ਫਤਹਿਗੜ੍ਹ ਸਾਹਿਬ (ਦਰਸ਼ਨ ਸਿੰਘ ਮਿੱਠਾ): ਕਿਸਾਨਾਂ ਨੇ ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਖੇਤੀਬਾੜੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਇਕ ਵਿਸ਼ਾਲ ਰੋਸ ਮਾਰਚ ਕੱਢਿਆ। ਮਾਰਚ ਵਿਚ ਹਰ ਉਮਰ ਵਰਗ ਦਾ ਵਿਅਕਤੀ ਸ਼ਾਮਲ ਸੀ। ਨੌਜਵਾਨਾ ਨੇ ਇਸ ਮਾਰਚ ਵਿਚ ਵੱਡੀ ਗਿਣਤੀ ’ਚ ਭਾਗ ਲਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਅਤੇ ਨਰਿੰਦਰ ਮੋਦੀ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੋਟਰਸਾਈਕਲ ਤੇ ਕਾਰਾਂ ਉਪਰ ਕਾਲੀਆਂ ਝੰਡੀਆਂ ਲਗਾ ਕੇ ਮਾਰਚ ਜ਼ਿਲ੍ਹੇ ਦੇ ਪਿੰਡ ਭਗੜਾਣਾ ਤੋਂ ਸ਼ੁਰੂ ਹੋਇਆ। ਰੋਸ ਮਾਰਚ ਸਿੰਧੜਾ, ਬਰਾਸ ਸਾਧੂ ਗੜ੍ਹ, ਖਰੌੜਾ, ਮਾਧੋਪੁਰ ਚੌਕ, ਜੀਟੀ ਰੋਡ ਬਾੜਾ ਤੋਂ ਸਰਹਿੰਦ ਸ਼ਹਿਰ ਵਿੱਚੋਂ ਹੁੰਦਾ ਹੋਇਆ ਜ਼ਿਲ੍ਹਾ ਕੰਪਲੈਕਸ ਸ੍ਰੀ ਫ਼ਤਹਿਗੜ੍ਹ ਸਾਹਿਬ ਪਹੁੰਚਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨ ਨੂੰ ਪੰਜਾਬ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਰੋਸ ਵਜੋਂ ਆਏ ਜਥੇ ਨੇ ਡੀਸੀ ਫ਼ਤਿਹਗੜ੍ਹ ਸਾਹਿਬ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜਣ ਲਈ ਤਹਿਸੀਲਦਾਰ ਫਤਹਿਗੜ੍ਹ ਸਾਹਿਬ ਗੁਰਜਿੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਜਿਸ ਵਿੱਚ ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਖੇਤੀਬਾੜੀ, ਆੜ੍ਹਤੀ, ਮਜ਼ਦੂਰ ਅਤੇ ਆਮ ਲੋਕਾਂ ਨਾਲ ਸਬੰਧਤ ਇਨ੍ਹਾਂ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਜਾਂ ਕਿਸਾਨਾਂ ਦੀਆਂ ਮੰਗਾਂ ਅਨੁਸਾਰ ਸੋਧ ਕੀਤੀ ਜਾਵੇ।