ਸੀਵਰਾਂ ਦੀ ਹੱਥੀਂ ਸਫ਼ਾਈ ਖ਼ਤਮ ਕਰਨ ਵਾਲਾ ਮੋਹਰੀ ਸੂਬਾ ਬਣਿਆ ਪੰਜਾਬ
ਆਤਿਸ਼ ਗੁਪਤਾ
ਚੰਡੀਗੜ੍ਹ, 13 ਜੂਨ
ਪੰਜਾਬ ਸਰਕਾਰ ਨੇ ਸੂਬੇ ਵਿੱਚ ਸੀਵਰੇਜ ਦੀ ਸਫ਼ਾਈ ਕਰਨ ਵਾਲਿਆਂ ਨੂੰ ਹੱਥੀਂ ਸਫ਼ਾਈ ਕਰਨ ਤੋਂ ਛੁਟਕਾਰਾ ਦਿਵਾ ਦਿੱਤਾ ਹੈ ਅਤੇ ਹੁਣ ਸੀਵਰੇਜ ਦੀ ਸਫ਼ਾਈ ਵੀ ਮਸ਼ੀਨਾਂ ਨਾਲ ਹੋਵੇਗੀ। ਇਸ ਲਈ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ 39.56 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ 512 ਆਧੁਨਿਕ ਸਫ਼ਾਈ ਮਸ਼ੀਨਾਂ ਨੂੂੰ ਹਰੀ ਝੰਡੀ ਦੇ ਦਿੱਤੀ ਹੈ।
ਡਾ. ਰਵਜੋਤ ਨੇ ਕਿਹਾ ਕਿ ਸੰਗਰੂਰ ਕਲੱਸਟਰ ਵਿੱਚ ਪਹਿਲਾਂ 218 ਮਸ਼ੀਨਾਂ ਕਾਰਜਸ਼ੀਲ ਹਨ। ਇਸ ਤਰ੍ਹਾਂ ਸੂਬੇ ਦੀਆਂ 150 ਨਗਰਪਾਲਿਕਾਵਾਂ ਵਿੱਚ 730 ਮਸ਼ੀਨਾ ਪਹੁੰਚ ਗਈਆਂ ਹਨ। ਇਨ੍ਹਾਂ ਮਸ਼ੀਨਾਂ ਵਿੱਚ ਜੈਟਿੰਗ-ਕਮ-ਸਕਸ਼ਨ ਮਸ਼ੀਨਾਂ ਸ਼ਾਮਲ ਹਨ ਜੋ ਸੀਵਰਾਂ ਵਿੱਚ ਇਕੱਠੇ ਹੋਏ ਕੂੜੇ-ਕਰਕਟ ਨੂੰ ਸਾਫ਼ ਕਰਨ ਲਈ ਸ਼ਕਤੀਸ਼ਾਲੀ ਸਕਸ਼ਨ ਨਾਲ ਉੱਚ-ਦਬਾਅ ਵਾਲੇ ਪਾਣੀ ਦੇ ਜੈੱਟਾਂ ਨੂੰ ਜੋੜਦੀਆਂ ਹਨ। ਇਸ ਤੋਂ ਇਲਾਵਾ ਗ੍ਰੈਬ ਬਕੇਟ ਮਸ਼ੀਨਾਂ ਵੀ ਸ਼ਾਮਲ ਹਨ ਜੋ ਕਰਮਚਾਰੀਆਂ ਨੂੰ ਖਤਰੇ ਵਿੱਚ ਪਾਏ ਬਿਨਾਂ ਮੈਨਹੋਲਾਂ ਤੋਂ ਗਾਦ ਨੂੰ ਕੱਢਦੀਆਂ ਹਨ। ਤੰਗ ਗਲੀਆਂ ਅਤੇ ਭੀੜ-ਭੜੱਕੇ ਵਾਲੇ ਸ਼ਹਿਰੀ ਖੇਤਰਾਂ ਲਈ, ਪ੍ਰਸ਼ਾਸਨ ਨੇ ਕੰਪੈਕਟ ਮਾਊਸ ਜੈਟਰ ਅਤੇ ਵਾਤਾਵਰਣ ਪੱਖੀ ਈ-ਰਿਕਸ਼ਾ ਮਾਊਂਟਡ ਡੀਸਿਲਟਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਹਨ ਜੋ ਬੈਟਰੀ ਪਾਵਰ ’ਤੇ ਕੰਮ ਕਰਦੀਆਂ ਹਨ। ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਹ ਮਸ਼ੀਨਾਂ ਸ਼ਹਿਰਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨਗੀਆਂ। ਇਸ ਲਈ ਸਰਕਾਰ ਵੱਲੋਂ ਹਰ ਤਿੰਨ ਮਹੀਨੇ ਬਾਅਦ ਉਕਤ ਮਸ਼ੀਨਾਂ ਦਾ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ। ਇਹ ਪਹਿਲਕਦਮੀ ਸੀਵਰ ਲਾਈਨਾਂ ਦੀ ਹੱਥੀਂ ਸਫਾਈ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਨਾਲ ਸ਼ਹਿਰੀ ਸਵੱਛਤਾ ਸਬੰਧੀ ਸੁਧਾਰਾਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਂਦੀ ਹੈ। ਇਸ ਦੇ ਨਾਲ ਹੀ ਕਰਮਚਾਰੀਆਂ ਦੀ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਪ੍ਰਬੰਧਨ ਬਾਰੇ ਨਵੇਂ ਮਾਪਦੰਡ ਸਥਾਪਤ ਕਰਦੀ ਹੈ। ਇਸ ਦੌਰਾਨ ਕੈਬਨਿਟ ਮੰਤਰੀ ਨੇ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ, ਜਿਸ ਵਿੱਚ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ।