ਪ੍ਰਾਈਵੇਟ ਥਰਮਲ: ਮਹਿੰਗੀ ਬਿਜਲੀ, ਵੱਡੇ ਝਟਕੇ

ਪ੍ਰਾਈਵੇਟ ਥਰਮਲ: ਮਹਿੰਗੀ ਬਿਜਲੀ, ਵੱਡੇ ਝਟਕੇ

ਚਰਨਜੀਤ ਭੁੱਲਰ
ਚੰਡੀਗੜ੍ਹ, 5 ਜੁਲਾਈ

ਪੰਜਾਬ ਦੇ ਪ੍ਰਾਈਵੇਟ ਥਰਮਲਾਂ ਦੀ ਮਹਿੰਗੀ ਬਿਜਲੀ ਹੁਣ ਪੰਜਾਬ ਸਰਕਾਰ ਨੂੰ ‘ਝਟਕਾ’ ਨਹੀਂ ਦਿੰਦੀ ਸਗੋਂ ਸਰਕਾਰ ਸਸਤੀ ਬਿਜਲੀ ਤੋਂ ਕਿਨਾਰਾ ਕਰਨ ਲੱਗੀ ਹੈ। ਪਾਵਰਕੌਮ ਦਾ 2019-20 ਦਾ ਬਿਜਲੀ ਖ਼ਰੀਦ ਅੰਕੜਾ ਸਰਕਾਰ ’ਤੇ ਉਂਗਲ ਚੁੱਕਦਾ ਹੈ। ਪਾਵਰਕੌਮ ਨੇ ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪਲਾਂਟਾਂ ਨੂੰ ਇੱਕੋ ਵਰ੍ਹੇ ਵਿਚ ਮਹਿੰਗੀ ਬਿਜਲੀ ਦੇ ਵਾਧੂ 4,390 ਕਰੋੜ ਰੁਪਏ ਅਦਾ ਕੀਤੇ ਹਨ। ਜੇਕਰ ਦੂਸਰੇ ਸੂਬਿਆਂ ਤੋਂ ਇਹੀ ਬਿਜਲੀ ਖ਼ਰੀਦੀ ਜਾਂਦੀ ਤਾਂ ਇਹ ਪੈਸਾ ਬਚ ਸਕਦਾ ਸੀ। ਕਾਬਿਲੇਗੌਰ ਹੈ ਕਿ ਖ਼ਜ਼ਾਨਾ ਮੰਤਰੀ  ਮਨਪ੍ਰੀਤ ਸਿੰਘ ਬਾਦਲ ਆਖਦੇ ਹਨ ਕਿ ਬਠਿੰਡਾ ਥਰਮਲ ਤੋਂ ਬਿਜਲੀ ਮਹਿੰਗੀ ਪੈਂਦੀ ਸੀ ਅਤੇ ਬਾਹਰੋਂ ਬਿਜਲੀ ਸਸਤੀ ਪੈਂਦੀ ਹੈ। ਇਸ ਕਰ ਕੇ ਇਹ ਥਰਮਲ ਬੰਦ ਕੀਤਾ ਗਿਆ ਹੈ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਜਦੋਂ 2019-20 ਦੇ ਬਿਜਲੀ ਖ਼ਰੀਦ ਅੰਕੜੇ ਦੀ ਸਮੀਖਿਆ ਕੀਤੀ ਗਈ ਤਾਂ ਕਈ ਤੱਥ ਉੱਭਰ ਕੇ ਸਾਹਮਣੇ ਆਏ। ਵੇਰਵਿਆਂ ਅਨੁਸਾਰ ਪਾਵਰਕੌਮ ਵੱਲੋਂ ਬਾਹਰੋਂ ਖ਼ਰੀਦੀ ਬਿਜਲੀ ਪ੍ਰਤੀ ਯੂਨਿਟ 3.94 ਰੁਪਏ ਹੈ ਜਦਕਿ ਗੋਇੰਦਵਾਲ ਥਰਮਲ ਤੋਂ ਇਹੋ ਬਿਜਲੀ 9.54 ਰੁਪਏ ਪ੍ਰਤੀ ਯੂਨਿਟ ਖ਼ਰੀਦੀ ਗਈ ਹੈ। ਪਾਵਰਕੌਮ ਨੇ ਇਸੇ ਤਰ੍ਹਾਂ ਤਲਵੰਡੀ ਸਾਬੋ ਥਰਮਲ ਤੋਂ 6.63 ਰੁਪਏ ਪ੍ਰਤੀ ਯੂਨਿਟ ਅਤੇ ਰਾਜਪੁਰਾ ਥਰਮਲ ਪਲਾਂਟ ਤੋਂ 5.06 ਰੁਪਏ ਪ੍ਰਤੀ ਯੂਨਿਟ ਖ਼ਰੀਦ ਕੀਤੀ ਹੈ। ਸੋਲਰ ਅਤੇ ਬਾਇਓਮਾਸ ਪ੍ਰਾਜੈਕਟਾਂ ਤੋਂ ਇਹੋ ਬਿਜਲੀ 6.55 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਖ਼ਰੀਦੀ ਗਈ। ਸੁਆਲ ਉੱਠੇ ਹਨ ਕਿ ਜਦੋਂ ਬਾਹਰੋਂ ਬਿਜਲੀ 3.94 ਰੁਪਏ ਪ੍ਰਤੀ ਯੂਨਿਟ ਮਿਲਦੀ ਸੀ ਤਾਂ ਪ੍ਰਾਈਵੇਟ ਥਰਮਲਾਂ ਤੋਂ ਵੱਧ ਭਾਅ ’ਤੇ ਬਿਜਲੀ ਕਿਉਂ ਖ਼ਰੀਦੀ ਗਈ। ਬਾਹਰੋਂ ਪੂਰੇ ਸਾਲ ’ਚ ਸਿਰਫ਼ 9,455 ਕਰੋੜ ਦੀ ਬਿਜਲੀ ਹੀ ਖ਼ਰੀਦੀ ਗਈ।

