Himachal Entry Tax: ਹਿਮਾਚਲ ਟੈਕਸ ਖ਼ਿਲਾਫ਼ ਨੂਰਪੁਰ ਬੇਦੀ ਤੋਂ ਮੁੜ ਸੰਘਰਸ਼ ਸ਼ੁਰੂ
ਹਿਮਾਚਲ ਐਂਟਰੀ ਟੈਕਸ ਦੇ ਵਿਰੋਧ ਵਿੱਚ ਨੂਰਪੁਰ ਬੇਦੀ ਤੋਂ ਸੰਘਰਸ਼ ਨੇ ਫਿਰ ਨਵਾਂ ਰੁਖ ਅਖ਼ਤਿਆਰ ਕਰ ਲਿਆ। ਵੱਖ-ਵੱਖ ਕਿਸਾਨ, ਟੈਕਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਸਾਂਝੇ ਮੰਚ ਤੋਂ ਹਿਮਾਚਲ ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਸੰਘਰਸ਼ ਦਾ ਐਲਾਨ ਕਰਦਿਆਂ 26 ਜੁਲਾਈ ਤੋਂ...
ਹਿਮਾਚਲ ਐਂਟਰੀ ਟੈਕਸ ਦੇ ਵਿਰੋਧ ਵਿੱਚ ਨੂਰਪੁਰ ਬੇਦੀ ਤੋਂ ਸੰਘਰਸ਼ ਨੇ ਫਿਰ ਨਵਾਂ ਰੁਖ ਅਖ਼ਤਿਆਰ ਕਰ ਲਿਆ। ਵੱਖ-ਵੱਖ ਕਿਸਾਨ, ਟੈਕਸੀ ਅਤੇ ਧਾਰਮਿਕ ਜਥੇਬੰਦੀਆਂ ਨੇ ਸਾਂਝੇ ਮੰਚ ਤੋਂ ਹਿਮਾਚਲ ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਸੰਘਰਸ਼ ਦਾ ਐਲਾਨ ਕਰਦਿਆਂ 26 ਜੁਲਾਈ ਤੋਂ ਘਨੌਲੀ-ਨਾਲਾਗੜ੍ਹ ਸਟੇਟ ਹਾਈਵੇਅ ਸਥਿਤ ਢੇਰੋਵਾਲ ਐਂਟਰੀ ਟੌਲ ਨਾਕੇ ’ਤੇ ਅਣਮਿੱਥੇ ਸਮੇਂ ਲਈ ਪੱਕਾ ਮੋਰਚਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਨੂਰਪੁਰ ਬੇਦੀ ਦੇ ਪੁਰਾਣੇ ਬੱਸ ਸਟੈਂਡ ਚੌਕ ਵਿਖੇ ਹੋਏ ਪ੍ਰਦਰਸ਼ਨ ਦੌਰਾਨ ਪੰਜਾਬ ਮੋਰਚਾ, ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ), ਆਜ਼ਾਦ ਟੈਕਸੀ ਯੂਨੀਅਨ, ਨੂਰਪੁਰ ਬੇਦੀ ਟੈਕਸੀ ਯੂਨੀਅਨ ਅਤੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਭਰਵੀਂ ਬਾਰਿਸ਼ ਦੇ ਬਾਵਜੂਦ ਸੰਘਰਸ਼ਕਾਰੀਆਂ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂ ਬਾਬਾ ਅੱਛਰ ਸਿੰਘ ਮਹਾਕਾਲ, ਭਾਰਤੀ ਕਿਸਾਨ ਯੂਨੀਅਨ (ਬਹਿਰਾਮਕੇ) ਦੇ ਜ਼ਿਲ੍ਹਾ ਪ੍ਰਧਾਨ ਕਰਨਵੀਰ ਸਿੰਘ, ਅਵਤਾਰ ਸਿੰਘ, ਕਿਰਤੀ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਵੀਰ ਸਿੰਘ ਬੜਵਾ, ਸੰਯੁਕਤ ਕਿਸਾਨ ਮੋਰਚਾ ਦੇ ਜ਼ਿਲ੍ਹਾ ਕਨਵੀਨਰ ਧਰਮਪਾਲ ਸੈਣੀ ਮਾਜਰਾ ਸੰਘਰਸ਼ੀ ਆਗੂ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ, ਹਰਪ੍ਰੀਤ ਸਿੰਘ ਭੱਟੋ, ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੋਹਣ ਸਿੰਘ ਭੈਣੀ, ਬਾਬਾ ਕਮਲਜੀਤ ਸਿੰਘ ਜੱਸੀ ਨਲਹੋਟੀ ਅਤੇ ਨੂਰਪੁਰ ਬੇਦੀ ਟੈਕਸੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਸਮੇਤ ਵੱਖ-ਵੱਖ ਆਗੂਆਂ ਨੇ ਕਿਹਾ ਕਿ ਹਿਮਾਚਲ ਸਰਕਾਰ ਕਿਸੇ ਭਰਮ ਵਿੱਚ ਨਾ ਰਹੇ। ਜਦੋਂ ਤੱਕ ਰੂਪਨਗਰ, ਮੁਹਾਲੀ, ਪਠਾਨਕੋਟ ਅਤੇ ਹੁਸ਼ਿਆਰਪੁਰ ਵਰਗੇ ਸਰਹੱਦੀ ਜ਼ਿਲ੍ਹਿਆਂ ਨੂੰ ਹਿਮਾਚਲ ਐਂਟਰੀ ਟੈਕਸ ਤੋਂ ਪੂਰੀ ਤਰ੍ਹਾਂ ਮੁਕਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਕਿਸੇ ਵੀ ਕੀਮਤ ’ਤੇ ਮੱਠਾ ਨਹੀਂ ਪਵੇਗਾ।

