ਜੋਗਿੰਦਰ ਸਿੰਘ ਮਾਨ/ਸ਼ਗਨ ਕਟਾਰੀਆ
ਮਾਨਸਾ/ਬਠਿੰਡਾ, 7 ਦਸੰਬਰ
ਅੱਜ ਪੰਜਾਬ ਭਰ ਵਿੱਚ ਪਨਬਸ ਅਤੇ ਪੀਆਰਟੀਸੀ ਦੇ ਕੰਟਰੈਕਟ ਵਰਕਰਾਂ ਵਲੋਂ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਕਾਰਨ ਲੋਕਾਂ ਨੂੰ ਸਫ਼ਰ ਕਰਨ ਲਈ ਭਾਰੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੇਸ਼ੱਕ ਇਸ ਹੜਤਾਲ ਨਾਲ ਨਜਿੱਠਣ ਲਈ ਪਨਬਸ ਅਤੇ ਪੀਆਰਟੀਸੀ ਦੇ ਪ੍ਰਬੰਧਕਾਂ ਨੇ ਆਪਣੇ ਪੱਕੇ ਮੁਲਾਜ਼ਮਾਂ ਰਾਹੀਂ ਕੁਝ ਰੂਟਾਂ ਉਪਰ ਬੱਸ ਸੇਵਾ ਨੂੰ ਜਾਰੀ ਰੱਖਣ ਦਾ ਉਪਰਾਲਾ ਕੀਤਾ ਗਿਆ ਹੈ ਪਰ ਜ਼ਿਆਦਾਤਰ ਬੱਸਾਂ ਨਾ ਚੱਲਣ ਕਾਰਨ ਲੋਕਾਂ ਨੂੰ ਵੱਡੀ ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹੜਤਾਲ ਦਾ ਲਾਹਾ ਪ੍ਰਾਈਵੇਟ ਬੱਸਾਂ ਵਾਲੇ ਲੈਣ ਲੱਗੇ ਹਨ। ਪੰਜਾਬ ਦੇ ਮਾਨਸਾ ਸਮੇਤ ਅਨੇਕਾਂ ਸ਼ਹਿਰਾਂ ਦੇ ਬੱਸ ਅੱਡਿਆਂ ਵਿਚ ਅੱਜ ਪੀਆਰਟੀਸੀ ਦੀਆਂ ਬੱਸਾਂ ਨਹੀਂ ਹਨ, ਸਗੋਂ ਹੜਤਾਲੀਆਂ ਨੇ ਬੱਸਾਂ ਨੂੰ ਡਿਪੂਆਂ ਵਿਚ ਹੀ ਰੋਕ ਦਿੱਤਾ ਹੈ।
ਜਥੇਬੰਦੀ ਦੇ ਆਗੂ ਕਮਲ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਪਿਛਲੇ ਲੰਮੇ ਸਮੇਂ ਤੋਂ ਹੱਲ ਨਹੀਂ ਕੀਤਾ ਜਾ ਰਿਹਾ। ਮਹਿਕਮੇ ਦੇ ਅਧਿਕਾਰੀਆਂ ਨੂੰ ਨੋਟਿਸ ਭੇਜਣ ਦੇ ਬਾਵਜੂਦ ਹੁਣ ਤੱਕ ਮਸਲੇ ਦੇ ਹੱਲ ਲਈ ਨਹੀਂ ਬੁਲਾਇਆ, ਜਿਸ ਕਰਕੇ ਹੁਣ ਸਖ਼ਤ ਐਕਸ਼ਨ ਲੈਂਦਿਆਂ ਹੋਇਆਂ ਅਣਮਿੱਥੇ ਸਮੇਂ ਦੀ ਹੜਤਾਲ ਵਰਗਾ ਸਖ਼ਤ ਫੈਸਲਾ ਉਲੀਕਿਆ ਗਿਆ ਹੈ। ਜਥੇਬੰਦੀ ਨੇ ਐਲਾਨ ਕੀਤਾ ਕਿ ਭਲਕੇ 8 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਿਰਾਓ ਸਣੇ ਨਵਾਂ ਅੰਦੋਲਨ ਆਰੰਭ ਕਰਨ ਦਾ ਫੈਸਲਾ ਕੀਤਾ ਜਾਵੇਗਾ।
ਬਠਿੰਡਾ ’ਚ ਹੜਤਾਲੀ ਠੇਕਾ ਮੁਲਾਜ਼ਮਾਂ ਨੇ ਇੱਥੇ ਬੱਸ ਅੱਡੇ ’ਤੇ ਰੋਸ ਵਜੋਂ ਧਰਨਾ ਦਿੱਤਾ। ਸਰਕਾਰੀ ਬੱਸਾਂ ਬੰਦ ਹੋਣ ਕਾਰਣ ਸਵਾਰੀਆਂ ਨੂੰ ਆਪਣੀ ਮੰਜ਼ਿਲਾਂ ’ਤੇ ਅੱਪੜਨ ਲਈ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪੀਆਰਟੀਸੀ ਬਠਿੰਡਾ ਡਿੱਪੂ ਦੇ ਕਰਮਚਾਰੀਆਂ ਨੇ 3 ਦਸੰਬਰ ਨੂੰ ਦੋ ਘੰਟਿਆਂ ਲਈ ਹੜਤਾਲ ਕੀਤੀ ਤਾਂ ਡਿੱਪੂ ਦੇ ਜਨਰਲ ਮੈਨੇਜਰ ਦੀ ਸ਼ਿਕਾਇਤ ’ਤੇ ਉਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਗਿਆ। ਉਂਝ ਡਿਊਟੀ ’ਤੇ ਆਏ ਰੈਗੂਲਰ ਨੌਕਰੀਆਂ ਵਾਲੇ ਕਰਮਚਾਰੀਆਂ ਨੇ ਬੱਸਾਂ ਚਲਾਈਆਂ ਪਰ ਠੇਕਾ ਮੁਲਾਜ਼ਮਾਂ ਕਾਰਨ ਕਾਫ਼ੀ ਬੱਸਾਂ ਦਾ ਪਹੀਆ ਜਾਮ ਰਿਹਾ।
ਅੱਜ ਦੀ ਹੜਤਾਲ ਦਾ ਖਾਸ ਪਹਿਲੂ ਇਹ ਰਿਹਾ ਕਿ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬਗ਼ੈਰ ਰੂਟਾਂ ’ਤੇ ਦੌੜਦੀਆਂ ਪ੍ਰਾਈਵੇਟ ਬੱਸਾਂ ਖ਼ਿਲਾਫ਼ ਕੀਤੀ ਸਖ਼ਤੀ ਦਾ ਪ੍ਰਭਾਵ ਸਰਕਾਰੀ ਲਾਰੀਆਂ ਬੰਦ ਹੋਣ ਸਮੇਂ ਵੇਖਣ ਨੂੰ ਮਿਲਿਆ। ਸੂਤਰਾਂ ਮੁਤਾਬਿਕ ਕੁੱਝ ਵੱਡੇ ਨਿੱਜੀ ਟਰਾਂਸਪੋਰਟਰਾਂ ਨੇ ਮੌਕੇ ਦਾ ਵਿੱਤੀ ਫਾਇਦਾ ਚੁੱਕਣ ਲਈ ਸਰਕਾਰ ਤੋਂ ‘ਅੱਖ ਬਚਾ ਕੇ’ ਪਹਿਲਾਂ ਵਾਲੀ ਖੇਡ ਖੇਡਣ ਦਾ ਜ਼ੋਖ਼ਮ ਚੁੱਕਿਆ।