ਪਾਵਰਕੌਮ ਨੇ ਸਾਲ 2019-20 ਦੌਰਾਨ ਕੁੱਲ 21,725 ਕਰੋੜ ਰੁਪਏ ਦੀ ਬਿਜਲੀ ਖ਼ਰੀਦ ਕੀਤੀ ਹੈ ਜਿਸ ’ਚੋਂ 12,270 ਕਰੋੜ ਦੀ ਬਿਜਲੀ ਪ੍ਰਾਈਵੇਟ ਥਰਮਲਾਂ ਅਤੇ ਸੋਲਰ ਪ੍ਰਾਜੈਕਟਾਂ ਆਦਿ ਤੋਂ ਖ਼ਰੀਦੀ ਗਈ। ਇਹੋ ਬਿਜਲੀ ਪੂਰੇ ਵਰ੍ਹੇ ਦੌਰਾਨ ਬਾਹਰੋਂ ਖ਼ਰੀਦੀ ਜਾਂਦੀ ਤਾਂ ਪਾਵਰਕੌਮ ਨੂੰ 4390 ਕਰੋੜ ਰੁਪਏ ਦੀ ਬੱਚਤ ਹੋਣੀ ਸੀ। ਥਰਮਲ ਐਂਪਲਾਈਜ਼ ਯੂਨੀਅਨ ਦੇ ਗੁਰਸੇਵਕ ਸਿੰਘ ਸੰਧੂ ਆਖਦੇ ਹਨ ਕਿ ਜੇ ਮਹਿੰਗੀ ਬਿਜਲੀ ਕਰਕੇ ਬਠਿੰਡਾ ਥਰਮਲ ਬੰਦ ਕੀਤਾ ਹੈ ਤਾਂ ਕੀ ਸਰਕਾਰ ਮਹਿੰਗੀ ਬਿਜਲੀ ਪੈਦਾ ਕਰਨ ਵਾਲੇ ਪ੍ਰਾਈਵੇਟ ਥਰਮਲ ਵੀ ਬੰਦ ਕਰੇ। ਵੇਰਵਿਆਂ ਅਨੁਸਾਰ ਪਾਵਰਕੌਮ ਨੇ ਲੰਘੇ ਮਾਲੀ ਵਰ੍ਹੇ ਦੌਰਾਨ ਬੈਂਕਿੰਗ ਤੋਂ ਬਿਨਾਂ 55 ਹਜ਼ਾਰ ਮਿਲੀਅਨ ਯੂਨਿਟ ਬਿਜਲੀ ਹਾਸਲ ਕੀਤੀ ਹੈ ਜਿਸ ’ਚੋਂ 80 ਫ਼ੀਸਦੀ ਬਿਜਲੀ ਖ਼ਰੀਦੀ ਗਈ ਹੈ। ਪਾਵਰਕੌਮ ਨੇ ਆਪਣੇ ਜਨਤਕ ਸਰੋਤਾਂ ਤੋਂ ਸਿਰਫ਼ 20 ਫ਼ੀਸਦੀ ਬਿਜਲੀ ਪ੍ਰਾਪਤ ਕੀਤੀ ਹੈ। ਇਸੇ ਵਰ੍ਹੇ ਦੌਰਾਨ ਜਨਤਕ ਤਾਪ ਬਿਜਲੀ ਘਰਾਂ ’ਚੋਂ ਸਿਰਫ਼ 3.5 ਫ਼ੀਸਦੀ ਬਿਜਲੀ ਪ੍ਰਾਪਤ ਕੀਤੀ ਗਈ ਜਦਕਿ ਹਾਈਡਲ ਪ੍ਰਾਜੈਕਟਾਂ ਤੋਂ 8.8 ਫ਼ੀਸਦੀ ਬਿਜਲੀ ਹਾਸਲ ਕੀਤੀ ਗਈ।

