ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 1 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੇ ਵਿਰੋਧ ਦਾ ਮੁੱਦਾ ਬਣੇ ਕੇਂਦਰੀ ਖੇਤੀ ਕਾਨੂੰਨ ਨੂੰ ਦੋਵਾਂ ਸਦਨਾਂ ਦੇ ਇਜਲਾਸ ਸੱਦ ਕੇ ਰੱਦ ਕੀਤਾ ਜਾਵੇ। ਇਸ ਸਬੰਧੀ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਭੇਜਿਆ ਗਿਆ। ਅਕਾਲੀ ਦਲ ਨੇ ਅੱਜ ਸ੍ਰੀ ਅਕਾਲ ਤਖ਼ਤ ’ਤੇ ਅਰਦਾਸ ਕਰਨ ਮਗਰੋਂ ਖੇਤੀ ਬਿੱਲਾਂ ਖਿਲਾਫ਼ ਕਿਸਾਨ ਮਾਰਚ ਸ਼ੁਰੂ ਕੀਤਾ।
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਮਗਰੋਂ ਤੇ ਕਿਸਾਨ ਮਾਰਚ ਨੂੰ ਚੰਡੀਗੜ੍ਹ ਵੱਲ ਰਵਾਨਾ ਕਰਨ ਤੋਂ ਪਹਿਲਾਂ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ ਸ਼ੁਰੂ ਤੋਂ ਹੀ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਬੰਧ ਵਿਚ ਪਾਰਟੀ ਨੂੰ ਭਰੋਸੇ ਵਿਚ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਅਸਤੀਫਾ ਦੇਣ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਸ ਦਾ ਸੰਸਦ ਵਿਚ ਵਿਰੋਧ ਵੀ ਕੀਤਾ ਸੀ। ਪਾਰਟੀ ਨੂੰ ਕੇਂਦਰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਕਿਸਾਨ ਹਿੱਤਾਂ ਬਾਰੇ ਜਿਹੜੀਆਂ ਵੀ ਮੱਦਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਦੱਸੀਆਂ ਜਾਣਗੀਆਂ, ਉਨ੍ਹਾਂ ਨੂੰ ਬਿੱਲਾਂ ਵਿਚ ਸ਼ਾਮਲ ਕੀਤਾ ਜਾਵੇਗਾ। ਸ੍ਰੀ ਬਾਦਲ ਨੇ ਦਾਅਵਾ ਕੀਤਾ ਕਿ ਜਦੋਂ ਪਾਰਟੀ ਦੀ ਇਸ ਮਾਮਲੇ ਵਿਚ ਸੰਤੁਸ਼ਟੀ ਨਹੀਂ ਹੋਈ ਤਾਂ ਉਨ੍ਹਾਂ ਨੇ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ।
ਉਨ੍ਹਾਂ ਨੇ ਇਹ ਦੋਸ਼ ਰੱਦ ਕੀਤੇ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਲੋਂ ਬਿੱਲਾਂ ਦਾ ਸਮਰਥਨ ਕੀਤਾ ਗਿਆ ਸੀ ਅਤੇ ਹਰਸਿਮਰਤ ਬਾਦਲ ਨੇ ਬਤੌਰ ਮੰਤਰੀ ਬਿੱਲਾਂ ’ਤੇ ਦਸਤਖਤ ਵੀ ਕੀਤੇ ਸਨ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਵਲੋਂ ਇਸ ਸਬੰਧੀ ਕੀਤੇ ਦਾਅਵੇ ਨੂੰ ਉਨ੍ਹਾਂ ਰੱਦ ਕੀਤਾ। ਉਨ੍ਹਾਂ ਸਮੁੱਚੀਆਂ ਧਿਰਾਂ ਨੂੰ ਸੱਦਾ ਦਿੱਤਾ ਕਿ ਇਸ ਸੰਘਰਸ਼ ਨੂੰ ਇਕ ਮੰਚ ਤੋਂ ਇਕਜੁੱਟ ਹੋ ਕੇ ਲੜਿਆ ਜਾਵੇ। ਉਨ੍ਹਾਂ ਕਿਹਾ ਕਿ ਉਹ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਇਸ ਸੰਘਰਸ਼ ਵਿਚ ਪਿੱਛੇ ਹੋ ਕੇ ਚੱਲਣ ਨੂੰ ਤਿਆਰ ਹਨ ਪਰ ਇਹ ਸੰਘਰਸ਼ ਇਕਮੁੱਠ ਤੇ ਯੋਜਨਾਬੱਧ ਢੰਗ ਨਾਲ ਚਲਾਇਆ ਜਾਵੇ ਤਾਂ ਜੋ ਕੇਂਦਰ ਨੂੰ ਪੰਜਾਬੀਆਂ ਦੀ ਤਾਕਤ ਦਾ ਪਤਾ ਲਗ ਸਕੇ।
ਸਾਬਕਾ ਉਪ ਮੁੱਖ ਮੰਤਰੀ ਨੇ ਆਖਿਆ ਕਿ ਕਿਸਾਨ ਮਾਰਚ ਤਿੰਨ ਤਖ਼ਤਾਂ ਤੋਂ ਚਲ ਕੇ ਚੰਡੀਗੜ੍ਹ ਪੁੱਜੇਗਾ, ਜਿਥੇ ਰਾਜਪਾਲ ਨੂੰ ਖੇਤੀ ਬਿੱਲਾਂ ਬਾਰੇ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਬਿਕਰਮ ਸਿੰਘ ਮਜੀਠੀਆ, ਗੁਲਜ਼ਾਰ ਸਿੰਘ ਰਣੀਕੇ, ਵਿਰਸਾ ਸਿੰਘ ਵਲਟੋਹਾ ਆਦਿ ਆਗੂ ਹਾਜ਼ਰ ਸਨ। ਅਕਾਲੀ ਆਗੂ ਅਰਦਾਸ ਕਰਨ ਮਗਰੋਂ ਭੰਡਾਰੀ ਪੁਲ ’ਤੇ ਪੁੱਜੇ, ਜਿਥੇ ਵੱਡੀ ਗਿਣਤੀ ਵਿਚ ਅਕਾਲੀ ਕਾਰਕੁਨ ਹਾਜ਼ਰ ਸਨ। ਜੈਕਾਰਿਆਂ ਦੀ ਗੂੰਜ ਵਿਚ ਇਹ ਕਿਸਾਨ ਮਾਰਚ ਸ਼ੁਰੂ ਹੋਇਆ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਕੇਂਦਰ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਕਿਸਾਨ ਮਾਰਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਰਦਾਸ ਕਰਨ ਉਪਰੰਤ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਚੰਡੀਗੜ੍ਹ ਰਵਾਨਾ ਹੋਇਆ। ਬੀਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਨਵੇਂ ਕਿਸਾਨ ਮਾਰੂ ਬਿੱਲਾਂ ਨਾਲ ਕਿਸਾਨੀ ਦੇ ਨਾਲ ਨਾਲ ਸਮਾਜ ਦਾ ਹਰ ਵਰਗ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਹ ਬਿੱਲ ਧੱਕੇ ਨਾਲ ਪਾਸ ਕੀਤੇ ਹਨ ਜਿਨ੍ਹਾਂ ਖ਼ਿਲਾਫ਼ ਅੱਜ ਪੰਜਾਬ ਦੇ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆੜ੍ਹਤੀਆਂ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਇਹ ਸੰਘਰਸ਼ ਤਦ ਤੱਕ ਜਾਰੀ ਰਹੇਗਾ ਜਦ ਤੱਕ ਕੇਂਦਰ ਸਰਕਾਰ ਦੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ।
ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਕਿਸਾਨ ਮਾਰਚ ਚੰਡੀਗੜ੍ਹ ਲਈ ਰਵਾਨਾ
ਸ੍ਰੀ ਆਨੰਦਪੁਰ ਸਾਹਿਬ (ਬੀਐੱਸ ਚਾਨਾ): ਅੱਜ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ’ਤੇ ਕਿਸਾਨ ਮਾਰਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਦੀ ਅਗਵਾਈ ਹੇਠ ਚੰਡੀਗੜ੍ਹ ਵੱਲ ਰਵਾਨਾ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਅਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਅਨੁਸਾਰ ਪਾਰਟੀ ਨੇ ਕਿਸਾਨਾਂ ਦੇ ਹੱਕ ਵਿੱਚ ਵਿੱਢੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਪੰਜ ਦਹਾਕੇ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਤੀ ’ਤੇ ਅਕਾਲੀਆਂ ਵੱਲੋਂ ਲਿਆਂਦੇ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੇ ਮਤੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇਸ਼ ਭਰ ਦੀਆਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਕਿਸਾਨੀ ਦੇ ਮੁੱਦੇ ਉੱਤੇ ਇੱਕ ਮੰਚ ’ਤੇ ਇਕੱਠਿਆਂ ਕਰੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਰੋਜ਼ਾ ਸੈਸ਼ਨ ਬੁਲਾਉਣ ਦੇ ਕੀਤੇ ਐਲਾਨ ਬਾਰੇ ਡਾ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਤਾਂ ਪਹਿਲਾਂ ਵੀ ਪੰਜਾਬ ਦੀ ਕਿਸਾਨੀ ਨਾਲ ਧਰੋਹ ਕਮਾਇਆ ਹੈ ਕਿਉਂਕਿ ਖੇਤੀ ਬਿੱਲਾਂ ਖ਼ਿਲਾਫ਼ ਮਤਾ ਪਾਸ ਤਾਂ ਕਰਵਾ ਲਿਆ ਸੀ ਪਰ ਕੇਂਦਰ ਤੱਕ ਪਹੁੰਚਾਇਆ ਨਹੀਂ ਗਿਆ। ਇਸ ਲਈ ਤੁਰੰਤ ਅਸੈਂਬਲੀ ਸੈਸ਼ਨ ਬੁਲਾ ਕੇ ਮੁੱਖ ਮੰਤਰੀ ਨੂੰ ਮੁਆਫ਼ੀ ਮੰਗ ਕੇ ਅਸਤੀਫ਼ਾ ਦੇਣਾ ਚਾਹੀਦਾ ਹੈ।