Punjab ED Raids: Pathankot ’ਚ ED ਦੇ ਪੰਜ ਥਾਵਾਂ ’ਤੇ ਛਾਪੇ; ਇਲਾਕੇ ’ਚ ਮਚਿਆ ਹੜਕੰਪ
ਤਾਰਾਗੜ੍ਹ ਵਿੱਚ ਸਾਬਕਾ ਸਰਪੰਚ, ਪ੍ਰਾਪਰਟੀ ਡੀਲਰ ਅਤੇ ਸਟੋਨ ਕਰੱਸ਼ਰ ਕਾਰੋਬਾਰੀਆਂ ਦੇ ਟਿਕਾਣਿਆਂ ਦੀ ਜਾਂਚ ਸ਼ੁਰੂ
ਪਠਾਨਕੋਟ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਅਚਨਚੇਤ ਛਾਪੇਮਾਰੀ ਨਾਲ ਹਲਚਲ ਮੱਚ ਗਈ। ਈਡੀ (ED) ਦੀਆਂ ਟੀਮਾਂ ਨੇ ਜ਼ਿਲ੍ਹੇ ਦੀਆਂ ਕੁੱਲ ਪੰਜ ਥਾਵਾਂ ’ਤੇ ਇੱਕੋ ਸਮੇਂ ਇਹ ਕਾਰਵਾਈ ਸ਼ੁਰੂ ਕੀਤੀ।
ਪ੍ਰਾਪਤ ਜਾਣਕਾਰੀ ਅਨੁਸਾਰ, ਵਿਧਾਨ ਸਭਾ ਹਲਕਾ ਭੋਆ ਦੇ ਅਧੀਨ ਪੈਂਦੇ ਪਿੰਡ ਤਾਰਾਗੜ੍ਹ ਵਿੱਚ ਇੱਕ ਸਾਬਕਾ ਸਰਪੰਚ ਅਤੇ ਪ੍ਰਾਪਰਟੀ ਡੀਲਰ ਦੇ ਘਰ ’ਤੇ ਛਾਪਾ ਮਾਰਿਆ ਗਿਆ। ਇਸ ਦੇ ਨਾਲ ਹੀ, ਸਟੋਨ ਕਰੱਸ਼ਰ ਉਦਯੋਗ ਨਾਲ ਜੁੜੇ ਦੋ ਵੱਡੇ ਕਾਰੋਬਾਰੀਆਂ ਦੇ ਚਾਰ ਹੋਰ ਟਿਕਾਣਿਆਂ ’ਤੇ ਵੀ ਈਡੀ ਦੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਰਿਕਾਰਡ ਅਤੇ ਦਸਤਾਵੇਜ਼ ਖੰਗਾਲੇ; ਕਾਰਨ ਅਜੇ ਸਪੱਸ਼ਟ ਨਹੀਂ
ਇਸ ਕਾਰਵਾਈ ਦੌਰਾਨ ਈਡੀ ਦੇ ਅਧਿਕਾਰੀਆਂ ਵੱਲੋਂ ਅਹਿਮ ਦਸਤਾਵੇਜ਼ਾਂ ਅਤੇ ਵਿੱਤੀ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਹਾਲਾਂਕਿ, ਇਹ ਛਾਪੇਮਾਰੀ ਕਿਸ ਖ਼ਾਸ ਮਾਮਲੇ ਜਾਂ ਕੇਸ ਦੇ ਸਬੰਧ ਵਿੱਚ ਕੀਤੀ ਗਈ ਹੈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਅਤੇ ਨਾ ਹੀ ਈਡੀ ਵੱਲੋਂ ਕੋਈ ਬਿਆਨ ਜਾਰੀ ਕੀਤਾ ਗਿਆ ਹੈ। ਛਾਪੇਮਾਰੀ ਦੀ ਖ਼ਬਰ ਫੈਲਦੇ ਸਾਰ ਹੀ ਸਬੰਧਿਤ ਇਲਾਕਿਆਂ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ ਅਤੇ ਸਾਰਾ ਦਿਨ ਇਸ ਕਾਰਵਾਈ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਰਹੀਆਂ। ਉਮੀਦ ਜਤਾਈ ਜਾ ਰਹੀ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਈਡੀ ਵੱਲੋਂ ਸਥਿਤੀ ਸਪੱਸ਼ਟ ਕੀਤੀ ਜਾਵੇਗੀ।