ਪੰਜਾਬ ਤੋਂ ਬਾਹਰੋਂ 24 ਹਜ਼ਾਰ ਮਿਲੀਅਨ ਯੂਨਿਟ ਬਿਜਲੀ ਖ਼ਰੀਦੀ ਗਈ ਹੈ। ਪਾਵਰਕੌਮ ਜੇ ਬਾਹਰੋਂ ਬਿਜਲੀ ਖ਼ਰੀਦ ਕਰਦੀ ਤਾਂ ਇੱਕੋ ਵਰ੍ਹੇ ਵਿਚ ਗੋਇੰਦਵਾਲ ਥਰਮਲ ਨੂੰ 672 ਕਰੋੜ, ਤਲਵੰਡੀ ਸਾਬੋ ਥਰਮਲ ਨੂੰ 2230 ਕਰੋੜ ਅਤੇ ਰਾਜਪੁਰਾ ਥਰਮਲ ਨੂੰ 940 ਕਰੋੜ ਰੁਪਏ ਵਾਧੂ ਨਾ ਦੇਣੇ ਪੈਂਦੇ। ‘ਸਿਦਕ ਫੋਰਮ’ ਦੇ ਸਾਧੂ ਰਾਮ ਕੁਸ਼ਲਾ ਨੇ ਸਵਾਲ ਕੀਤਾ ਕਿ ਕੀ ਹੁਣ ਸਰਕਾਰ ਦੱਸੇਗੀ ਕਿ ਪ੍ਰਾਈਵੇਟ ਥਰਮਲਾਂ ਨੂੰ ਇਹ ਕਾਹਦਾ ਤੋਹਫ਼ਾ ਦਿੱਤਾ ਗਿਆ ਹੈ? ਤੱਥਾਂ ਅਨੁਸਾਰ ਬਠਿੰਡਾ ਥਰਮਲ ਨੇ 2007-08 ਵਿਚ ਇੱਕੋ ਸਾਲ ਵਿਚ 88 ਫ਼ੀਸਦੀ ਲੋਡ ’ਤੇ ਚੱਲ ਕੇ 2964 ਮਿਲੀਅਨ ਯੂਨਿਟ ਪੈਦਾ ਕੀਤੇ ਜਦੋਂ ਕਿ ਥਰਮਲ ਨੂੰ ਬੰਦ ਕਰਨ ਤੋਂ ਪਹਿਲਾਂ ਸਾਲ 2017-18 ਵਿਚ ਸਿਰਫ਼ 10 ਫ਼ੀਸਦ ਹੀ ਚਲਾਇਆ ਗਿਆ ਅਤੇ 300 ਮਿਲੀਅਨ ਯੂਨਿਟ ਪੈਦਾ ਕੀਤੇ ਗਏ। ਰੋਪੜ ਥਰਮਲ ਨੇ 2009-10 ਵਿਚ 10056 ਮਿਲੀਅਨ ਯੂਨਿਟ ਪੈਦਾ ਕੀਤੇ ਸਨ ਜਦਕਿ 2019-20 ਵਿਚ ਸਿਰਫ਼ ਇੱਕ ਹਜ਼ਾਰ ਮਿਲੀਅਨ ਯੂਨਿਟ ਪੈਦਾ ਕੀਤੇ ਗਏ। ਇਸੇ ਤਰ੍ਹਾਂ ਲਹਿਰਾ ਥਰਮਲ ਨੇ 2011-12 ਵਿਚ 7621 ਮਿਲੀਅਨ ਯੂਨਿਟ ਪੈਦਾ ਕੀਤੇ ਜਦੋਂ ਕਿ ਲੰਘੇ ਮਾਲੀ ਵਰ੍ਹੇ ਦੌਰਾਨ ਪੈਦਾਵਾਰ 900 ਯੂਨਿਟ ’ਤੇ ਆ ਗਈ।

