ਐੱਸਕੇਐੱਮ ਦੇ ਸੱਦੇ ’ਤੇ ਡੀਸੀ ਬਰਨਾਲਾ ਦਫ਼ਤਰ ਅੱਗੇ ਰੋਸ ਧਰਨਾ
ਸਰਕਾਰਾਂ ਵਿਰੁੱਧ ਨਾਅਰੇਬਾਜ਼ੀ; ਇਕਜੁੱਟ ਹੋ ਕੇ ਵਿਸ਼ਾਲ, ਸਾਂਝੇ ਤੇ ਸਿਰੜੀ ਘੋਲਾਂ ਦੀ ਉਸਾਰੀ ਦਾ ਸੱਦਾ
ਕੇਂਦਰੀ ਸਰਕਾਰ ਦੀਆਂ ਮਾਰੂ ਨੀਤੀਆਂ/ਕਾਨੂੰਨਾਂ ਖਿਲਾਫ਼ ਕਿਸਾਨ-ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਫਰੰਟ ਤੇ ਐੱਸਕੇਐੱਮ ਵੱਲੋਂ ਉਲੀਕੇ ਸੂਬਾ ਪੱਧਰੀ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਧਰਨਿਆਂ ਦੀ ਲੜੀ ਤਹਿਤ ਅੱਜ ਬਰਨਾਲਾ ਡੀ.ਸੀ. ਦਫ਼ਤਰ ਵਿਚ ਕਿਸਾਨ, ਮਜ਼ਦੂਰਾਂ ਤੇ ਮੁਲਾਜ਼ਮਾਂ ਨੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ।
ਬੁਲਾਰਿਆਂ 'ਚ ਸ਼ਾਮਲ ਆਗੂ ਜੋਗਿੰਦਰ ਸਿੰਘ ਉਗਰਾਹਾਂ, ਮਨਜੀਤ ਧਨੇਰ, ਬੂਟਾ ਸਿੰਘ ਬੁਰਜਗਿੱਲ, ਸ਼ੇਰ ਸਿੰਘ ਫਰਵਾਹੀ, ਖੁਸ਼ੀਆ ਸਿੰਘ ਬਰਨਾਲਾ, ਜਗਸੀਰ ਸਿੰਘ ਛੀਨੀਵਾਲ, ਬਾਬੂ ਸਿੰਘ ਖੁੱਡੀ ਕਲਾਂ, ਲਾਭ ਸਿੰਘ ਅਕਲੀਆ, ਮੱਖਣ ਰਾਮਗੜ੍ਹ, ਬੁੱਕਣ ਸਿੰਘ ਤੇ ਮਨਜੀਤ ਰਾਜ ਆਦਿ ਨੇ ਕਿਹਾ ਕਿ ਮੋਦੀ ਸਰਕਾਰ ਜਨਤਕ ਅਦਾਰਿਆਂ ਨੂੰ ਨਿੱਜੀ ਹੱਥਾਂ ’ਚ ਦੇਣ ਤੇ ਲੋਕ ਭਲਾਈ ਸਕੀਮਾਂ/ ਸਬਸਿਡੀਆਂ ਛਾਂਗਣ ਵਾਲੀਆਂ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ। ਸਰਕਾਰ 'ਜੀ ਰਾਮ ਜੀ' ਤਹਿਤ ਮਗਨਰੇਗਾ ਦਾ ਭੋਗ, ਲੇਬਰ ਕੋਡ ਲਿਆਉਣ, ਬਿਜਲੀ ਸੋਧ ਬਿੱਲ- 2025 ਅਤੇ ਬੀਜ ਸੋਧ ਬਿੱਲ, ਮੁਕਤ ਵਪਾਰ ਸਮਝੌਤੇ 'ਚੋ ਖੇਤੀ ਅਤੇ ਸਹਾਇਕ ਧੰਦੇ ਬਾਹਰ ਨਾ ਰੱਖਣ, ਨਿੱਜੀਕਰਨ ਨੂੰ ਬੜਾਵਾ, ਸਰਕਾਰੀ ਜਾਇਦਾਦਾਂ ਵੇਚਣ, ਬਿਜਲੀ ਦੇ ਮੁਕੰਮਲ ਨਿੱਜੀਕਰਨ ਆਦਿ ਰਾਹੀਂ ਮਜ਼ਦੂਰ ਕਿਸਾਨਾਂ ਤੇ ਮੁਲਾਜ਼ਮਾਂ ਸਮੇਤ ਸਮੂਹ ਕਿਰਤ ਜਮਾਤ ਨੂੰ ਬੇਰੁਜ਼ਗਾਰੀ, ਉਜਾੜੇ, ਗ਼ੁਰਬਤ ਅਤੇ ਫਿਰਕੂ ਵੰਡੀਆਂ ਪਾਉਣ ਦੇ ਘਾਤਕ ਰਾਹ ਪੈ ਚੁੱਕੀ ਹੈ।
