ਅੱਠ ਪਿੰਡਾਂ ਦੀ ਜ਼ਮੀਨ ਐਕੁਆਇਰ ਕਰਨ ਦੀ ਕਾਰਵਾਈ ਸ਼ੁਰੂ
ਗਮਾਡਾ ਨੇ ਪੁਰਾਣੇ ਭੂਮੀ ਗ੍ਰਹਿਣ ਐਕਟ ਰਾਹੀਂ ਮੁਹਾਲੀ ਦੇ ਏਅਰੋਟ੍ਰੋਪੋਲਿਸ ਖੇਤਰ ਦਾ ਵਿਸਥਾਰ ਕਰਨ ਲਈ ਅੱਠ ਪਿੰਡਾਂ ਦੀ 3513 ਏਕੜ ਜ਼ਮੀਨ ਐਕੁਵਾਇਰ ਕਰਨ ਲਈ ਐਕਟ ਦੀ ਧਾਰਾ ਚਾਰ ਤਹਿਤ ਇਸ਼ਤਿਹਾਰ ਪ੍ਰਕਾਸ਼ਿਤ ਕਰਨ ਤੋਂ ਬਾਅਦ ਧਾਰਾ ਪੰਜ ਅਧੀਨ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਆਰੰਭ ਦਿੱਤਾ ਹੈ। ਇਸ ਤੋਂ ਬਾਅਦ ਕਿਸਾਨਾਂ ਲਈ ਜ਼ਮੀਨ ਦਾ ਐਵਾਰਡ ਐਲਾਨਿਆ ਜਾਵੇਗਾ।
ਏਅਰੋਟ੍ਰੋਪੋਲਿਸ ਖੇਤਰ ਵਿੱਚ ਏ, ਬੀ, ਸੀ, ਡੀ ਤੱਕ ਚਾਰ ਪਾਕੇਟਾਂ ਪਹਿਲਾਂ ਹੀ ਸਥਾਪਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੁਣ ਈ, ਐੱਫ, ਜੀ, ਐੱਚ, ਆਈ ਅਤੇ ਜੇ ਤੱਕ ਦੀ ਪਾਕੇਟਾਂ ਲਈ ਅੱਠ ਪਿੰਡਾਂ ਬੜੀ, ਬਾਕਰਪੁਰ, ਕਿਸ਼ਨਪੁਰਾ, ਛੱਤ, ਪੱਤੋਂ, ਕੁਰੜੀ, ਸਿਆਊ, ਮਟਰਾਂ ਦੀ ਜ਼ਮੀਨ ਐਕੁਵਾਇਰ ਕੀਤੀ ਜਾਣੀ ਹੈ। ਈ ਪਾਕੇਟ ਲਈ 758 ਏਕੜ, ਐੱਫ ਲਈ 445 ਏਕੜ, ਜੀ ਲਈ 498 ਏਕੜ, ਐੱਚ ਲਈ 879 ਏਕੜ, ਆਈ ਲਈ 467 ਏਕੜ ਅਤੇ ਜੇ ਲਈ 468 ਏਕੜ ਜ਼ਮੀਨ ਗ੍ਰਹਿਣ ਕੀਤੀ ਜਾਣੀ ਹੈ।
ਗਮਾਡਾ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਇਨ੍ਹਾਂ ਪਿੰਡਾਂ ਦੇ ਸਮਾਜਿਕ ਪ੍ਰਭਾਵ ਮੁਲਾਂਕਣ ਅਧਿਐਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪ੍ਰਿੰਸੀਪਲ ਡਾ. ਸੰਜੀਵ ਕੁਮਾਰ ਦੀ ਅਗਵਾਈ ਹੇਠ ਡਾ. ਗੁਰਲਾਲ ਸਿੰਘ ਪੰਨੂ, ਡਾ. ਸੰਜੀਵ ਕੁਮਾਰ ਅਤੇ ਡਾ. ਅਵਨੀਤ ਕੌਰ ’ਤੇ ਆਧਾਰਿਤ ਟੀਮ ਵੱਲੋਂ 10 ਨਵੰਬਰ ਨੂੰ ਬੜੀ, ਬਾਕਰਪੁਰ, ਕਿਸ਼ਨਪੁਰਾ ਅਤੇ ਛੱਤ ਪਿੰਡਾਂ ਦੀ ਸੁਣਵਾਈ ਕੀਤੀ ਗਈ ਹੈ। ਅੱਜ ਪਿੰਡ ਪੱਤੋਂ ਅਤੇ ਕੁਰੜੀ ਵਿੱਚ ਪਿੰਡ ਵਾਸੀਆਂ ਦੇ ਵਿਚਾਰ ਦਰਜ ਕੀਤੇ ਗਏ।
ਪਿੰਡ ਕੁਰੜੀ ਦੇ ਸਰਪੰਚ ਨਾਹਰ ਸਿੰਘ, ਨੰਬਰਦਾਰ ਬਲਜੀਤ ਸਿੰਘ, ਜਗਰੂਪ ਸਿੰਘ, ਅਰਵਿੰਦਰ ਸਿੰਘ ਲਵਲੀ, ਗੁਰਪ੍ਰੀਤ ਸਿੰਘ, ਦਵਿੰਦਰ ਸਿੰਘ, ਗੁਲਾਬ ਸਿੰਘ, ਹਰਪਾਲ ਸਿੰਘ ਸਣੇ ਪ੍ਰਭਾਵਿਤ ਕਿਸਾਨਾਂ ਨੇ ਟੀਮ ਨੂੰ ਆਪਣੇ ਲਿਖਤੀ ਇਤਰਾਜ਼ ਅਤੇ ਦਾਅਵੇ ਪੇਸ਼ ਕੀਤੇ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਜ਼ਮੀਨਾਂ ਵੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਗਮਾਡਾ ਵੱਲੋਂ ਲੈਂਡ ਪੂਲਿੰਗ ਤਹਿਤ ਦਿੱਤੀ ਜਾਂਦੀ 1200 ਵਰਗ ਗਜ਼ ਥਾਂ ਨੂੰ ਵਧਾ ਕੇ 1400 ਵਰਗ ਗਜ਼ ਕੀਤਾ ਜਾਵੇ। ਇੱਕ ਪਰਿਵਾਰ ਦੇ ਮੈਂਬਰਾਂ ਨੂੰ ਲੈਂਡ ਪੂਲਿੰਗ ਤਹਿਤ ਪਲਾਟ ਇੱਕੋ ਥਾਂ ਦਿੱਤੇ ਜਾਣ, ਪਲਾਟਾਂ ਅਤੇ ਸ਼ੋਅਰੂਮਾਂ, ਬੂਥਾਂ ਦੀ ਅਲਾਟਮੈਂਟ ਅਤੇ ਵਿਕਾਸ ਸਮਾਂਬੱਧ ਕੀਤਾ ਜਾਵੇ। ਕਿਸਾਨਾਂ ਨੂੰ ਪ੍ਰਾਈਮ ਲੋਕੇਸ਼ਨਾਂ ਵਿੱਚ ਵੀ ਬਰਾਬਰ ਦੇ ਸ਼ੋਅਰੂਮ ਅਤੇ ਬੂਥ ਅਲਾਟ ਕੀਤੇ ਜਾਣ ਆਦਿ। ਬਾਕੀ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਨੇ ਵੀ ਆਪਣੀਆਂ ਮੰਗਾਂ ਟੀਮ ਨੂੰ ਸੌਂਪੀਆਂ ਹਨ।
