ਚੰਡੀਗੜ੍ਹ, 22 ਅਕਤੂਬਰ
ਪੰਜਾਬ ਵਿਚ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਵਿਵਾਦ ਵਧਦਾ ਹੀ ਜਾ ਰਿਹਾ ਹੈ। ਕੈਪਟਨ ਦੇ ਕਾਂਗਰਸ ਖਿਲਾਫ਼ ਬੋਲਣ ਤੋਂ ਬਾਅਦ ਪੰਜਾਬ ਕਾਂਗਰਸ ਕੈਪਟਨ ਖਿਲਾਫ਼ ਲਾਮਬੰਦ ਹੋ ਗਈ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਆਰੂਸਾ ਆਲਮ ਦੇ ਆਈਐਸਆਈ ਨਾਲ ਸਬੰਧਾਂ ਦੀ ਜਾਂਚ ਕੀਤੀ ਜਾਵੇਗੀ। ਇਸ ਸਬੰਧੀ ਉਹ ਡੀਜੀਪੀ ਇਕਬਾਲਪ੍ਰੀਤ ਸਹੋਤਾ ਨੂੰ ਹੁਕਮ ਦੇਣਗੇ। ਉਨ੍ਹਾਂ ਕਿਹਾ ਕਿ ਆਰੂਸਾ ਬਾਰੇ ਕਈ ਗੱਲਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ। ਸ੍ਰੀ ਰੰਧਾਵਾ ਨੇ ਕਿਹਾ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਚਾਰ ਸਾਲ ਮੁੱਖ ਮੰਤਰੀ ਰਹੇ ਤਾਂ ਸਭ ਕੁਝ ਠੀਕ ਰਿਹਾ ਪਰ ਜਦ ਕੁਰਸੀ ਗਈ ਤਾਂ ਪੰਜਾਬ ਨੂੰ ਪਾਕਿਸਤਾਨ ਤੋਂ ਖਤਰਾ ਖੜ੍ਹਾ ਹੋ ਗਿਆ। ਇਹ ਖਤਰਾ ਉਦੋਂ ਕਿਉਂ ਖੜ੍ਹਾ ਨਹੀਂ ਹੋਇਆ ਜਦੋਂ ਆਰੂਸਾ ਆਲਮ ਚੰਡੀਗੜ੍ਹ ਸਥਿਤ ਸਰਕਾਰੀ ਘਰ ਵਿਚ ਰਹਿੰਦੀ ਰਹੀ।