DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪਾਸ਼ ਦੀ ਯਾਦਗਾਰ ਦਾ ਜਿੰਦਰਾ ਤੋੜਨ ’ਤੇ ਰੋਸ

ਜਥੇਬੰਦੀਆਂ ਨੇ ਐੱਸ ਡੀ ਐਮ ਤੋਂ ਸਰਪੰਚ ਖ਼ਿਲਾਫ਼ ਕਾਰਵਾਈ ਮੰਗੀ; ਦੇਸ਼ ਭਗਤ ਯਾਦਗਾਰ ਹਾਲ ’ਚ ਮੀਟਿੰਗ ਸੱਦੀ

  • fb
  • twitter
  • whatsapp
  • whatsapp
featured-img featured-img
ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਤੋੜਿਆ ਜਿੰਦਾ।
Advertisement

ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਨ੍ਹਾਂ ਦੇ ਸਾਥੀ ਹੰਸ ਰਾਜ ਦੀ ਯਾਦ ਵਿੱਚ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਉਨ੍ਹਾਂ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿੱਚ ਉਸਾਰੇ ਗਏ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੇ ਮੁੱਖ ਦੁਆਰ ਦਾ ਤਾਲਾ ਤੋੜੇ ਜਾਣ ਖ਼ਿਲਾਫ਼ ਇਲਾਕੇ ਵਿੱਚ ਰੋਹ ਫੈਲ ਗਿਆ ਹੈ।

ਅੱਜ ਇੱਥੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਨੁਮਾਇੰਦੇ ਜਗੀਰ ਸਿੰਘ ਜੋਸਨ, ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਣ ਸਿੰਘ ਬੱਲ, ਪਿੰਡ ਤਲਵੰਡੀ ਸਲੇਮ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ, ਸਾਬਕਾ ਪੰਚ ਰਮੇਸ਼ ਕੁਮਾਰ, ਸੁਰਿੰਦਰ ਸਿੰਘ, ਮਜ਼ਦੂਰ ਆਗੂ ਜੀਤਾ ਅਤੇ ਕਈ ਜਥੇਬੰਦੀਆਂ ਦੇ ਸੂਬਾਈ ਆਗੂਆਂ ਦੀ ਅਗਵਾਈ ਹੇਠ ਵਫ਼ਦ ਨਕੋਦਰ ਦੇ ਐੱਸ ਡੀ ਐੱਮ ਸਿਮਰਨਜੀਤ ਸਿੰਘ ਨੂੰ ਮਿਲਿਆ। ਵਫ਼ਦ ਨੇ ਯਾਦਗਾਰ ਦੀ ਬੇਹੁਰਮਤੀ ਕਰਨ ਅਤੇ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਰਪੰਚ ਅਤੇ ਉਸ ਦੇ ਹਮਾਇਤੀਆਂ ’ਤੇ ਕਾਰਵਾਈ ਦੀ ਮੰਗ ਕੀਤੀ। ਐੱਸ ਡੀ ਐੱਮ ਨੇ ਵਫ਼ਦ ਨੂੰ ਇਸ ਸੰਵੇਦਨਸ਼ੀਲ ਮੁੱਦੇ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ।

Advertisement

ਉਨ੍ਹਾਂ ਦੋਸ਼ ਲਾਇਆ ਕਿ ਸੋਮਵਾਰ ਨੂੰ ਸਰਪੰਚ ਪਰਦੀਪ ਸਿੰਘ ਨੇ ਕੰਪਲੈਕਸ ਦੇ ਜਿੰਦਰੇ ਤੋੜ ਕੇ ਕੰਪਲੈਕਸ ਅੰਦਰ ਪੰਘੂੜੇ ਲਗਾ ਕੇ ਅਤੇ ਪੀਂਘਾਂ ਝੂਟਣ ਲਈ ਪਾਈਪਾਂ ਗੱਡ ਕੇ ਨਾ ਸਿਰਫ਼ ਯਾਦਗਾਰ ਦੀ ਬੇਹੁਰਮਤੀ ਕੀਤੀ ਬਲਕਿ ਇਕ ਪਾਸੇ ਦਾ ਗੇਟ ਵੀ ਲਾਹ ਕੇ ਲੈ ਗਏ।

Advertisement

ਅੱਜ ਦੇ ਵਫ਼ਦ ਵਿਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਮਨੋਹਰ ਸਿੰਘ ਗਿੱਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਸੁਖਵਿੰਦਰ ਬਾਗਪੁਰ, ਐਡਵੋਕੇਟ ਸੁਰਿੰਦਰ ਖੀਵਾ, ਪਾਸ਼ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਸੁੱਚਾ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੰਜਾਬ ਪੱਧਰੀ ਸੰਘਰਸ਼ ਵਿਉਂਤਣ ਲਈ 9 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਮੀਟਿੰਗ ਸੱਦੀ ਗਈ ਗਈ ਹੈ।

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਆਗੂ ਗੁਰਚਰਨ ਸਿੰਘ ਚਾਹਲ, ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਜਨਰਲ ਸਕੱਤਰ ਕੰਵਲਜੀਤ ਖੰਨਾ, ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲਾ ਦੇ ਪਾਵੇਲ ਕੁੱਸਾ, ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ ਤੇ ਹੋਰਾਂ ਨੇ ਪਾਸ਼ ਦੀ ਯਾਦਗਾਰ ਨਾਲ ਛੇੜਛਾੜ ਕਰਨ ਦੀ ਸਖ਼ਤ ਨਿੰਦਾ ਕੀਤੀ।

ਸਰਪੰਚ ਨੇ ਦੋਸ਼ ਨਕਾਰੇ

ਪਿੰਡ ਤਲਵੰਡੀ ਸਲੇਮ ਦੇ ਸਰਪੰਚ ਪਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦਾ ਨਾ ਤਾਂ ਜਿੰਦਾ ਤੋੜਿਆ ਹੈ ਕੇ ਨਾ ਹੀ ਗੇਟ ਦਾ ਪੱਲਾ ਉਤਾਰਿਆ ਹੈ। ਉਨ੍ਹਾਂ ਕਿਹਾ ਕਿ ਗੇਟ ਦਾ ਪੱਲਾ ਪਹਿਲਾਂ ਹੀ ਉਤਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਕੰਪਲੈਕਸ ਪੰਚਾਇਤੀ ਥਾਂ ਵਿਚ ਹੈ। ਇਸ ਵਿੱਚ ਸਫ਼ਾਈ ਕਰਵਾ ਕੇ ਪਾਸਿਆਂ ’ਤੇ ਪੰਘੂੜੇ ਲਗਵਾਏ ਗਏ ਹਨ। ਸਰਪੰਚ ਨੇ ਕਿਹਾ ਕਿ ਉਹ ਪਿੰਡ ਵਾਸੀਆਂ ਲਈ ਜਗ੍ਹਾ ਨੂੰ ਵਰਤਣਯੋਗ ਬਣਾਉਣ ਲਈ ਇਸ ਦੀ ਸਫ਼ਾਈ ਕਰਵਾ ਰਹੇ ਹਨ ਨਾ ਕਿ ਕਬਜ਼ਾ ਕਰ ਰਹੇ ਹਨ।

Advertisement
×