ਬੀ ਐੱਸ ਚਾਨਾ
ਸ੍ਰੀ ਕੀਰਤਪੁਰ ਸਾਹਿਬ, 24 ਅਗਸਤ
ਸ੍ਰੀ ਕੀਰਤਪੁਰ ਸਾਹਿਬ-ਬਿਲਾਸਪੁਰ (ਹਿਮਾਚਲ ਪ੍ਰਦੇਸ਼) ਕੌਮੀ ਮਾਰਗ ’ਤੇ ਅੱਜ ਪਿੰਡ ਮੌੜਾ ਅਤੇ ਨੇੜਲੇ ਪਿੰਡਾਂ ਦੇ ਲੋਕਾਂ ਨੇ ਐਕੁਆਇਰ ਜ਼ਮੀਨ ਦੀ ਪੂਰੀ ਅਦਾਇਗੀ ਨਾ ਹੋਣ ਦੇ ਰੋਸ ਵਜੋਂ ਧਰਨਾ ਦਿੰਦਿਆਂ ਟੌਲ ਪਲਾਜ਼ੇ ਦੀ ਇੱਕ ਲੇਨ ਬੰਦ ਕਰ ਦਿੱਤੀ। ਲੋਕਾਂ ਨੇ ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਸੁੱਚਾ ਸਿੰਘ, ਪਵਨ ਸਿੰਘ, ਭਾਗਾ ਰਾਮ, ਧਨੀ ਰਾਮ, ਕੁਲਬੀਰ ਸਿੰਘ, ਸੀਤਾ ਰਾਮ, ਹਰੀ ਰਾਮ, ਸੁਖਵਿੰਦਰ ਸਿੰਘ, ਕਰਮ ਚੰਦ, ਤਾਰਾ ਚੰਦ, ਕਮਲ ਸਿੰਘ, ਜੋਗਿੰਦਰ ਸਿੰਘ, ਦਿਨੇਸ਼ ਕੁਮਾਰ, ਹਰਬੰਸ ਲਾਲ ਤੇ ਸੋਹਣ ਸਿੰਘ ਨੇ ਦੱਸਿਆ ਕਿ ਟੌਲ ਪਲਾਜ਼ਾ ਖੁੱਲ੍ਹਣ ਮਗਰੋਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਐਕੁਆਇਰ ਜ਼ਮੀਨਾਂ ਦੀ ਅਦਾਇਗੀ ਬਕਾਇਆ ਹੈ, ਜਿਸ ਕਾਰਨ ਪੂਰੀ ਅਦਾਇਗੀ ਕੀਤੇ ਬਿਨਾਂ ਟੌਲ ਪਰਚੀ ਕਰਨ ਦਾ ਉਹ ਵਿਰੋਧ ਕਰਨਗੇ। ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਵਿਕਾਸ ਦੀਪ ਨੇ ਧਰਨਾਕਾਰੀਆਂ ਤੋਂ ਮੰਗ ਪੱਤਰ ਲੈਂਦਿਆਂ ਭਰੋਸਾ ਦਿੱਤਾ ਕਿ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ, ਜਿਸ ਮਗਰੋਂ ਲੋਕਾਂ ਨੇ ਧਰਨਾ ਚੁੱਕਿਆ।