ਸਕੱਤਰੇਤ ’ਚ ਲੋਕਾਂ ਦਾ ਦਾਖਲਾ ਬੰਦ

ਸਕੱਤਰੇਤ ’ਚ ਲੋਕਾਂ ਦਾ ਦਾਖਲਾ ਬੰਦ

ਦਵਿੰਦਰ ਪਾਲ
ਚੰਡੀਗੜ੍ਹ, 10 ਜੁਲਾਈ

ਪੰਜਾਬ ਵਿੱਚ ਸਿਵਲ ਤੇ ਪੁਲੀਸ ਅਧਿਕਾਰੀਆਂ ਦੇ ਕਰੋਨਾ ਪੀੜਤ ਹੋਣ ਤੋਂ ਬਾਅਦ ਸਰਕਾਰ ਨੇ ਅੱਜ ਚੰਡੀਗੜ੍ਹ ਸਥਿਤ ਸਿਵਲ ਸਕੱਤਰੇਤ ਤੇ ਮਿੰਨੀ ਸਕੱਤਰੇਤ ਵਿੱਚ ਆਮ ਜਨਤਾ ਦੇ ਦਾਖਲੇ ’ਤੇ ਪਾਬੰਦੀ ਲਗਾ ਦਿੱਤੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਲਾਗ ਸ਼ਿਕਾਰ ਹੋਣ ਵਾਲਿਆਂ ’ਚ ਆਈਏਐੱਸ ਜੋੜਾ ਵੀ ਸ਼ਾਮਲ ਹਨ। 

ਰੋਪੜ ਦੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਉਨ੍ਹਾਂ ਦੇ ਪਤੀ ਵਿਪੁਲ ਉਜਵਲ ਜੋ ਕਿ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਹਨ, ਦੇ ਕਰੋਨਾ ਨਮੂਨੇ ਵੀ ਪਾਜ਼ੇਟਿਵ ਆਉਣ ਤੋਂ ਬਾਅਦ ਅੱਜ ਮੁਹਾਲੀ ਸਥਿਤ ਪੰਚਾਇਤ ਵਿਭਾਗ ਦਾ ਦਫ਼ਤਰ ਵੀ ਬੰਦ ਕਰ ਦਿੱਤਾ ਗਿਆ ਹੈ। ਸੂਬੇ ਦੇ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਅਤੇ ਇਸ ਵਿਭਾਗ ਦੀ ਪ੍ਰਮੁੱਖ ਸਕੱਤਰ ਸੀਮਾ ਜੈਨ ਨੇ ਵੀ ਆਪਣੇ ਨਮੂਨੇ ਪਰਖ ਲਈ ਭੇਜੇ ਹਨ। ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਦਾ ਦੱਸਣਾ ਹੈ ਕਿ ਪੰਚਾਇਤ ਵਿਭਾਗ ਦੀ ਇੱਕ ਜ਼ਰੂਰੀ ਮੀਟਿੰਗ 9 ਜੁਲਾਈ ਨੂੰ ਹੀ ਹੋਈ ਸੀ। ਇਸ ਮੀਟਿੰਗ ’ਚ ਮੰਤਰੀ ਅਤੇ ਪ੍ਰਮੁੱਖ ਸਕੱਤਰ ਸਮੇਤ ਵਿਭਾਗ ਦੇ ਹੋਰ ਅਫ਼ਸਰ ਵੀ ਸ਼ਾਮਲ ਸਨ। ਤਾਜ਼ਾ ਸਥਿਤੀ ਨੂੰ ਦੇਖਦਿਆਂ ਸਰਕਾਰ ਨੇ ਸਰਕਾਰੀ ਦਫ਼ਤਰਾਂ ’ਚ ਲੋਕਾਂ ਦਾ ਦਾਖਲਾ ਬੰਦ ਕਰਨ, ਮੁਲਾਜ਼ਮਾਂ ਦੀ ਹਾਜ਼ਰੀ ਘਟਾਉਣ ਤੇ ਮੀਟਿੰਗ ਸਿਰਫ਼ ਵੀਡੀਓ ਕਾਨਫਰੰਸ ਰਾਹੀਂ ਹੀ ਕਰਨ ’ਤੇ ਜ਼ੋਰ ਦਿੱਤਾ ਹੈ। ਸਕੱਤਰੇਤ ’ਚ ਵੀ ਪਿਛਲੇ ਦਿਨਾਂ ਦੌਰਾਨ ਵੱਖ-ਵੱਖ ਵਿਭਾਗਾਂ ’ਚ ਤਾਇਨਾਤ ਮੁਲਾਜ਼ਮ ਕਰੋਨਾ ਦਾ ਸ਼ਿਕਾਰ ਹੋਏ ਹਨ। ਸਥਿਤੀ ਨੂੰ ਦੇਖਦਿਆਂ ਸਰਕਾਰ ਨੇ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਇਕਾਂਤਵਾਸ ’ਚ ਰਹਿਣ ਦੀ ਹਦਾਇਤ ਦਿੱਤੀ ਹੈ ਤੇ ਵਿਸ਼ਵ ਸਿਹਤ ਸੰਸਥਾ ਤੇ ਕੇਂਦਰ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣ ਕਰਨ ਦੇ ਨਿਰਦੇਸ਼ ਦਿੱਤੇ ਹਨ। 

