ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 15 ਜੁਲਾਈ
ਕੋਵਿਡ-19 ਦੇ ਕੇਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਪੰਜਾਬ ਸਰਕਾਰ ਵੱਲੋਂ ਵੱਡੇ ਇਕੱਠਾਂ ’ਤੇ ਲਾਈਆਂ ਪਾਬੰਦੀਆਂ ਦੇ ਬਾਵਜੂਦ ਅੱਜ ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਇੱਥੇ ਕਿਰਤ ਕਮਿਸ਼ਨਰ ਦਫ਼ਤਰ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਨ੍ਹਾਂ ਵਲੋਂ ਛਾਂਟੀ ਦੀ ਨੀਤੀ ਰੱਦ ਕਰਵਾਉਣ ਤੇ ਬਰਖ਼ਾਸਤ ਕੀਤੇ ਕਾਮੇ ਬਹਾਲ ਕਰਵਾਉਣ, ਡਿਊਟੀ ਦੌਰਾਨ ਕਰੰਟ ਲੱਗਣ ਕਾਰਨ ਫ਼ੌਤ ਹੋਏ ਅਤੇ ਅਪੰਗ ਹੋਏ ਬਿਜਲੀ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀ ਤੇ ਯੋਗ ਮੁਆਵਜ਼ਾ ਦਿਵਾਊਣ ਦੀ ਮੰਗ ਕੀਤੀ ਗਈ।
ਆਪਣੇ ਹੱਕਾਂ ਲਈ ਸੰਘਰਸ਼ਸ਼ੀਲ ਠੇਕਾ ਮੁਲਾਜ਼ਮਾਂ ਨੇ ਪਾਬੰਦੀ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਅੱਜ ਆਪਣੇ ਪਰਿਵਾਰਾਂ ਨਾਲ ਸੂਬਾ ਪੱਧਰੀ ਧਰਨਾ ਦਿੱਤਾ। ਧਰਨੇ ਵਿਚ ਸ਼ਾਮਲ ਮ੍ਰਿਤਕ ਕਾਮਿਆਂ ਦੀਆਂ ਵਿਧਵਾਵਾਂ ਅਤੇ ਮਾਪਿਆਂ ਨੇ ਪਾਵਰਕੌਮ ਮੈਨੇਜਮੈਂਟ ਅਤੇ ਹੁਕਮਰਾਨਾਂ ਨੂੰ ਰੱਜ ਕੇ ਕੋਸਿਆ। ਧਰਨੇ ਵਾਲੀ ਥਾਂ ’ਤੇ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕੀਤੀ ਸੀ। ਰੋਹ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਚੱਕਾ ਜਾਮ ਕਰਕੇ ਰੋਸ ਵਿਖਾਵਾ ਕੀਤਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਜਨਰਲ ਸਕੱਤਰ ਵਰਿੰਦਰ ਸਿੰਘ, ਮੀਤ ਪ੍ਰਧਾਨ ਰਾਜੇਸ਼ ਕੁਮਾਰ ਨੇ ਕਿਹਾ ਕਿ ਕਰੋਨਾ ਸੰਕਟ ਦੌਰਾਨ ਪਾਵਰਕੌਮ ਸੀ.ਐੱਚ.ਬੀ ਠੇਕਾ ਕਾਮੇ ਆਪਣੀ ਜਾਨ ਜ਼ੋਖ਼ਮ ਵਿੱਚ ਪਾ ਕੇ ਐਮਰਜੈਂਸੀ ਡਿਊਟੀਆਂ ਨਿਭਾ ਰਹੇ ਹਨ ਅਤੇ ਕਰੋਨਾ ਕਾਲ ਦੌਰਾਨ ਕਰੰਟ ਲੱਗਣ ਕਾਰਨ 15 ਕਾਮਿਆਂ ਦੀ ਜਾਨ ਚਲੀ ਗਈ ਹੈ ਅਤੇ ਕਈ ਠੇਕਾ ਮੁਲਾਜ਼ਮ ਅਪਾਹਜ ਹੋ ਗਏ। ਪਿਛਲੇ ਚਾਰ ਸਾਲਾਂ ਵਿੱਚ ਹੁਣ ਤੱਕ 155 ਕਾਮਿਆਂ ਦੀ ਮੌਤ ਹੋ ਚੁੱਕੀ ਹੈ ਪ੍ਰੰਤੂ ਰਾਜ ਸਰਕਾਰ ਤੇ ਪਾਵਰਕੌਮ ਮੈਨੇਜਮੈਂਟ ਯੋਗ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਤੋਂ ਭੱਜ ਰਹੀ ਹੈ ਅਤੇ ਊਲਟਾ ਛਾਂਟੀ ਕਰਨ ਦੇ ਰਾਹ ਪੈ ਗਈ ਹੈ। ਸਾਲ ਪਹਿਲਾਂ ਬਰਨਾਲਾ ਅਤੇ ਹੁਣ ਖੰਨਾ ਸਰਕਲ, ਸ੍ਰੀ ਮੁਕਤਸਰ ਸਾਹਿਬ ਵਿੱਚ ਠੇਕਾ ਕਾਮਿਆਂ ਦੀ ਛਾਂਟੀ ਦਾ ਪੱਤਰ ਜਾਰੀ ਕਰ ਦਿੱਤਾ ਹੈ ਜਦੋਂਕਿ ਅਬੋਹਰ ਅਤੇ ਫਾਜ਼ਿਲਕਾ, ਲੰਬੀ ਡਿਵੀਜ਼ਨ ਵਿੱਚ ਅੱਜ ਤੋਂ ਕਾਮਿਆਂ ਦੀ ਗਿਣਤੀ ਜ਼ੀਰੋ ਕਰ ਦਿੱਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਪਿਛਲੇ ਸਾਲ 22 ਜੁਲਾਈ ਤੋਂ ਲੈ ਕੇ ਹੁਣ ਤੱਕ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਪਾਵਰਕੌਮ ਮੈਨੇਜਮੈਂਟ ਅਤੇ ਕਿਰਤ ਵਿਭਾਗ ਦੇ ਅਧਿਕਾਰੀਆਂ ਨਾਲ ਅੱਠ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਉੱਚ ਅਧਿਕਾਰੀਆਂ ਨੇ ਠੇਕਾ ਕਾਮਿਆਂ ਦੀ ਛਾਂਟੀ ਨਾ ਕਰਨ ਅਤੇ ਹੋਰ ਜਾਇਜ਼ ਮੰਗਾਂ ਪ੍ਰਤੀ ਸਹਿਮਤੀ ਪ੍ਰਗਟਾਈ ਸੀ ਪ੍ਰੰਤੂ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ।
ਮੋਬਾਈਲ ਟਾਵਰ ’ਤੇ ਚੜ੍ਹੇ ਦੋ ਮੁਲਾਜ਼ਮ
ਦੇਰ ਸ਼ਾਮ ਧਰਨੇ ’ਤੇ ਬੈਠੇ ਦੋ ਠੇਕਾ ਮੁਲਾਜ਼ਮ ਪੁਲੀਸ ਨੂੰ ਝਕਾਨੀ ਦੇ ਕੇ ਮੋਬਾਈਲ ਟਾਵਰ ’ਤੇ ਚੜ੍ਹ ਗਏ, ਜਿਸ ਕਾਰਨ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਬਾਅਦ ਵਿੱਚ ਐੱਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਅਤੇ ਡੀਐੱਸਪੀ ਦੀਪ ਕੰਵਲ ਨੇ ਯੂਨੀਅਨ ਦੇ ਮੋਹਰੀ ਆਗੂਆਂ ਦੀ ਕਿਰਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ। ਅਧਿਕਾਰੀਆਂ ਨੇ ਭਲਕੇ 16 ਜੁਲਾਈ ਨੂੰ ਬਾਅਦ ਦੁਪਹਿਰ ਪਾਵਰਕੌਮ ਦੇ ਪ੍ਰਬੰਧਕੀ ਡਾਇਰੈਕਟਰ ਨਾਲ ਮੀਟਿੰਗ ਕਰਵਾਉਣ ਅਤੇ ਹਫ਼ਤੇ ਬਾਅਦ ਕਿਰਤ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਲਿਖਤੀ ਭਰੋਸਾ ਦਿੱਤਾ। ਇਸ ਮਗਰੋਂ ਰਾਤ 9 ਵਜੇ ਠੇਕਾ ਮੁਲਾਜ਼ਮਾਂ ਨੇ ਆਪਣਾ ਧਰਨਾ ਖ਼ਤਮ ਕਰਨ ਦਾ ਐਲਾਨ ਕੀਤਾ ਅਤੇ ਟਾਵਰ ’ਤੇ ਚੜ੍ਹੇ ਦੋ ਠੇਕਾ ਮੁਲਾਜ਼ਮ ਵੀ ਹੇਠਾਂ ਊੱਤਰ ਗਏ।