ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 28 ਜੂਨ
ਇੱਥੋਂ ਨੇੜਲੇ ਪਿੰਡ ਰਾਮਪੁਰਾ ਦੇ ਗੁਰਦੁਆਰੇ ਵਿਖੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਇਲਾਕਾ ਵਾਸੀਆਂ ਵਿਚ ਰੋਸ ਫੈਲ ਗਿਆ। ਗੁਰੂ ਘਰ ਦੇ ਗ੍ਰੰਥੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਸਵੇਰ ਗੁਰੂ ਗ੍ਰੰਥ ਸਾਹਿਬ ਦੇ 7 ਅੰਗਾਂ ਦੀ ਬੇਅਦਬੀ ਕਰਨ ਦਾ ਪਤਾ ਲੱਗਾ। ਉਨ੍ਹਾਂ ਇਸ ਸਬੰਧੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੂਚਿਤ ਕੀਤਾ। ਕਮੇਟੀ ਵੱਲੋਂ ਜਦੋਂ ਸੀਸੀਟੀਵੀ ਕੈਮਰਿਆਂ ਦੀ ਪੜਤਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ 12 ਸਾਲਾ ਲੜਕੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮੌਕੇ ਕਥਾਵਾਚਕ ਹਰਜਿੰਦਰ ਸਿੰਘ ਮਾਝੀ, ਗੁਰਦੀਪ ਸਿੰਘ ਕਾਲਾਝਾੜ, ਨਿਰਮਲ ਸਿੰਘ ਭੜ੍ਹੋ, ਸੁਖਵਿੰਦਰ ਸਿੰਘ ਬਲਿਆਲ, ਗੁਰਨੈਬ ਸਿੰਘ ਰਾਮਪੁਰਾ, ਅਵਤਾਰ ਸਿੰਘ ਬਲਿਆਲ ਅਤੇ ਸਰਪੰਚ ਦੇ ਪਤੀ ਅਮਨਦੀਪ ਸਿੰਘ ਕਾਲਾ ਨੰਬਰਦਾਰ ਨੇ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਵਿੱਚ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਇਸ ਬੱਚੀ ਪਿੱਛੇ ਕੋਈ ਹੋਰ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਿਸੇ ਡੂੰਘੀ ਸਾਜ਼ਿਸ਼ ਅਧੀਨ ਕੀਤੀਆਂ ਜਾ ਰਹੀਆਂ ਹਨ। ਐਸਪੀ ਸੰਗਰੂਰ ਸ਼ਰਨਜੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਇਸ ਮਾਮਲੇ ਵਿਚ ਲੜਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਤੋਂ ਪੜਤਾਲ ਕੀਤੀ ਜਾਵੇਗੀ। ਗੁਰਦੁਆਰੇ ਨੇੜੇ ਭਾਰੀ ਪੁਲੀਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਹੈ।