DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

PSEB 10th Result: ਜੱਜ ਬਣ ਕੇ ਮਾਪਿਆਂ ਦਾ ਸੁਫਨਾ ਪੂਰਾ ਕਰਨਾ ਚਾਹੁੰਦੀ ਹੈ ਹਰਲੀਨ ਸ਼ਰਮਾ

ਬਾਇਓਲੋਜੀ ਦੀ ਪ੍ਰੋਫੈਸਰ ਬਣ ਕੇ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਚਾਹੁੰਦੀ ਹੈ ਰੀਆ ਰਾਣੀ

  • fb
  • twitter
  • whatsapp
  • whatsapp
featured-img featured-img
ਆਪਣੇ ਮਾਪਿਆਂ ਖ਼ੁਸ਼ੀ ਦਾ ਪ੍ਰਗਟਾਵਾ ਕਰਦੀ ਹੋਈ ਹਰਲੀਨ ਸ਼ਰਮਾ।
Advertisement

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ 99.38 ਫ਼ੀਸਦੀ ਅੰਕਾਂ ਨਾਲ ਹਰਲੀਨ ਦਾ ਨਾਂ ਸੂਚੀ ’ਚ ਸਭ ਤੋਂ ਸਿਖ਼ਰ ’ਤੇ ਸ਼ੁਮਾਰ ਹੈ। ਉਸ ਨੇ 650 ਵਿੱਚੋਂ 646 ਅੰਕ ਹਾਸਲ ਕੀਤੇ ਹਨ। ਹਰਲੀਨ ਸ਼ਰਮਾ ਨੇ ਆਪਣੀ ਮਿਹਨਤ ਨਾਲ ਧੀਆਂ ਦੇ ਮਾਣ ’ਚ ਵਾਧਾ ਕੀਤਾ ਹੈ।

ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ’ਚ ਪੜ੍ਹਦੀ ਹਰਲੀਨ ਸ਼ਰਮਾ ਪਿੰਡ ਚੈਨਾ ਵਿੱਚ ਰਹਿੰਦੀ ਹੈ। ਮਿਹਨਤਕਸ਼ ਪਰਿਵਾਰ ’ਚ ਜਨਮੀ ਹਰਲੀਨ ਦੇ ਪਿਤਾ ਜਸਵਿੰਦਰ ਕੁਮਾਰ ਸ਼ਰਮਾ ਕਿਸਾਨ ਅਤੇ ਉਸ ਦੀ ਮਾਤਾ ਰੇਣੂ ਬਾਲਾ ਘਰੇਲੂ ਔਰਤ ਹਨ। ਹਰਲੀਨ ਦਾ ਛੋਟਾ ਭਰਾ ਰਹਿਮਤ ਸ਼ਰਮਾ ਛੇਵੀਂ ਜਮਾਤ ’ਚ ਪੜ੍ਹਦਾ ਹੈ।

Advertisement

ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਖ਼ੁਦ ਦਸਵੀਂ ਅਤੇ ਉਨ੍ਹਾਂ ਦੀ ਪਤਨੀ ਅੱਠਵੀਂ ਜਮਾਤ ਤੱਕ ਪੜ੍ਹੇ ਹਨ। ਉਨ੍ਹਾਂ ਦੀ ਧੀ ਸੁਵਖ਼ਤੇ ਚਾਰ ਵਜੇ ਉੱਠ ਕੇ ਸਕੂਲ ਜਾਣ ਤੱਕ ਪੜ੍ਹਦੀ ਸੀ। ਰਾਤ ਨੂੰ ਵੀ ਉਹ ਕਰੀਬ ਗਿਆਰਾਂ ਵਜੇ ਤਕ ਪੜ੍ਹਾਈ ਕਰਦੀ ਸੀ।

