ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 11 ਅਗਸਤ
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਕਰੋਨਾਵਾਇਰਸ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਸੂਬੇ ਦੀਆਂ ਜੇਲ੍ਹਾਂ ਵਿੱਚ ਸਿਹਤ ਸੁਰੱਖਿਆ ਯਕੀਨੀ ਬਣਾਉਣ ਲਈ ਕੈਦੀਆਂ ਦੀ ਅਧਿਕਾਰਤ ਸਮਰੱਥਾ 50 ਫੀਸਦੀ ਤੱਕ ਲਿਆਉਣ ਦਾ ਫੈਸਲਾ ਕੀਤਾ ਹੈ, ਤਾਂ ਜੋ ਜੇਲ੍ਹਾਂ ਵਿੱਚ ਸਮਾਜਿਕ ਦੂਰੀ ਨੇਮਾਂ ਦੀ ਪਾਲਣਾ ਹਿੱਤ ਕੈਦੀਆਂ ਨੂੰ ਇਕਾਂਤਵਾਸ ਵਾਸਤੇ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਈ ਜਾ ਸਕੇ। ਇਸ ਫੈਸਲੇ ਤਹਿਤ 3500 ਤੋਂ 4000 ਤੱਕ ਹੋਰ ਕੈਦੀਆਂ ਨੂੰ ਛੱਡਿਆ ਜਾਵੇਗਾ ਜਦੋਂਕਿ ਇਸ ਤੋਂ ਪਹਿਲਾਂ 9500 ਕੈਦੀ ਰਿਹਆ ਕੀਤੇ ਜਾ ਚੁੱਕੇ ਹਨ। ਜੇਲ੍ਹ ਮੰਤਰੀ ਨੇ ਦੱਸਿਆ ਕਿ ਇਹ ਕਾਰਵਾਈ ਤਾਲਾਬੰਦੀ ਦੀਆਂ ਬੰਦਿਸ਼ਾਂ ਵਿੱਚ ਢਿੱਲ, ਅਪਰਾਧ ਦਰ ਤੇ ਨਵੇਂ ਕੈਦੀਆਂ ਦੀ ਆਮਦ ਵਧਣ ਕਾਰਨ ਕੀਤੀ ਜਾ ਰਹੀ ਹੈ, ਜਿਸ ਸਬੰਧੀ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਬਣਾਈ ਗਈ ਉੱਚ ਤਾਕਤੀ ਕਮੇਟੀ ਵੱਲੋਂ ਸਿਫਾਰਸ਼ਾਂ ਕੀਤੀਆਂ ਗਈਆਂ ਹਨ।
ਜੇਲ੍ਹ ਮੰਤਰੀ ਨੇ ਆਖਿਆ ਕਿ ਵਿਸ਼ੇਸ਼ ਜੇਲ੍ਹਾਂ ਵਿੱਚ ਕੈਦੀਆਂ ਦੀ ਆਮਦ ਕਰੀਬ 3000 ਕੈਦੀ ਪ੍ਰਤੀ ਮਹੀਨਾ ਹੈ। ਇਸ ਵੇਲੇ ਸੂਬੇ ਦੀਆਂ ਜੇਲ੍ਹਾਂ ਵਿੱਚ 17500 ਕੈਦੀ ਹਨ ਜੋ ਕੁੱਲ ਸਮਰੱਥਾ ਦਾ 73 ਫੀਸਦੀ ਹੈ। ਹੁਣ ਤੱਕ 449 ਕੈਦੀ ਤੇ 77 ਜੇਲ੍ਹ ਕਰਮੀਆਂ ਦਾ ਕੋਵਿਡ ਟੈਸਟ ਪਾਜ਼ੇਟਿਵ ਆਇਆ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕੇਸ ਮਈ ਅੱਧ ਵਿੱਚ ਸ਼ੁਰੂ ਕੀਤੇ ਸਾਰੇ ਕੈਦੀਆਂ ਦੇ ਦੋ ਪੜਾਵੀਂ ਟੈਸਟਾਂ ਕਾਰਨ ਪਿਛਲੇ ਕੁਝ ਹਫਤਿਆਂ ਦੌਰਾਨ ਆਏ ਹਨ। ਸ੍ਰੀ ਰੰਧਾਵਾ ਨੇ ਉਚ ਤਾਕਤੀ ਕਮੇਟੀ ਦੀ ਤੀਜੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਜੇਲ੍ਹਾਂ ਵਿੱਚ ਭੀੜ-ਭੜੱਕਾ ਘਟਾਉਣ ਲਈ ਅਧਿਕਾਰਤ ਸਮਰੱਥਾ ਨੂੰ 50 ਫੀਸਦੀ ਤੱਕ ਲਿਆਂਦਾ ਜਾਵੇ।