DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab BJP Elections: ਭਾਜਪਾ ਸਾਰੀਆਂ 117 ਸੀਟਾਂ ’ਤੇ ਚੋਣ ਲੜੇਗੀ: ਸੰਤੋਸ਼

ਪਾਰਟੀ ਆਗੂਆਂ ਨੂੰ ਪੂਰੀ ਤਾਕਤ ਨਾਲ ਡਟਣ ਲੲਂੀ ਕਿਹਾ

  • fb
  • twitter
  • whatsapp
  • whatsapp
featured-img featured-img
ਪਟਿਆਲਾ ’ਚ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਭਾਜਪਾ ਦੀ ਮੀਟਿੰਗ ਵਿੱਚ ਹਾਜ਼ਰ ਬੀ ਐੱਲ ਸੰਤੋਸ਼, ਸੂਬਾਈ ਪ੍ਰਧਾਨ ਕੇਵਲ ਸਿੰਘ ਢਿੱਲੋਂ ਅਤੇ ਸੰਗਠਨ ਮੰਤਰੀ ਸ੍ਰੀਨਿਵਾਸੂਲੂ। -ਫੋਟੋ: ਰਾਜੇਸ਼ ਸੱਚਰ
Advertisement

Punjab BJP Elections: ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ ਐੱਸ ਸੰਤੋਸ਼ ਨੇ ਪੰਜਾਬ ਦੇ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸਪੱਸ਼ਟ ਸੁਨੇਹਾ ਦਿੱਤਾ ਹੈ ਕਿ ਉਹ ਆਗਾਮੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ 117 ਸੀਟਾਂ ਨੂੰ ਧਿਆਨ ’ਚ ਰੱਖ ਕੇ ਪੂਰੀ ਤਾਕਤ ਤੇ ਇਕਜੁੱਟਤਾ ਨਾਲ ਤਿਆਰੀਆਂ ਵਿੱਚ ਜੁਟ ਜਾਣ। ਉਹ ਇੱਥੇ ਅਮਰ ਆਸ਼ਰਮ ਵਿਖੇ ਭਾਜਪਾ ਅਹੁਦੇਦਾਰਾਂ ਦੀ ਮੀਟਿੰਗ ਵਿੱਚ ਨੂੰ ਸੰਬੋਧਨ ਕਰ ਰਹੇ ਸਨ| ਭਾਜਪਾ ਦੇ ਅਹਿਮ ਰਣਨੀਤੀਕਾਰਾਂ ’ਚੋਂ ਇੱਕ ਸੰਤੋਸ਼ ਨੇ ਚੋਣਾਂ ਬਾਰੇ ਬਿਆਨ ਦੇ ਕੇ ਅਕਾਲੀ ਦਲ-ਭਾਜਪਾ ਗੱਠਜੋੜ ਦੀ ਛਿੜੀ ਚਰਚਾ ਨੂੰ ਇੱਕ ਵਾਰ ਵਿਰਾਮ ਦੇਣ ਦੀ ਕੋਸ਼ਿਸ਼ ਕੀਤੀ ਹੈ| ਉਨ੍ਹਾਂ ਇਹ ਵੀ ਆਖਿਆ ਕਿ 2027 ’ਚ ਪੰਜਾਬ ’ਚ ਕਮਲ ਜ਼ਰੂਰ ਖਿੜੇਗਾ| ਉਨ੍ਹਾਂ ਬੂਥ ਪੱਧਰ ’ਤੇ ਭਾਜਪਾ ਨੂੰ ਮਜ਼ਬੂਤ ਬਣਾਉਣ ਦਾ ਸੱਦਾ ਵੀ ਦਿੱਤਾ|

ਮੀਟਿੰਗ ਦੌਰਾਨ ਸੰਤੋਸ਼ ਨੇ ਜ਼ਿਲ੍ਹਾ ਪ੍ਰਧਾਨਾਂ ਅਤੇ ਵਰਕਰਾਂ ਤੋਂ ਜਥੇਬੰਦਕ ਗਤੀਵਿਧੀਆਂ ਦਾ ਵੇਰਵਾ ਲੈਂਦਿਆਂ ਪਾਰਟੀ ਦੇ ਆਧਾਰ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ| ਮੀਟਿੰਗ ’ਚ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ, ਪੰਜਾਬ ਮਾਮਲਿਆਂ ਇੰਚਾਰਜ ਪ੍ਰੋ. ਨਰਿੰਦਰ ਸਿੰਘ ਰੈਣਾ, ਸੰਗਠਨ ਮੰਤਰੀ ਸ੍ਰੀਨਿਵਾਸੁਲੂ, ਸੂਬਾ ਜਨਰਲ ਸਕੱਤਰ ਅਨੀਲ ਸਰੀਨ, ਪਰਨੀਤ ਕੌਰ, ਜੈਇੰਦਰ ਕੌਰ, ਗੁਰਜੀਤ ਸਿੰਘ ਕੋਹਲੀ, ਗੁਰਤੇਜ ਸਿੰਘ ਢਿੱਲੋਂ, ਕੰਵਰਵੀਰ ਸਿੰਘ ਟੌਹੜਾ, ਰਮੇਸ਼ ਗੋਇਲ ਡਕਾਲਾ, ਚਰਨਜੀਤ ਸਿੰਘ ਬਰਾੜ, ਹਰਵਿੰਦਰ ਸਿੰਘ ਹਰਪਾਲਪੁਰ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ। ਮੀਟਿੰਗ ਦੌਰਾਨ ਬੀਬਾ ਜੈਇੰਦਰ ਕੌਰ ਨੇ ਸਥਾਨਕ ਪ੍ਰਸ਼ਾਸਨ ’ਤੇ ਭਾਜਪਾ ਦੇ ਲਗਾਏ ਫਲੈਕਸ ਬੋਰਡ ਅਤੇ ਝੰਡੇ ਹਟਾਉਣ ਦਾ ਮੁੱਦਾ ਵੀ ਉਠਾਇਆ|

