ਸ਼ਾਹਬਾਦ ਦੇ ਇਤਿਹਾਸਕ ਗੁਰਦੁਆਰਾ ਮੰਜੀ ਸਾਹਿਬ, ਕੁਟੀਆ ਗੁਰੂਦੇਵ ਨਿਵਾਸ, ਮੁੱਖ ਸਵਰਗ ਆਸ਼ਰਮ ਅਤੇ ਡੇਹਾ ਕਲੋਨੀ ਦੀ ਮੁੱਖ ਸੜਕ ’ਤੇ ਕਥਿਤ ਨਾਜਾਇਜ਼ ਕਬਜ਼ਿਆਂ ਅਤੇ ਗੰਦਗੀ ਕਾਰਨ ਇਲਾਕੇ ਦੀ ਸੰਗਤ ਵਿੱਚ ਭਾਰੀ ਰੋਸ ਹੈ। ਅੱਜ ਸਿੱਖ ਸੰਗਤ ਸਣੇ ਇਲਾਕੇ ਦੇ ਪ੍ਰਮੁੱਖ ਲੋਕਾਂ ਨੇ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਦੇ ਨਾਮ ਸਿਟੀ ਮੈਜਿਸਟ੍ਰੇਟ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕੀਤੀ ਗਈ।
ਇਸ ਦੌਰਾਨ ਚਿਤਾਵਨੀ ਦਿੱਤੀ ਕਿ ਜੇ ਸਮੱਸਿਆ ਹੱਲ ਨਾ ਹੋਈ ਤਾਂ ਅੰਦੋਲਨ ਦੀ ਰਣਨੀਤੀ ਲਈ 5 ਜੂਨ ਨੂੰ ਮਹਾਂਪੰਚਾਇਤ ਹੋਵੇਗੀ। ਵਫ਼ਦ ਦੀ ਅਗਵਾਈ ਕੌਂਸਲਰ ਰਾਜੇਸ਼ ਉੱਪਲ, ਜਗਤਾਰ ਸਿੰਘ ਤਾਰਾ ਅਤੇ ਸਿੱਖ ਆਗੂ ਮਨਜੀਤ ਸਿੰਘ ਕਰ ਰਹੇ ਸਨ। ਮੰਗ ਪੱਤਰ ਵਿੱਚ ਕਿਹਾ ਗਿਆ ਕਿ ਬਰਾੜਾ ਰੋਡ ਅਤੇ ਡੇਹਾ ਕਲੋਨੀ ਦੀ ਮੁੱਖ ਸੜਕ ’ਤੇ ਨਾਜਾਇਜ਼ ਕਬਜ਼ਿਆਂ ਕਾਰਨ ਸਰਕਾਰੀ ਜ਼ਮੀਨਾਂ ਅਤੇ ਸੜਕਾਂ ਦੇ ਕਿਨਾਰੇ ਮਲਬਾ, ਪਸ਼ੂਆਂ ਦੇ ਪਿੰਜਰ ਅਤੇ ਹੋਰ ਰਹਿੰਦ-ਖੂੰਹਦ ਸੁੱਟੀ ਜਾ ਰਹੀ ਹੈ। ਗੰਦਗੀ ਤੇ ਬਦਬੂ ਕਾਰਨ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ, ਕੁਟੀਆ ਗੁਰੂਦੇਵ ਨਿਵਾਸ ਅਤੇ ਮੁੱਖ ਸਵਰਗ ਆਸ਼ਰਮ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੰਗਤ ਨੇ ਮੰਗ ਕੀਤੀ ਕਿ ਗੁਰਦੁਆਰਾ ਮੰਜੀ ਸਾਹਿਬ ਅਤੇ ਮੁੱਖ ਸਵਰਗ ਆਸ਼ਰਮ ਦੇ ਆਲੇ-ਦੁਆਲੇ ਸਾਰੇ ਗੈਰ-ਕਾਨੂੰਨੀ ਕਬਜ਼ਿਆਂ ਹਟਾਉਣ ਦੇ ਨਾਲ-ਨਾਲ ਸਫ਼ਾਈ ਮੁਹਿੰਮ ਚਲਾਈ ਜਾਵੇ। ਬਰਾੜਾ ਰੋਡ ਅਤੇ ਡੇਹਾ ਕਲੋਨੀ ਦੀਆਂ ਮੁੱਖ ਸੜਕਾਂ ਨੂੰ ਪੂਰੀ ਤਰ੍ਹਾਂ ਕਬਜ਼ੇ ਤੋਂ ਮੁਕਤ ਕੀਤਾ ਜਾਣਾ ਚਾਹੀਦਾ ਹੈ।
ਸਿਟੀ ਮੈਜਿਸਟ੍ਰੇਟ ਆਸ਼ੀਸ਼ ਕੁਮਾਰ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਜਲਦੀ ਹੀ ਲੋੜੀਂਦੀ ਕਾਰਵਾਈ ਕਰੇਗਾ। ਇਸ ਮੌਕੇ ਜਗਜੀਤ ਸਿੰਘ ਮੱਕੜ, ਕਸ਼ਮੀਰ ਸਿੰਘ ਸਰਾਫ, ਸੁਖਬੀਰ ਸਿੰਘ ਬਿੱਟਾ, ਸੋਹਣ ਸਿੰਘ, ਸੁਖਵੰਤ ਸਿੰਘ ਕਲਸਾਨੀ ਅਤੇ ਜਸਬੀਰ ਸਿੰਘ ਸਮੇਤ ਕਈ ਮੈਂਬਰ ਮੌਜੂਦ ਸਨ।

