Punjab Electricity Crisis: ਨਿਰਵਿਘਨ ਬਿਜਲੀ ਸਪਲਾਈ ਨਾ ਮਿਲਣ ’ਤੇ ਬਿਜਲੀ ਗਰਿੱਡ ਘੇਰਿਆ
ਕਿਸਾਨਾਂ ਨੇ ਅੱਠ ਘੰਟੇ ਸਪਲਾਈ ਨਾ ਦੇਣ ਦੇ ਦੋਸ਼ ਲਾਏ
Punjab Electricity Crisis: ਪੰਜਾਬ ਸਰਕਾਰ ਦੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਉਸ ਸਮੇਂ ਫੂਕ ਨਿਕਲ ਗਈ, ਜਦੋਂ ਖੇਤੀ ਸੈਕਟਰ ਨੂੰ ਪੂਰੀ ਬਿਜਲੀ ਸਪਲਾਈ ਨਾ ਮਿਲਣ ਤੋਂ ਨਾਰਾਜ਼ ਪਿੰਡ ਦਰਾਜ ਦੀ ਕਿਸਾਨ ਜਥੇਬੰਦੀ ਨੇ ਤਪਾ ਬਿਜਲੀ ਗਰਿਡ ਘੇਰ ਕੇ ਧਰਨਾ ਦਿੱਤਾ ਤੇ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਰਾਜ ਪਿੰਡ ਇਕਾਈ ਦੇ ਪ੍ਰਧਾਨ ਬਲਦੇਵ ਸਿੰਘ, ਖਜ਼ਾਨਚੀ ਅੰਗਰੇਜ਼ ਸਿੰਘ, ਭੁਪਿੰਦਰ ਸਿੰਘ, ਬਿੰਦਰ ਸਿੰਘ, ਬੇਅੰਤ ਸਿੰਘ, ਗੁਰਦਾਸ ਸਿੰਘ, ਗੁਰਚਰਨ ਸਿੰਘ ਆਦਿ ਕਿਸਾਨਾਂ ਦਾ ਕਹਿਣਾ ਸੀ ਕਿ ਮਾੜੀ ਬਿਜਲੀ ਸਪਲਾਈ ਕਾਰਨ ਜਿੱਥੇ ਖੇਤਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ ਉੱਥੇ ਬਿਜਲੀ ਦੀ ਘਾਟ ਕਾਰਨ ਪਾਣੀ ਤੋਂ ਬਿਨਾਂ ਫ਼ਸਲਾਂ ਦੇ ਖ਼ਰਾਬ ਹੋਣ ਦਾ ਉਨ੍ਹਾਂ ਨੂੰ ਭਾਰੀ ਖ਼ਦਸ਼ਾ ਹੈ।
ਉਨ੍ਹਾਂ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਤੇ ਸਰਕਾਰ ਦੇ ਨੁਮਾਇਦਿਆਂ ਵੱਲੋਂ ਰੋਜ਼ਾਨਾ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਲਈ ਅੱਠ ਘੰਟੇ ਬਿਜਲੀ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਪਿਛਲੇ ਲਗਪਗ ਇੱਕ ਮਹੀਨੇ ਤੋਂ ਖੇਤੀਬਾੜੀ ਲਈ ਕੇਵਲ ਤਿੰਨ ਤੋਂ ਚਾਰ ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ,ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਅੱਠ ਘੰਟਿਆਂ ਦੀ ਥਾਂ ਚਾਰ ਪੰਜ ਘੰਟੇ ਬਿਜਲੀ ਸਪਲਾਈ ਦੇ ਕੇ ਵਿਭਾਗ ਵੱਲੋਂ ਬੁੱਤਾ ਸਾਰਿਆ ਜਾ ਰਿਹਾ ਹੈ।
ਅਜਿਹੇ ਹਾਲਾਤ 'ਚ ਮਜਬੂਰੀ ਵੱਸ ਉਨਾਂ ਨੂੰ ਦੁਪਹਿਰੇ ਕੰਮ ਕਾਰ ਛੱਡ ਕੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਝੋਨੇ ਦੀ ਫਸਲ ਨੂੰ ਪਾਣੀ ਨਾ ਮਿਲਣ ਕਰਕੇ ਉਨ੍ਹਾਂ ਦੀਆਂ ਫਸਲਾਂ ਸੁੱਕਣ ਲੱਗ ਪਈਆਂ ਹਨ। ਉਨ੍ਹਾਂ ਆਖਿਆ ਕਿ ਘੱਟ ਬਿਜਲੀ ਸਪਲਾਈ ਮਿਲਣ ਅਤੇ ਬਾਰਸ਼ ਨਾ ਹੋਣ ਕਾਰਨ ਪਹਿਲਾਂ ਹੀ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਸੂਬਾ ਸਰਕਾਰ ਅਤੇ ਪਾਵਰਕੌਮ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਨੂੰ ਪੂਰੀ ਅੱਠ ਘੰਟੇ ਨਿਰੰਤਰ ਬਿਜਲੀ ਦੀ ਸਪਲਾਈ ਨਾ ਦਿੱਤੀ ਗਈ ਤਾਂ ਉਹ ਮੁੱਖ ਮਾਰਗ ’ਤੇ ਧਰਨਾ ਲਗਾਉਣ ਲਈ ਮਜਬੂਰ ਹੋਣਗੇ।
ਜਦ ਇਸ ਸਬੰਧੀ ਪਾਵਰਕੌਮ ਤਪਾ -1 ਦੇ ਐਸ.ਡੀ.ਓ ਰਾਮ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਿੱਛੋਂ ਤੋਂ ਹੀ ਪਾਵਰ ਕੱਟ ਲੱਗਣ ਕਾਰਨ ਬਿਜਲੀ ਦੀ ਇਹ ਸਮੱਸਿਆ ਆ ਰਹੀ ਹੈ। ਫਿਰ ਵੀ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਕਿਸਾਨਾਂ ਦੀ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਕਰਵਾਉਣਗੇ। ਇਸ ਮੌਕੇ ਜਥੇਬੰਦੀ ਦੇ ਰੇਸ਼ਮ ਸਿੰਘ, ਸਤਨਾਮ ਸਿੰਘ, ਜਗਸੀਰ ਸਿੰਘ, ਬੂਟਾ ਸਿੰਘ, ਮਨੀ ਸਿੰਘ ਮੌਜੂਦ ਸਨ।