Advertisement

ਹਰਲੀਨ ਨੇ ਦੱਸਿਆ ਕਿ ਉਸ ਨੂੰ ਮਾਪਿਆਂ ਵੱਲੋਂ ਪੜ੍ਹਾਈ ਕਰਨ ਲਈ ਹਮੇਸ਼ਾ ਪ੍ਰੇਰਨਾ ਅਤੇ ਉਤਸ਼ਾਹ ਮਿਲਿਆ ਹੈ। ਉਸ ਦੇ ਮਾਪਿਆਂ ਦਾ ਸੁਫ਼ਨਾ ਹੈ ਕਿ ਉਹ ਜੱਜ ਬਣੇ। ਉਹ ਮਾਪਿਆਂ ਦਾ ਸੁਫ਼ਨਾ ਸਾਕਾਰ ਕਰਨ ਲਈ ਪੂਰੀ ਵਾਹ ਲਾ ਦੇਵੇਗੀ।

ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਕੁਸਮ ਕਾਲੜਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਪਵਨ ਗੋਇਲ, ਮਦਨ ਗੋਇਲ, ਰਾਕੇਸ਼ ਰੋਮਾਣਾ ਆਦਿ ਨੇ ਇਸ ਪ੍ਰਾਪਤੀ ਦਾ ਸਿਹਰਾ ਹਰਲੀਨ, ਸਕੂਲ ਦੇ ਸਟਾਫ ਅਤੇ ਮਾਪਿਆਂ ਨੂੰ ਦਿੰਦਿਆਂ ਸਭਨਾਂ ਨੂੰ ਮੁਬਾਰਕਬਾਦ ਦਿੱਤੀ। ਜੈਤੋ ਦੇ ਵਿਧਾਇਕ ਅਮੋਲਕ ਸਿੰਘ ਨੇ ਵੀ ਹਰਲੀਨ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਪੇਸ਼ ਕੀਤੀ।

ਮਨੀਮਹੇਸ਼ ਸ਼ਰਮਾ ਦਾ ਸਨਮਾਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਅਤੇ ਅਧਿਆਪਕ।
ਮਨੀਮਹੇਸ਼ ਸ਼ਰਮਾ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਮਾਪੇ।

ਰੂਪਨਗਰ (ਜਗਮੋਹਨ ਸਿੰਘ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜੇ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨੌਲੀ ਬਸੀ ਦਾ ਮਨੀ ਮਹੇਸ਼ ਸ਼ਰਮਾ ਪੰਜਾਬ ਵਿੱਚੋਂ ਦੂਜੇ ਸਥਾਨ ’ਤੇ ਅਤੇ ਜ਼ਿਲ੍ਹਾ ਰੂਪਨਗਰ ਵਿੱਚੋਂ ਪਹਿਲੇ ਸਥਾਨ ’ਤੇ ਆਇਆ ਹੈ। ਨੂਰਪੁਰ ਬੇਦੀ ਬਲਾਕ ਦੇ ਪੰਜ ਵਿਦਿਆਰਥੀਆਂ ਨੇ ਮੈਰਿਟ ਵਿੱਚ ਸਥਾਨ ਬਣਾਇਆ ਹੈ। ਰੂਪਨਗਰ ਸ਼ਹਿਰ ਦੇ ਡੀ ਏ ਵੀ ਸਕੂਲ ਦੀ ਵਿਦਿਆਰਥਣ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਮੈਰਿਟ ਵਿੱਚ ਜਗ੍ਹਾ ਬਣਾਈ ਹੈ।

ਤੀਜੇ ਸਥਾਨ ’ਤੇ ਰਹਿਣ ਵਾਲੀ ਰੀਆ ਰਾਣੀ ਆਪਣੇ ਮਾਪਿਆਂ ਨਾਲ।
ਤੀਜੇ ਸਥਾਨ ’ਤੇ ਰਹਿਣ ਵਾਲੀ ਰੀਆ ਰਾਣੀ ਆਪਣੇ ਮਾਪਿਆਂ ਨਾਲ।

