Punjab: ਫਾਰਮੇਸੀ ਅਫਸਰ ਦੀ ਪ੍ਰੀਖਿਆ ਦੌਰਾਨ ਹਾਈਟੈੱਕ ਨਕਲ; ਇਲੈਕਟ੍ਰਾਨਿਕ ਉਪਕਰਨਾਂ ਸਣੇ 20 ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਿਆ
ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਇਮਤਿਹਾਨ ਲਿਆ ਜਾ ਰਿਹਾ ਸੀ
ਪੰਜਾਬ ਦੇ ਵੱਕਾਰੀ ਸਰਕਾਰੀ ਇਮਤਿਹਾਨਾਂ ਵਿੱਚ ਨਕਲ ਕਰਵਾਉਣ ਵਾਲੇ ਇੱਕ ਵੱਡੇ ਗੈਂਗ ਦਾ ਪਰਦਾਫ਼ਾਸ਼ ਹੋਇਆ ਹੈ। ਅੱਜ ਇੱਥੇ ਬਾਬਾ ਫ਼ਰੀਦ ਯੂਨੀਵਰਸਿਟੀ ਵੱਲੋਂ ਫਾਰਮੇਸੀ ਅਫ਼ਸਰਾਂ ਦੀ ਭਰਤੀ ਲਈ ਇਮਤਿਹਾਨ ਲਿਆ ਜਾ ਰਿਹਾ ਸੀ, ਜਿਸ ਵਿੱਚ ਕਰੀਬ 40 ਹਜ਼ਾਰ ਉਮੀਦਵਾਰ ਪੇਪਰ ਦੇਣ ਲਈ ਪਹੁੰਚੇ ਹੋਏ ਸਨ। ਇਸੇ ਦੌਰਾਨ ਗੁਪਤ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਫਰੀਦਕੋਟ ਅਤੇ ਕੋਟਕਪੂਰਾ ਦੇ ਪ੍ਰੀਖਿਆ ਕੇਂਦਰਾਂ ਵਿੱਚੋਂ 20 ਵਿਦਿਆਰਥੀ ਫੜੇ ਗਏ ਹਨ।
ਬਰੀਕ ਇਲੈਕਟ੍ਰਾਨਿਕ ਡਿਵਾਈਸਾਂ ਰਾਹੀਂ ਬਾਹਰੋਂ ਕਰਵਾਇਆ ਜਾ ਰਿਹਾ ਸੀ ਪੇਪਰ
ਫੜੇ ਗਏ ਵਿਦਿਆਰਥੀਆਂ ਕੋਲੋਂ ਬੇਹੱਦ ਬਰੀਕ ਇਲੈਕਟ੍ਰਾਨਿਕ ਡਿਵਾਈਸ (ਯੰਤਰ) ਬਰਾਮਦ ਹੋਏ ਹਨ, ਜਿਨ੍ਹਾਂ ਰਾਹੀਂ ਪ੍ਰੀਖਿਆ ਕੇਂਦਰਾਂ ਤੋਂ ਬਾਹਰ ਬੈਠਾ ਗੈਂਗ ਉਨ੍ਹਾਂ ਨੂੰ ਪੇਪਰ ਹੱਲ ਕਰਵਾ ਰਿਹਾ ਸੀ। ਮਿਲੀ ਜਾਣਕਾਰੀ ਅਨੁਸਾਰ, ਗੁਪਤ ਸੂਚਨਾ ਦੇ ਆਧਾਰ ’ਤੇ ਕੁੱਲ 10 ਪ੍ਰੀਖਿਆ ਸੈਂਟਰਾਂ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿੱਚੋਂ ਹੁਣ ਤੱਕ 20 ਵਿਦਿਆਰਥੀਆਂ ਕੋਲੋਂ ਨਕਲ ਮਾਰਨ ਲਈ ਵਰਤੇ ਜਾ ਰਹੇ ਇਹ ਹਾਈਟੈੱਕ ਯੰਤਰ ਬਰਾਮਦ ਕੀਤੇ ਜਾ ਚੁੱਕੇ ਹਨ। ਇਹ ਡਿਵਾਈਸ ਕਥਿਤ ਤੌਰ ’ਤੇ ਨਕਲ ਕਰਵਾਉਣ ਵਾਲੇ ਇੱਕ ਸੰਗਠਿਤ ਗੈਂਗ ਵੱਲੋਂ ਉਮੀਦਵਾਰਾਂ ਨੂੰ ਮੁਹੱਈਆ ਕਰਵਾਏ ਗਏ ਸਨ।
200 ਤੋਂ ਵੱਧ ਉਮੀਦਵਾਰਾਂ ਨੂੰ ਡਿਵਾਈਸ ਵੰਡੇ ਜਾਣ ਦਾ ਖ਼ਦਸ਼ਾ; ਤਲਾਸ਼ੀ ਮੁਹਿੰਮ ਜਾਰੀ
ਸੂਚਨਾ ਮੁਤਾਬਕ ਨਕਲ ਕਰਵਾਉਣ ਵਾਲੇ ਇਸ ਗੈਂਗ ਨੇ 200 ਤੋਂ ਵੱਧ ਵਿਦਿਆਰਥੀਆਂ ਨੂੰ ਇਹ ਡਿਵਾਈਸ ਵੰਡੇ ਹੋਏ ਸਨ, ਪਰ ਚਲਦੇ ਇਮਤਿਹਾਨ ਦੌਰਾਨ ਹੀ ਪੁਲੀਸ ਅਤੇ ਪ੍ਰਸ਼ਾਸਨ ਮੁਸਤੈਦ ਹੋ ਗਿਆ ਅਤੇ ਇਸ ਪੂਰੇ ਗੋਰਖਧੰਦੇ ਦਾ ਪਰਦਾਫ਼ਾਸ਼ ਹੋ ਗਿਆ। ਵੱਖ-ਵੱਖ ਪ੍ਰੀਖਿਆ ਕੇਂਦਰਾਂ ਦੇ ਅੰਦਰ ਸ਼ੱਕੀ ਵਿਦਿਆਰਥੀਆਂ ਦੀ ਸਖ਼ਤੀ ਨਾਲ ਤਲਾਸ਼ੀ ਲੈਣ ਦਾ ਕੰਮ ਲਗਾਤਾਰ ਜਾਰੀ ਹੈ।

