ਨੂੰ 2,274 ਕਰੋੜ ਰੁਪਏ ਦੀ ਰਾਸ਼ੀ ਟ੍ਰਾਂਸਫਰ ਕੀਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲਾ ਸਮਾਂ ਪੰਜਾਬ ਨੂੰ ਵਿਕਾਸ ਦੀਆਂ ਨਵੀਆਂ ਬੁਲੰਦੀਆਂ ’ਤੇ ਲੈ ਕੇ ਜਾਵੇਗਾ। ਇਸ ਮੌਕੇ ਗੁਰਪ੍ਰੀਤ ਸਿੰਘ ਸੇਖੋਂ ਵੱਲੋਂ ਸਿਰੋਪਾਓ ਅਤੇ ਕਿਰਪਾਨ ਭੇਟ ਕਰ ਕੇ ਮੁੱਖ ਮੰਤਰੀ ਦਾ ਸਨਮਾਨ ਕੀਤਾ ਗਿਆ। ਗੁਰਪ੍ਰੀਤ ਸਿੰਘ ਸੇਖੋਂ ਨੇ ਮੁੱਖ ਮੰਤਰੀ ਪੰਜਾਬ ਤੋਂ ਤਲਵੰਡੀ ਭਾਈ ਅਤੇ ਮੱਖੂ ਦਾ ਬੱਸ ਸਟੈਂਡ ਬਣਾਉਣ, ਸਰਕਾਰੀ ਕਾਲਜ ਜ਼ੀਰਾ ਵਿੱਚ ਪ੍ਰੋਫੈਸਰਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਕੀਤੀ।
ਇਸ ਦੌਰਾਨ ਗਾਇਕ ਆਰ ਨੇਤ ਨੇ ਆਪਣੇ ਗਾਣਿਆਂ ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ, ਜ਼ਿਲ੍ਹਾ ਪਰਿਸ਼ਦ ਮੈਂਬਰ ਸ਼ੰਕਰ ਕਟਾਰੀਆ, ਅੰਮ੍ਰਿਤ ਪਾਲ ਸਿੰਘ ਸੁੱਖਾਨੰਦ ਵਿਧਾਇਕ ਬਾਘਾ ਪੁਰਾਣਾ, ਦਵਿੰਦਰ ਸਿੰਘ ਲਾਡੀ ਢੋਸ ਵਿਧਾਇਕ ਧਰਮਕੋਟ, ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ, ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ, ਚੁਸਪਿੰਦਰਬੀਰ ਸਿੰਘ ਟਹਿਲ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਮਾਨਸਾ, ਚੇਅਰਮੈਨ ਮਾਰਕਫੈਡ ਪੰਜਾਬ ਇੰਦਰਜੀਤ ਸਿੰਘ ਮਾਨ ਰਾਮਪੁਰਾਫੂਲ, ਰਣਜੀਤ ਸਿੰਘ ਚੀਮਾ ਲੋਕ ਸਭਾ ਇੰਚਾਰਜ, ਚੰਦ ਸਿੰਘ ਗਿੱਲ ਵਿਰਾਸਤ ਸੇਵਾ ਸੁਸਾਇਟੀ, ਹਰਜਿੰਦਰ ਸਿੰਘ ਚੇਅਰਮੈਨ ਪਲੈਨਿੰਗ ਬੋਰਡ ਫਿਰੋਜ਼ਪੁਰ, ਇਕਬਾਲ ਸਿੰਘ ਢਿੱਲੋਂ ਚੇਅਰਮੈਨ ਮਾਰਕੀਟ ਕਮੇਟੀ ਜ਼ੀਰਾ, ਨਗਰ ਕੌਂਸਲ ਜੀਰਾ ਦੇ ਪ੍ਰਧਾਨ ਧਰਮਪਾਲ ਚੁੱਘ, ਨਗਰ ਕੌਂਸਲ ਦੇ ਵਾਈਸ ਪ੍ਰਧਾਨ ਰਾਜੀਵ ਸ਼ਰਮਾ ਭੋਲਾ, ਸੁਖਦੇਵ ਸਿੰਘ ਫੌਜੀ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਕੈਪਟਨ ਨਛੱਤਰ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਮੱਖੂ, ਗੁਰਮਨਦੀਪ ਸਿੰਘ ਖਹਿਰਾ ਹਲਕਾ ਸੰਗਠਨ ਇੰਚਾਰਜ, ਗੁਰਵਿੰਦਰ ਸਿੰਘ ਗੋਰਾ ਯੂਥ ਕੋਆਰਡੀਨੇਟਰ ਹਲਕਾ ਜ਼ੀਰਾ ਤੋਂ ਇਲਾਵਾ ਇਲਾਕੇ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