ਹੁਸ਼ਿਆਰਪੁਰ (ਹਰਪ੍ਰੀਤ ਕੌਰ): ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਸੂਬੇ ਵਿੱਚੋਂ ਤੀਜੇ ਸਥਾਨ ’ਤੇ ਰਹਿਣ ਵਾਲੀ ਵਿਦਿਆਰਥਣ ਰੀਆ ਰਾਣੀ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਮਾਡਲ ਟਾਊਨ ਵਿੱਚ ਪੜ੍ਹਦੀ ਹੈ। ਰੀਆ ਰਾਣੀ ਨੇ ਕਿਹਾ ਕਿ ਉਹ ਬਾਇਓਲੋਜੀ ਦੀ ਪ੍ਰੋਫੈਸਰ ਬਣਨਾ ਚਾਹੁੰਦੀ ਹੈ। ਉਹ ਅਧਿਆਪਨ ਕਿੱਤੇ ਨਾਲ ਜੁੜ ਕੇ ਹੋਰ ਵਿਦਿਆਰਥੀਆਂ ਨੂੰ ਵਿੱਦਿਆ ਵਿੱਚ ਮੋਹਰੀ ਸਥਾਨ ਹਾਸਲ ਕਰਨ ਲਈ ਪ੍ਰੇਰਿਤ ਕਰੇਗੀ। ਸਕੂਲ ਪ੍ਰਿੰਸੀਪਲ ਪਰਮਜੀਤ ਕੌਰ ਨੇ ਕਿਹਾ ਕਿ ਰੀਆ ਅਨੁਸ਼ਾਸਨ ਦੀ ਪੱਕੀ ਅਤੇ ਪੜ੍ਹਾਈ ’ਤੇ ਕੇਂਦਰਿਤ ਰਹਿਣ ਵਾਲੀ ਵਿਦਿਆਰਥਣ ਹੈ।

ਅੰਗਰੇਜ਼ੀ ਵਿਸ਼ੇ ਵਿੱਚੋਂ ਸਭ ਤੋਂ ਵੱਧ ਵਿਦਿਆਰਥੀ ਫੇਲ੍ਹ

ਪਟਿਆਲਾ (ਸਰਬਜੀਤ ਸਿੰਘ ਭੰਗੂ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨੇ 10ਵੀਂ ਦੇ ਨਤੀਜੇ ਵਿੱਚ ਵਿਦਿਆਰਥੀਆਂ ਲਈ ਅੰਗਰੇਜ਼ੀ ਦੇ ਮੁਕਾਬਲੇ ਗਣਿਤ ਦਾ ਵਿਸ਼ਾ ਘੱਟ ਮੁਸ਼ਕਲ ਰਿਹਾ। ਅੰਕੜਿਆਂ ਮੁਤਾਬਕ 2,69,500 ਵਿਦਿਆਰਥੀਆਂ ਵਿੱਚੋਂ ਅੰਗਰੇਜ਼ੀ ਵਿਸ਼ੇ ਵਿੱਚੋਂ ਸਭ ਤੋਂ ਵੱਧ 6170 ਵਿਦਿਆਰਥੀ ਫੇਲ੍ਹ ਹੋ ਗਏ। ਸਾਇੰਸ ਵਿੱਚੋਂ 4897, ਜਦੋਂਕਿ ਗਣਿਤ ਵਿੱਚੋਂ 3484 ਵਿਦਿਆਰਥੀ ਫੇਲ੍ਹ ਹੋਏ। ਇਸੇ ਤਰ੍ਹਾਂ ਸਮਾਜਿਕ ਸਿੱਖਿਆ ਵਿੱਚੋਂ 3601 ਅਤੇ ਪੰਜਾਬੀ ’ਚੋਂ 1859 ਵਿਦਿਆਰਥੀ ਫੇਲ੍ਹ ਹੋਏ। ਇਸ ਤਰ੍ਹਾਂ ਐਤਕੀਂ ਦਸਵੀਂ ਦੀ ਪ੍ਰੀਖਿਆ ਵਿੱਚ ਅੰਗਰੇਜ਼ੀ ਸਭ ਤੋਂ ਔਖੇ ਵਿਸ਼ੇ ਵਜੋਂ ਉੱਭਰੀ ਹੈ।

Advertisement
×