ਆਗੂਆਂ ਨੇ ਕਿਹਾ ਕਿ ਹਰੀ ਕ੍ਰਾਂਤੀ ਕਾਰਨ ਪਹਿਲਾਂ ਹੀ ਬੇਰੁਜ਼ਗਾਰ ਹੋਏ ਪੇਂਡੂ ਤੇ ਖੇਤ ਮਜ਼ਦੂਰਾਂ ਨੂੰ ਮਨਰੇਗਾ ਰਾਹੀਂ ਮਿਲਦੇ ਨਾਂਮਾਤਰ ਰੁਜ਼ਗਾਰ ਨੂੰ ਖੋਹ ਕੇ ਬੇਰੁਜ਼ਗਾਰਾਂ ਦੀ ਫ਼ੌਜ ਵਧਾਅ ਰਹੀ ਹੈ ਤਾਂ ਕਿ ਚਹੇਤੇ ਕਾਰਪੋਰੇਟਸ ਜਾਂ ਜਗੀਰੂ ਸਰਮਾਏਦਾਰਾਂ ਨੂੰ ਸਸਤੀ ਲੇਬਰ ਮੁਹੱਈਆ ਕਰਵਾਈ ਜਾ ਸਕੇ। ਆਗੂਆਂ ਨੇ ਸੂਬੇ ਦੀ 'ਆਪ' ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਵੀ ਜਨਤਕ ਅਦਾਰਿਆਂ ਦੀਆਂ ਜਾਇਦਾਦਾਂ ਵੇਚਣ ਅਤੇ ਸਰਕਾਰੀ ਮਹਿਕਮਿਆਂ 'ਚ ਪੱਕੀ ਭਰਤੀ ਦੀ ਥਾਂ ਨਿਗੂਣੀਆਂ ਤਨਖਾਹਾਂ 'ਤੇ ਠੇਕਾ ਭਰਤੀ ਦੀ ਨੀਤੀ ਲਾਗੂ ਕਰ ਰਹੀ ਹੈ। ਉਨ੍ਹਾਂ ਬਿਜਲੀ ਦੇ ਨਿੱਜੀਕਰਨ ਬਾਰੇ ਸਰਕਾਰਾਂ ਵੱਲੋਂ ਮਹਿਕਮੇ ਨੂੰ ਘਾਟੇ ਦੀ ਪਾਈ ਜਾ ਰਹੀ ਬੂ ਦੁਹਾਈ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ। ਆਗੂਆਂ ਨੇ ਲੋਕ ਪੱਖੀ ਤੇ ਹੱਕੀ ਆਵਾਜ਼ਾਂ ਨੂੰ ਦਬਾਉਣ ਹਿਤ ਦਰਜ ਝੂਠੇ ਪੁਲੀਸ ਪਰਚਿਆਂ ਤੇ ਗ੍ਰਿਫ਼ਤਾਰੀਆਂ ਦੀ ਪੁਰਜ਼ੋਰ ਨਿੰਦਾ ਕੀਤੀ।
ਬੁਲਾਰਿਆਂ ਨੇ ਮੰਚ ਤੋਂ ਸਮਾਜ ਦੇ ਸਮੂਹ ਵਰਗਾਂ ਨੂੰ ਇਕਜੁੱਟ ਹੋ ਕੇ ਵਿਸ਼ਾਲ, ਸਾਂਝੇ ਤੇ ਸਿਰੜੀ ਘੋਲਾਂ ਦੀ ਉਸਾਰੀ ਦਾ ਸੱਦਾ ਦਿੱਤਾ। ਧਰਨੇ 'ਚ ਬੀਬੀਆਂ ਦੀ ਸ਼ਮੂਲੀਅਤ ਵੀ ਰਹੀ। ਧਰਨੇ ਦੌਰਾਨ ਆਕਾਸ਼ ਗੁੰਜਾਊ ਨਾਅਰੇਬਾਜ਼ੀ ਕੀਤੀ ਗਈ। ਵਫ਼ਦ ਵੱਲੋਂ ਡੀਸੀ ਬਰਨਾਲਾ ਕੀ ਬੈਨਿਥ ਨੂੰ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਵੀ ਸੌਂਪਿਆ ਗਿਆ। ਇਸ ਮੌਕੇ ਕਮਲਜੀਤ ਕੌਰ ਬਰਨਾਲਾ, ਡਾ.ਰਜਿੰਦਰ ਪਾਲ, ਗੁਰਪ੍ਰੀਤ ਸਿੰਘ ਰੂੜੇਕੇ, ਜਗਰਾਜ ਸਿੰਘ ਰਾਮਾ,ਪਵਿੱਤਰ ਸਿੰਘ ਲਾਲੀ, ਮਨਜੀਤ ਰਾਜ, ਕੁਲਦੀਪ ਸਿੰਘ ਬਰਨਾਲਾ, ਸ਼ਿੰਦਰ ਸਿੰਘ ਧੌਲਾ, ਜੱਗਾ ਸਿੰਘ, ਗੁਰਜੰਟ ਸਿੰਘ ਮਾਨਸਾ, ਜਸਮੇਲ ਸਿੰਘ ਕਾਲੇਕੇ, ਸਤਿੰਦਰਪਾਲ ਸਿੰਘ, ਸੁਖਜੰਟ ਸਿੰਘ ਜਗਤਾਰ ਸਿੰਘ , ਗੋਰਾ ਸਿੰਘ ਢਿਲਵਾਂ , ਅਮਰਜੀਤ ਕੁੱਕੂ, ਕੁਲਵੰਤ ਸਿੰਘ ਭਦੌੜ , ਇੰਦਰਪਾਲ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