ਪੰਜਾਬ ਵਿੱਚ ਹੁਣ ਤੱਕ ਇੱਕ ਜ਼ਿਲ੍ਹਾ ਪੁਲੀਸ ਮੁਖੀ, 8 ਐੱਸਡੀਐੱਮ, ਨਗਰ ਨਿਗਮਾਂ ਅਤੇ ਵਧੀਕ ਡਿਪਟੀ ਕਮਿਸ਼ਨਰਾਂ ਵਜੋਂ ਤਾਇਨਾਤ ਪੀਸੀਐੱਸ ਅਧਿਕਾਰੀ ਜਿਨ੍ਹਾਂ ਦੀ ਗਿਣਤੀ 14 ਬਣਦੀ ਹੈ, ਕਰੋਨਾ ਦੀ ਲਪੇਟ ’ਚ ਆ ਚੁੱਕੇ ਹਨ। ਪੰਜਾਬ ਵਿੱਚ ਲੰਘੇ 24 ਘੰਟਿਆਂ ਦੌਰਾਨ ਅੰਮ੍ਰਿਤਸਰ, ਜਲੰਧਰ, ਫਤਹਿਗੜ੍ਹ ਸਾਹਿਬ ਅਤੇ ਮੁਹਾਲੀ ਵਿੱਚ 4 ਵਿਅਕਤੀਆਂ ਦੀ ਮੌਤ ਹੋਣ ਨਾਲ ਸੂਬੇ ਵਿੱਚ ਕਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 187 ਹੋ ਗਿਆ ਹੈ। ਲੰਘੇ 24 ਘੰਟਿਆਂ ਦੌਰਾਨ ਲਾਗ ਲੱਗਣ ਦੇ 217 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਜਲੰਧਰ ਜ਼ਿਲ੍ਹੇ ’ਚ ਸਭ ਤੋਂ ਵਧੇਰੇ 61, ਲੁਧਿਆਣਾ ’ਚ 41, ਅੰਮ੍ਰਿਤਸਰ ਵਿੱਚ 16, ਪਟਿਆਲਾ ਤੇ ਮੁਹਾਲੀ ’ਚ 22-22, ਸੰਗਰੂਰ ’ਚ 13, ਗੁਰਦਾਸਪੁਰ ਵਿੱਚ 8, ਨਵਾਂਸ਼ਹਿਰ ਅਤੇ ਬਠਿੰਡਾ ਵਿੱਚ 5-5, ਪਠਾਨਕੋਟ ਤੇ ਫਿਰੋਜ਼ਪੁਰ ਵਿੱਚ 4-4, ਰੋਪੜ, ਤਰਨ ਤਾਰਨ ਅਤੇ ਹੁਸ਼ਿਆਰਪੁਰ ਵਿੱਚ 3-3, ਫਤਹਿਗੜ੍ਹ ਸਾਹਿਬ ਵਿੱਚ 2, ਫਰੀਦਕੋਟ, ਮੁਕਤਸਰ, ਮੋਗਾ, ਫਾਜਿਲਕਾ ਅਤੇ ਬਰਨਾਲਾ ਵਿੱਚ 1-1 ਮਰੀਜ਼ ਸਾਹਮਣੇ ਆਇਆ ਹੈ। ਅੱਜ ਸਾਹਮਣੇ ਆਏ ਨਵੇਂ ਕੇਸਾਂ ਵਿੱਚ ਵੀ ਪੁਲੀਸ ਤੇ ਸਿਹਤ ਕਾਮੇ ਸ਼ਾਮਲ ਹਨ।

ਸੂਬੇ ਵਿੱਚ ਸਭ ਤੋਂ ਵੱਧ ਮਾਮਲੇ 5 ਜ਼ਿਲ੍ਹਿਆਂ ਵਿੱਚ ਹਨ। ਇਨ੍ਹਾਂ ਵਿੱਚ ਲੁਧਿਆਣਾ ’ਚ 1287, ਜਲੰਧਰ ਵਿੱਚ 1110, ਅੰਮ੍ਰਿਤਸਰ ਵਿੱਚ 1021, ਸੰਗਰੂਰ ਵਿੱਚ 622 ਅਤੇ ਪਟਿਆਲਾ ਵਿੱਚ 508 ਤੱਕ ਗਿਣਤੀ ਪਹੁੰਚ ਗਈ ਹੈ।

ਮੰਤਰੀ-ਮੰਡਲ ਦੀ ਮੀਟਿੰਗ 15 ਨੂੰ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ 15 ਜੁਲਾਈ ਨੂੰ ਹੋਵੇਗੀ, ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਵੀਡੀਓ ਕਾਨਫਰੰਸ ਜ਼ਰੀਏ ਕਰਨਗੇ। ਜਾਣਕਾਰੀ ਅਨੁਸਾਰ ਸਰਕਾਰ ਵਲੋਂ ਹਰ ਹਫ਼ਤੇ ਮੰਤਰੀ ਮੰਡਲ ਦੀ ਮੀਟਿੰਗ ਕਰਨ ਦਾ ਫ਼ੈਸਲਾ ਹੋਇਆ ਹੈ ਕਿਉਂਕਿ ਕੋਵਿਡ-19 ਦੌਰਾਨ ਹਫ਼ਤਾਵਾਰੀ ਕੈਬਨਿਟ ਮੀਟਿੰਗ ਵਿਚ ਵਿਘਨ ਪੈ ਗਿਆ ਸੀ। ਪੰਜਾਬ ਸਰਕਾਰ ਨੇ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਮੰਤਰੀ ਮੰਡਲ ਦੀ ਮੀਟਿੰੰਗ ਲਈ ਸਮੇਂ ਸਿਰ ਏਜੰਡੇ ਭੇਜਣ ਤਾਂ ਜੋ ਕਿਸੇ ਤਰ੍ਹਾਂ ਦੀ ਕਮੀ ਤੋਂ ਬਚਿਆ ਜਾ ਸਕੇ। -ਟ੍ਰਿਬਿਊਨ ਨਿਊਜ਼ ਸਰਵਿਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All