Punjab Drug Row: ਨਸ਼ੇ ਵੇਚਣ ਤੋਂ ਰੋਕਣ ਉੱਤੇ ਹਮਲਾ, ਇੱਕ ਨੇ ਤੋੜਿਆ ਦਮ, ਤਿੰਨ ਜ਼ਖ਼ਮੀ
ਪੁਲੀਸ ਨੇ ਨਕਾਰੀ ਨਸ਼ੇ ਵੇਚਣ ਦੀ ਗੱਲ
ਇੱਥੋਂ ਥੋੜ੍ਹੀ ਦੂਰ ਪਿੰਡ ਮਾੜੀ ਪੰਨੂਆਂ ਵਿੱਚ ਪਿੰਡ ਵਿੱਚ ਨਸ਼ੇ ਵੇਚਣ ਤੋਂ ਰੋਕਣ ਲਈ ਹੋਈ ਤਕਰਾਰ ਵਿੱਚ ਤਿੰਨ ਨੌਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਦੋ ਨੌਜਵਾਨ ਹਸਪਤਾਲ ਦਾਖ਼ਲ ਹਨ।
ਪਿੰਡ ਦੇ ਸਰਪੰਚ ਸੁਰਿੰਦਰਪਾਲ ਸਿੰਘ ਬਾਜਵਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਵਿੱਚ ਨਸ਼ੇ ਵੇਚੇ ਜਾ ਰਹੇ ਹਨ। ਜਦੋਂ ਬਿਕਰਮਜੀਤ ਸਿੰਘ, ਨਿਸ਼ਾਨ ਸਿੰਘ ਅਤੇ ਗੁਰਮੁੱਖ ਸਿੰਘ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਨ੍ਹਾਂ ਨੇ ਤਿੱਖੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀਆਂ ਵਿੱਚੋਂ ਬਿਕਰਮਜੀਤ ਸਿੰਘ (40) ਦੀ ਮੌਤ ਹੋ ਗਈ।
ਉੱਧਰ, ਸ੍ਰੀ ਹਰਗੋਬਿੰਦਪੁਰ ਦੇ ਡੀਐਸਪੀ ਮਨੋਜ ਕੁਮਾਰ ਨੇ ਨਸ਼ੇ ਵੇਚਣ ਤੋਂ ਰੋਕਣ ਉੱਤੇ ਹੋਏ ਕਤਲ ਨੂੰ ਅਫ਼ਵਾਹ ਦੱਸਿਆ। ਉਨ੍ਹਾਂ ਦੱਸਿਆ ਕਿ ਅਸਲ ਵਿੱਚ ਮੋਬਾਈਲ ਗੁੰਮ ਹੋਣ ਕਾਰਨ ਇੱਕ-ਦੂਸਰੇ ਉੱਤੇ ਇਲਜ਼ਾਮ ਲਗਾਏ ਗਏ, ਸਿੱਟੇ ਵਜੋਂ ਖ਼ੂਨੀ ਝੜਪ ਵਿੱਚ ਇੱਕ ਦੀ ਮੌਤ ਹੋ ਗਈ। ਡੀਐਸਪੀ ਨੇ ਦੱਸਿਆ ਕਿ ਪਿੰਡਾਂ ਵਿੱਚ ਨਸ਼ਿਆਂ ਉੱਤੇ ਹੁਣ ਕਾਫ਼ੀ ਹੱਦ ਤੱਕ ਕੰਟਰੋਲ ਕਰ ਲਿਆ ਹੈ। ਉਨ੍ਹਾਂ ਨਸ਼ਿਆਂ ਦੇ ਸੌਦਾਗਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਗੱਲ ਦੁਹਰਾਈ।
ਜਾਣਕਾਰੀ ਮੁਤਾਬਕ, ਭਾਮ ਹਸਪਤਾਲ ਵਿੱਚ ਦਾਖ਼ਲ ਜ਼ਖ਼ਮੀ ਗੁਰਮੁੱਖ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁਝ ਲੋਕ ਉਨ੍ਹਾਂ ਦੀ ਗਲੀ ਵਿੱਚੋਂ ਨਸ਼ੇ ਵੇਚਦੇ ਹਨ, ਜਿਸ ਕਾਰਨ ਧੀਆਂ-ਭੈਣਾਂ ਦਾ ਗਲੀ ਵਿੱਚੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਨ੍ਹਾਂ ਹਮਲਾ ਕਰ ਦਿੱਤਾ। ਉਨ੍ਹਾਂ ਕੁਝ ਹਮਲਾਵਰ ਪਿੰਡ ਤੋਂ ਬਾਹਰ ਦੇ ਹੋਣ ਦੀ ਗੱਲ ਵੀ ਆਖੀ।
ਥਾਣਾ ਸ੍ਰੀ ਹਰਗੋਬਿੰਦਪੁਰ ਦੇ ਮੁਖੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਉੱਤੇ ਪੁਲੀਸ ਮੌਕੇ ਉੱਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਮੁਲਜ਼ਮਾਂ ਨੂੰ ਜਲਦੀ ਕਾਬੂ ਕਰਨ ਅਤੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਦੱਸਣਯੋਗ ਹੈ ਕਿ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਕੁਝ ਪਿੰਡਾਂ ਦੀਆਂ ਪੰਚਾਇਤਾਂ ਨੇ ਲੰਘੇ ਦਿਨ ਨਸ਼ਿਆਂ ਵਿਰੁੱਧ ਮਤੇ ਪਾਏ ਗਏ ਹਨ। ਉਂਝ ਪਿੰਡਾਂ, ਕਸਬਿਆਂ ਦੇ ਮੋਹਤਬਰਾਂ ਵੱਲੋਂ ਸਮੇਂ-ਸਮੇਂ ਉੱਤੇ ਨਸ਼ੇ ਵਿਕਣ ਦੀ ਗੱਲ ਅਕਸਰ ਆਖੀ ਜਾਂਦੀ ਹੈ।

