ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਰਚ-2026 ਦੀਆਂ ਬੋਰਡ ਪ੍ਰੀਖਿਆਵਾਂ ਲਈ ਮੁਲਾਂਕਣ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਕੀਤਾ ਹੈ। ਇਸ ਦੇ ਤਹਿਤ ਪੰਜਾਬ ਸਕੂਲ ਸਿੱਖਿਆ ਬੋਰਡ (ਪੀ ਐੱਸ ਈ ਬੀ) ਨੇ ਆਨਸਕਰੀਨ ਮਾਰਕਿੰਗ ਪ੍ਰਣਾਲੀ ਲਾਗੂ ਕਰਨ ਦੀ ਤਿਆਰੀ ਮੁਕੰਮਲ ਕਰ ਲਈ ਹੈ।
ਇਸ ਪ੍ਰਣਾਲੀ ਨਾਲ ਅਧਿਆਪਕ ਸਕੈਨ ਕੀਤੀਆਂ ਉੱਤਰ ਪੱਤਰੀਆਂ ਦਾ ਕੰਪਿਊਟਰ ਉੱਤੇ ਮੁਲਾਂਕਣ ਕਰ ਸਕਣਗੇ ਅਤੇ ਸਾਫਟਵੇਅਰ ਰਾਹੀਂ ਅੰਕਾਂ ਦੀ ਗਿਣਤੀ ਆਪਣੇ-ਆਪ ਹੋਵੇਗੀ ਜਿਸ ਨਾਲ ਨਤੀਜੇ ਤੇਜ਼ ਅਤੇ ਸਹੀ ਤਰੀਕੇ ਨਾਲ ਜਾਰੀ ਹੋਣਗੇ।
ਸਿੱਖਿਆ ਮੰਤਰੀ ਨੇ ਦੱਸਿਆ ਕਿ ਸਤੰਬਰ 2025 ਦੀ ਸਪਲੀਮੈਂਟਰੀ ਪ੍ਰੀਖਿਆ ਦੌਰਾਨ 23,000 ਉੱਤਰ ਪੱਤਰੀਆਂ ਦਾ ਡਿਜੀਟਲ ਮੁਲਾਂਕਣ ਕੀਤਾ ਗਿਆ ਹੈ।
ਸਿੱਖਿਆ ਬੋਰਡ ਇਸ ਸਾਲ ਮੈਟ੍ਰਿਕ ਪ੍ਰੀਖਿਆ ਦੇ ਇੱਕ ਵਿਸ਼ੇ ਵਿੱਚ ਆਨਸਕਰੀਨ ਮਾਰਕਿੰਗ ਪ੍ਰਣਾਲੀ ਲਾਗੂ ਕਰੇਗਾ ਅਤੇ ਆਉਣ ਵਾਲੇ ਸੈਸ਼ਨਾਂ ਵਿੱਚ ਇਸ ਦਾ ਵਿਸਥਾਰ ਕੀਤਾ ਜਾਵੇਗਾ। ਨਵੀਂ ਡਿਜ਼ਾਈਨ ਕੀਤੀ ਗਈ ਉੱਤਰ ਪੱਤਰੀ ਦੇ ਹਰ ਪੰਨੇ ਵਿੱਚ ਇੱਕ ਵਿਲੱਖਣ ਕਿਊ ਆਰ ਕੋਡ ਹੈ। ਇਸ ਨਾਲ ਸੁਰੱਖਿਅਤ ਸਕੈਨਿੰਗ
ਅਤੇ ਨਿਰਵਿਘਨ ਡਿਜੀਟਲ ਪ੍ਰਾਸੈਸਿੰਗ ਸੰਭਵ ਹੋਵੇਗੀ।
ਤਕਨੀਕੀ ਅਤੇ ਪ੍ਰਬੰਧਕੀ ਤਿਆਰੀਆਂ ਮੁਕੰਮਲ: ਅਮਰਪਾਲ ਸਿੰਘ
ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇਸ ਪਹਿਲ ਪਿੱਛੇ ਵਿਦਿਆਰਥੀਆਂ ਨੂੰ ਤਰਜੀਹ ਦੇਣ ਸਬੰਧੀ ਦ੍ਰਿਸ਼ਟੀਕੋਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੋਰਡ ਨੇ ਮਾਰਚ 2026 ਵਿੱਚ ਆਨਸਕਰੀਨ ਮਾਰਕਿੰਗ ਸਿਸਟਮ ਦੀ ਸ਼ੁਰੂਆਤ ਸਬੰਧੀ ਸਾਰੀਆਂ ਤਕਨੀਕੀ ਅਤੇ ਪ੍ਰਬੰਧਕੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