ਪਾਵਰਕੌਮ ਵੱਲੋਂ ਇਨ੍ਹਾਂ ਥਰਮਲਾਂ ਨੂੰ ਜ਼ਿਆਦਾ ਸਮਾਂ ਬੰਦ ਰੱਖਿਆ ਗਿਆ ਜਿਸ ਕਰਕੇ ਉਹ ਆਪਣੀ ਸਮਰੱਥਾ ਮੁਤਾਬਕ ਚੱਲ ਹੀ ਨਹੀਂ ਸਕੇ। ਨਤੀਜੇ ਵਜੋਂ ਮਹਿੰਗੀ ਬਿਜਲੀ ਦਾ ਤਰਕ ਸਰਕਾਰ ਨੇ ਦੇਣਾ ਸ਼ੁਰੂ ਕਰ ਦਿੱਤਾ। ਜਿਉਂ-ਜਿਉਂ ਪ੍ਰਾਈਵੇਟ ਥਰਮਲ ਚੱਲਦੇ ਗਏ, ਤਿਉਂ ਤਿਉਂ ਜਨਤਕ ਸੈਕਟਰ ਦੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਦੀ ਕਟੌਤੀ ਹੁੰਦੀ ਗਈ। ਵਿੱਤ ਮੰਤਰੀ ਆਖ ਚੁੱਕੇ ਹਨ ਕਿ ਕੌਮੀ ਐਕਸਚੇਂਜ ਤੋਂ ਬਿਜਲੀ ਤਿੰਨ ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਸੂਤਰ ਆਖਦੇ ਹਨ ਕਿ ਸਰਕਾਰ ਸਸਤੀ ਬਿਜਲੀ ਨੂੰ ਤਰਜੀਹ ਦੇਵੇ। ਪ੍ਰਾਈਵੇਟ ਥਰਮਲਾਂ ਦੀ ਮਹਿੰਗੀ ਬਿਜਲੀ ਦੀ ਥਾਂ ਕੌਮੀ ਐਕਸਚੇਂਜ ਦੀ ਬਿਜਲੀ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਖ਼ਪਤਕਾਰ ਬੋਝ ਕਿਉਂ ਝੱਲਣ: ਸੰਧਵਾਂ

ਆਮ ਆਦਮੀ ਪਾਰਟੀ ਦੇ ਬੁਲਾਰੇ ਕੁਲਤਾਰ ਸਿੰਘ ਸੰਧਵਾਂ ਆਖਦੇ ਹਨ ਕਿ ਜੇ ਮਹਿੰਗੀ ਬਿਜਲੀ ਦਾ ਤਰਕ ਦੇ ਕੇ ਬਠਿੰਡਾ ਥਰਮਲ ਬੰਦ ਕੀਤਾ ਗਿਆ ਹੈ ਤਾਂ ਉਸ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਪ੍ਰਾਈਵੇਟ ਥਰਮਲ ਸਰਕਾਰ ਕਦੋਂ ਬੰਦ ਕਰੇਗੀ? ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਈਵੇਟ ਥਰਮਲਾਂ ਨੂੰ ਲਾਹਾ ਦੇਣ ਖ਼ਾਤਰ ਆਮ ਖ਼ਪਤਕਾਰਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All