PRTC Punbus Strike Postponed: ਕੱਚੇ ਬੱਸ ਕਾਮਿਆਂ ਦੀ ਹੜਤਾਲ ਤੇ ਧਰਨਾ ਮੁਲਤਵੀ
ਯੂਨੀਅਨ ਤੇ ਟਰਾਂਸਪੋਰਟ ਪ੍ਰਸ਼ਾਸਨ ਵਿਚਾਲੇ ਬਣੀ ਸਹਿਮਤੀ; ਹੜਤਾਲ ਕਾਰਨ ਸਵਾਰੀਆਂ ਹੋਈਆਂ ਖੁਆਰ
ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ 25/11 ਦੇ ਆਗੂਆਂ ਦੀ ਪ੍ਰਸ਼ਾਸਨ ਨਾਲ ਚਰਚਾ ਤੋਂ ਬਾਅਦ ਕਈ ਅਹਿਮ ਮੁੱਦਿਆਂ ’ਤੇ ਸਹਿਮਤੀ ਬਣ ਗਈ ਹੈ। ਇਸ ਕਾਰਨ ਯੂਨੀਅਨ ਵੱਲੋਂ ਐਲਾਨੀ ਹੜਤਾਲ ਅਤੇ ਧਰਨਾ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਦਿੱਤਾ ਗਿਆ।
ਬਲਵੀਰ ਸ਼ਰਮਾ ਨੇ ਇਹ ਖੁਲਾਸਾ ਕਰਦਿਆਂ ਦੱਸਿਆ ਕਿ ਮੀਟਿੰਗ ’ਚ ਟਰਾਂਸਪੋਰਟ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਯੂਨੀਅਨ ਦੇ ਆਗੂ ਮੌਜੂਦ ਰਹੇ। ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਸਬੰਧਿਤ ਮਾਮਲੇ ਦੀ ਮੁੜ ਜਾਂਚ ਕਰਵਾਈ ਜਾਵੇਗੀ ਅਤੇ ਕਰਮਚਾਰੀ ਗੁਰਵਿੰਦਰ ਸਿੰਘ ਗੁਰੀ ਦੀ ਡਿਊਟੀ ਰੋਸਟਰ ਅਨੁਸਾਰ ਸਪੇਅਰ ਡਿਊਟੀ ’ਤੇ ਲਗਾਈ ਜਾਵੇਗੀ। ਇਸ ਤੋਂ ਇਲਾਵਾ ਮਾਮਲੇ ਦੀ ਪੜਤਾਲ ਲਈ ਇੱਕ ਕਮੇਟੀ ਬਣਾਈ ਜਾਵੇਗੀ, ਜਿਸ ਵਿੱਚ ਯੂਨੀਅਨ ਦੇ ਨੁਮਾਇੰਦਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਇਹ ਵਿਵਾਦ ਯੂਨੀਅਨ ਦੇ ਸੂਬਾਈ ਚੇਅਰਮੈਨ ਗੁਰਿੰਦਰ ਸਿੰਘ ਗੁਰੀ ਦੀ ਬਰਖ਼ਾਸਤਗੀ ਨੂੰ ਲੈ ਕੇ ਚੱਲ ਰਿਹਾ ਸੀ। ਬੀਤੇ ਦਿਨ ਮੈਨੇਜਮੈਂਟ ਨਾਲ ਹੋਈਆਂ ਮੀਟਿੰਗਾਂ ਦੌਰਾਨ ਮਾਮਲੇ ਦਾ ਹੱਲ ਨਾ ਨਿਕਲਣ ’ਤੇ ਹੜਤਾਲ ਦਾ ਐਲਾਨ ਕੀਤਾ ਗਿਆ ਸੀ। ਕੱਚੇ ਮੁਲਾਜ਼ਮਾਂ ’ਚੋਂ ਬਹੁਗਿਣਤੀ ਹੜਤਾਲ ’ਤੇ ਹੋਣ ਕਰਕੇ ਸਰਕਾਰੀ ਟਰਾਂਸਪੋਰਟ ਅੱਜ ਸਵੇਰ ਤੋਂ ਹੀ ਅਸਰਅੰਦਾਜ਼ ਰਹੀ, ਜਿਸ ਕਾਰਨ ਸਵਾਰੀਆਂ ਨੂੰ ਤਪਦੀ ਗਰਮੀ ’ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਸਰਕਾਰੀ ਬੱਸਾਂ ’ਤੇ ਮੁਫ਼ਤ ਸਫ਼ਰ ਦਾ ਲਾਭ ਲੈਣ ਵਾਲੀਆਂ ਬੀਬੀਆਂ ਨੂੰ ਵੀ ਟਿਕਟ ’ਤੇ ਖ਼ਰਚਾ ਕਰਕੇ ਪ੍ਰਾਈਵੇਟ ਵਾਹਨਾਂ ’ਤੇ ਸਫ਼ਰ ਕਰਨ ਲਈ ਮਜਬੂਰ ਹੋਣਾ ਪਿਆ। ਬਾਅਦ ਦੁਪਹਿਰ ਹੜਤਾਲ ਵਾਪਸੀ ਮਗਰੋਂ ਬੱਸ ਮੁਸਾਫ਼ਿਰਾਂ ਨੇ ਸੁਖ ਦਾ ਸਾਹ ਲਿਆ।
ਕੈਪਸ਼ਨ:
ਬਠਿੰਡਾ ਦੇ ਪੀ ਆਰ ਟੀ ਸੀ ਡਿੱਪੂ ਅੱਗੇ ਧਰਨਾ ਦੇ ਰਹੇ ਬੱਸ ਕਾਮੇ। –ਫ਼ੋਟੋ: ਪਵਨ ਸ਼ਰਮਾ

