ਉੱਤਰੀ ਭਾਰਤ ਨੂੰ ਮਜ਼ਬੂਤ ਬਣਾਉਂਦੇ ਨੇ ਪੰਜਾਬ ਤੇ ਹਰਿਆਣਾ: ਘੋਸ਼
ਹਰਿਆਣਾ ਦੇ ਰਾਜਪਾਲ ਨੇ ਪਾਇਟੈੱਕਸ ਵਪਾਰ ਮੇਲੇ ਦਾ ਦੌਰਾ ਕੀਤਾ; ਦੋਵਾਂ ਸੂਬਿਆਂ ਵੱਲੋਂ ਪਾਏ ਯੋਗਦਾਨ ਦੀ ਪ੍ਰਸ਼ੰਸਾ ਕੀਤੀ
ਹਰਿਆਣਾ ਦੇ ਰਾਜਪਾਲ ਪ੍ਰੋ. ਅਸ਼ੀਮ ਘੋਸ਼ ਨੇ ਕਿਹਾ ਕਿ ਪਾਇਟੈੱਕਸ ਵਰਗੇ ਸਮਾਗਮ ਆਪਸੀ ਭਾਈਚਾਰੇ ਦੇ ਨਾਲ-ਨਾਲ ਉੱਤਰੀ ਭਾਰਤ ਦੇ ਆਰਥਿਕ ਤਾਣੇ-ਬਾਣੇ ਨੂੰ ਵੀ ਮਜ਼ਬੂਤ ਕਰਦੇ ਹਨ। ਉਹ ਅੱਜ ਪੀ ਐੱਚ ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ 19ਵੇਂ ਪਾਈਟੈੱਕਸ ਵਪਾਰ ਮੇਲੇ ਨੂੰ ਸੰਬੋਧਨ ਕਰ ਰਹੇ ਸਨ।
ਜ਼ਿਕਰਯੋਗ ਹੈ ਕਿ ਕੁਝ ਸਾਲਾਂ ਤੋਂ ਪਾਇਟੈੱਕਸ ਅਜਿਹਾ ਸਮਾਗਮ ਬਣ ਗਿਆ ਹੈ, ਜਿਸਨੇ ਕਾਰੋਬਾਰੀਆਂ ਅਤੇ ਉਦਯੋਗਪਤੀਆਂ ਨੂੰ ਆਪਣੇ ਕਾਰੋਬਾਰਾਂ ਦਾ ਵਿਸਥਾਰ ਕਰਨ ਦਾ ਮੌਕਾ ਦਿੱਤਾ ਹੈ।
ਰਾਜਪਾਲ ਨੇ ਸਮਾਗਮ ਵਿੱਚ ਸੈਮੀਨਾਰ ਦੌਰਾਨ ਕਿਹਾ ਕਿ ਪਾਇਟੈੱਕਸ ਵਰਗੇ ਸਮਾਗਮ ਇਸ ਵਿਸ਼ਵਾਸ ਨੂੰ ਮਜ਼ਬੂਤ ਕਰਦੇ ਹਨ ਕਿ ਖੇਤਰੀ ਵਿਕਾਸ ਦੇਸ਼ ਦੀ ਤਰੱਕੀ ਨੂੰ ਅੱਗੇ ਵਧਾਉਣ ਦਾ ਇੰਜਣ ਹੈ। ਪੰਜਾਬ ਅਤੇ ਹਰਿਆਣਾ ਵਿੱਚ ਇਤਿਹਾਸ, ਸੱਭਿਆਚਾਰ, ਖੇਤੀ, ਕਾਰੋਬਾਰ ਅਤੇ ਲੋਕਾਂ ਵਿਚਾਲੇ ਲੰਮੇ ਸਮੇਂ ਰਿਸ਼ਤਾ ਰਿਹਾ ਹੈ। ਉੱਭਰਦਾ ਪੰਜਾਬ ਅਤੇ ਉੱਭਰਦਾ ਹਰਿਆਣਾ ਮਿਲ ਕੇ ਪੂਰੇ ਉੱਤਰੀ ਖੇਤਰ ਨੂੰ ਆਰਥਿਕ, ਸਮਾਜਿਕ ਅਤੇ ਨੀਤੀਗਤ ਤੌਰ ’ਤੇ ਮਜ਼ਬੂਤ ਕਰਦੇ ਹਨ। ਅਜੋਕੇ ਸਮੇਂ ਦੀ ਲੋੜ ਹੈ ਕਿ ਨਵੀਨਤਾ ਅਧਾਰਿਤ ਉਦਯੋਗ, ਸੂਖਮ ਛੋਟੇ ਤੇ ਦਰਮਿਆਨੇ ਉਦਯੋਗ (ਐੱਮ ਐੱਸ ਐੱਮ ਈ) ਵਿਕਾਸ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹਿਤ ਕੀਤਾ ਜਾਵੇ। ਪੰਜਾਬ ਅਤੇ ਹਰਿਆਣਾ ਦੋਵੇਂ ਭਾਰਤ ਦੇ ਖ਼ੁਰਾਕ ਭੰਡਾਰ ਵਿੱਚ ਅਹਿਮ ਹਿੱਸਾ ਪਾਉਂਦੇ ਹਨ। ਮੁੱਲ ਵਾਧੇ, ਆਧੁਨਿਕ ਭੰਡਾਰਨ ਅਤੇ ਆਲਮੀ ਸਪਲਾਈ ਲੜੀ ਨਾਲ ਸਾਡਾ ਖੇਤੀਬਾੜੀ ਖੇਤਰ ਭਾਰਤ ਦੇ ਅਰਥਚਾਰੇ ਵਿੱਚ ਇਕ ਟ੍ਰਿਲੀਅਨ (ਖਰਬ) ਡਾਲਰ ਦਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਪੀ ਐੱਚ ਡੀ ਸੀ ਸੀ ਆਈ ਪੰਜਾਬ ਚੈਪਟਰ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪਾਇਟੈੱਕਸ ਕਰਵਾਉਣ ਦਾ ਮੁੱਖ ਮਕਸਦ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਅਤੇ ਗੁਆਂਢੀ ਸੂਬਿਆਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਬਣਾਉਣਾ ਹੈ।
ਪਾਇਟੈੱਕਸ ਦੇ ਡਿਪਟੀ ਸਕੱਤਰ ਜਨਰਲ ਨਵੀਨ ਸੇਠ ਨੇ ਚੈਂਬਰ ਦੀ ਸਥਾਪਨਾ ਅਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੀ ਐੱਚ ਡੀ ਸੀ ਸੀ ਆਈ ਦੀ ਸੀਨੀਅਰ ਖੇਤਰੀ ਨਿਰਦੇਸ਼ਕ ਭਾਰਤੀ ਸੂਦ ਨੇ ਕਿਹਾ ਕਿ ਚੈਂਬਰ ਵੱਲੋਂ ਹਰਿਆਣਾ ਵਿੱਚ ਵੀ ਇਸੇ ਤਰ੍ਹਾਂ ਦੇ ਸਮਾਗਮਾਂ ਕਰਵਾਏ ਜਾਣਗੇ, ਜਿਸ ਲਈ ਹਰਿਆਣਾ ਸਰਕਾਰ ਦੇ ਸਮਰਥਨ ਦੀ ਲੋੜ ਹੋਵੇਗੀ। ਇਸ ਮੌਕੇ ਅੰਮ੍ਰਿਤਸਰ ਜ਼ੋਨ ਕੋਆਰਡੀਨੇਟਰ ਜੈਦੀਪ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।