Advertisement

ਸਿਆਸੀ ਗੱਠਜੋੜ: ਅੰਦਰੂਨੀ ਤੌਰ ’ਤੇ ਪੱਕਣ ਲੱਗੀ ਖਿਚੜੀ

ਚੰਡੀਗੜ੍ਹ (ਚਰਨਜੀਤ ਭੁੱਲਰ): ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਨੂੰ ਲੈ ਕੇ ਅੰਦਰੂਨੀ ਤੌਰ ’ਤੇ ਸਿਆਸੀ ਖਿਚੜੀ ਪੱਕਣ ਲੱਗ ਪਈ ਹੈ। ਬਾਹਰੀ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਗੱਠਜੋੜ ਲਈ ਕਾਹਲਾ ਜਾਪਦਾ ਹੈ, ਜਦੋਂ ਕਿ ਭਾਜਪਾ ਲਗਾਤਾਰ ਗੱਠਜੋੜ ਪ੍ਰਤੀ ਸੰਜਮੀ ਨੀਤੀ ’ਤੇ ਚੱਲ ਰਹੀ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ (ਸੰਗਠਨ) ਬੀ ਐੱਲ ਸੰਤੋਸ਼ ਨੇ ਅੱਜ ਪਟਿਆਲਾ ’ਚ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ 117 ਹਲਕਿਆਂ ’ਚ ਆਪਣੇ ਦਮ ’ਤੇ ਲੜੇਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਨ੍ਹਾਂ ਦਾ ਗੱਠਜੋੜ ਪੰਜਾਬ ਦੇ ਲੋਕਾਂ ਨਾਲ ਹੋਵੇਗਾ।

Advertisement

ਇਹੋ ਗੱਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਕਈ ਵਾਰ ਆਖ ਚੁੱਕੇ ਹਨ। ਦੂਜੇ ਪਾਸੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਗਮ ਮੌਕੇ ਸੂਬੇ ਦੇ ਭਲੇ ਅਤੇ ਤਰੱਕੀ ਲਈ ਗੱਠਜੋੜ ਵੱਲ ਇਸ਼ਾਰਾ ਕਰ ਚੁੱਕੇ ਹਨ ਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਇਸੇ ਤਰਜ਼ ’ਤੇ ਆਖ ਰਹੇ ਹਨ ਕਿ ਲੋਕ ਸੂਬੇ ਦੇ ਵਿਕਾਸ ਲਈ ਗੱਠਜੋੜ ਸਰਕਾਰ ਚਾਹੁੰਦੇ ਹਨ। ਉਂਜ ਕਿਧਰੋਂ ਵੀ ਗੱਠਜੋੜ ਹੋਣ ਦਾ ਇਸ਼ਾਰਾ ਨਹੀਂ ਜਾਪਦਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਰੈਲੀ ’ਚ ਪਰਿਵਾਰਵਾਦ ਦੀ ਗੱਲ ਕਰਦੇ ਹੋਏ ਅਸਿੱਧੇ ਤੌਰ ’ਤੇ ਸ਼੍ਰੋਮਣੀ ਅਕਾਲੀ ਦਲ ਉਪਰ ਨਿਸ਼ਾਨਾ ਲਗਾ ਚੁੱਕੇ ਹਨ। ਸੂਤਰਾਂ ਅਨੁਸਾਰ ਬੀ ਐੱਲ ਸੰਤੋਸ਼ ਨੇ ਵੀ ਪਟਿਆਲਾ ਮੀਟਿੰਗ ’ਚ ਪਰਿਵਾਰਵਾਦ ਦੀ ਗੱਲ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੂੰ ਜਦੋਂ ਭਾਜਪਾ ਦੇ ਰੌਂਅ ਦੇ ਹਵਾਲੇ ਨਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ ਨੂੰ ਕੋਈ ਗੱਲ ਕਹਿਣ ਅਤੇ ਚੋਣਾਂ ਲੜਨ ਦਾ ਪੂਰਾ ਹੱਕ ਹੈ। ਸ਼੍ਰੋਮਣੀ ਅਕਾਲੀ ਦਲ 117 ਸੀਟਾਂ ’ਤੇ ਸ਼ੁਰੂ ਤੋਂ ਹੀ ਤਿਆਰੀ ਕਰ ਰਿਹਾ ਹੈ। ਗੱਠਜੋੜ ਬਾਰੇ ਕਦੇ ਵੀ ਅਕਾਲੀ ਦਲ ਨੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ ਅਤੇ ਨਾ ਹੀ ਰਸਮੀ ਤੌਰ ’ਤੇ ਕੁੱਝ ਵੀ ਸ਼ੁਰੂ ਹੋਇਆ ਹੈ।

ਸੂਤਰਾਂ ਮੁਤਾਬਕ ਅੰਦਰੋਂ-ਅੰਦਰੀਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਦਾ ਮੁੱਢ ਬੱਝ ਚੁੱਕਿਆ ਹੈ। ਇੱਥੋਂ ਤੱਕ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਭਾਜਪਾ ਨੂੰ 35 ਸੀਟਾਂ ਦੀ ਪੇਸ਼ਕਸ਼ ਕੀਤੀ ਗਈ ਹੈ ਜਦੋਂ ਕਿ ਭਾਜਪਾ 45 ਸੀਟਾਂ ’ਤੇ ਅੜੀ ਹੋਈ ਹੈ। ਇਹ ਵੀ ਚਰਚਾ ਹੈ ਕਿ ਜੇ ਕੋਈ ਗੱਠਜੋੜ ਬਣਦਾ ਹੈ ਤਾਂ ਉਸ ਦਾ ਹਿੱਸਾ ਅਕਾਲੀ ਦਲ (ਪੁਨਰ ਸੁਰਜੀਤ) ਵੀ ਹੋ ਸਕਦਾ ਹੈ।

ਪਿਛਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੇ ਪੰਜਾਬ ’ਚ 23 ਸੀਟਾਂ ’ਤੇ ਲੀਡ ਲਈ ਸੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ 9 ਸੀਟਾਂ ’ਤੇ ਲੀਡ ਕੀਤਾ ਸੀ। 21 ਸੀਟਾਂ ਅਜਿਹੀਆਂ ਸਨ ਜਿੱਥੇ ਅਕਾਲੀ ਦਲ ਤੇ ਭਾਜਪਾ ਦੋਵਾਂ ਦੇ ਅੰਕੜੇ ਜੋੜ ਕੇ ਲੀਡ ਦੀ ਸਥਿਤੀ ਬਣਦੀ ਸੀ। ਦੋਵੇਂ ਧਿਰਾਂ ਦੇ ਗੱਠਜੋੜ ਦੇ ਚਾਹਵਾਨ ਇਹ ਦਲੀਲ ਦੇ ਰਹੇ ਹਨ ਕਿ ਪਿਛਲੀਆਂ ਲੋਕ ਸਭਾ ਚੋਣਾਂ ’ਚ ਅਕਾਲੀ ਦਲ ਅਤੇ ਭਾਜਪਾ ਨੇ ਕਰੀਬ 53 ਸੀਟਾਂ ’ਤੇ ਲੀਡ ਕੀਤਾ ਹੈ।

ਸੰਭਾਵੀ ਗੱਠਜੋੜ ’ਤੇ ਪੰਜਾਬ ਦੇ ਲੋਕਾਂ ਦੀ ਨਜ਼ਰ

ਵੱਡਾ ਸਵਾਲ ਇਹ ਹੈ ਕਿ ਪੰਜਾਬ ਦੇ ਲੋਕ ਸੰਭਾਵੀ ਗੱਠਜੋੜ ਪ੍ਰਤੀ ਕਿਸੇ ਤਰ੍ਹਾਂ ਦਾ ਹੁੰਗਾਰਾ ਭਰਨਗੇ ਜਾਂ ਨਹੀਂ। ਚੇਤੰਨ ਲੋਕਾਂ ਦੀ ਨਜ਼ਰ ਰਹੇਗੀ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਸੰਭਾਵੀ ਗੱਠਜੋੜ ਦੀ ਸੂਰਤ ’ਚ ਕੇਂਦਰ ਸਰਕਾਰ ਪੰਜਾਬ ਦੇ ਮੂਲ ਮਸਲਿਆਂ ਅਤੇ ਮੰਗਾਂ ਦੀ ਪੂਰਤੀ ਲਈ ਅਗਾਊਂ ਕੀ ਕਦਮ ਚੁੱਕੇਗੀ। 26 ਸਤੰਬਰ 2020 ਨੂੰ ਅਕਾਲੀ ਦਲ ਨੇ ਭਾਜਪਾ ਨਾਲੋਂ ਤੋੜ ਵਿਛੋੜਾ ਕੀਤਾ ਸੀ ਅਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਛੇ ਵਰ੍ਹਿਆਂ ਮਗਰੋਂ ਸਤੰਬਰ ’ਚ ਹੀ ਮੁੜ ਨਹੁੰ-ਮਾਸ ਦਾ ਰਿਸ਼ਤਾ ਜੁੜ ਜਾਵੇ।

Advertisement
×