ਰੱਖੜ ਪੁੰਨਿਆ ’ਤੇ ਸਿਆਸੀ ਕਾਨਫਰੰਸਾਂ ਦੀਆਂ ਤਿਆਰੀਆਂ
ਵੱਖ-ਵੱਖ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਕਰੇਗੀ ਸ਼ਮੂਲੀਅਤ; ਮੁਲਾਜ਼ਮਾਂ ਵੱਲੋਂ ਵਿਖਾਵੇ ਦੀ ਤਿਆਰੀ
ਬਾਬਾ ਬਕਾਲਾ ’ਚ 28 ਅਗਸਤ ਨੂੰ ਲੱਗਣ ਵਾਲੇ ਰੱਖੜ ਪੁੰਨਿਆ ਮੇਲੇ ’ਚ ਆਮ ਆਦਮੀ ਪਾਰਟੀ, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ, ਅਕਾਲੀ ਦਲ ਵਾਰਿਸ ਪੰਜਾਬ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਰਤੀ ਜਨਤਾ ਪਾਰਟੀ ਵੱਲੋਂ ਸਿਆਸੀ ਕਾਨਫਰੰਸਾਂ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਦੂਜੇ ਪਾਸੇ ਸਰਕਾਰੀ ਕਰਮਚਾਰੀਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰਨਾਂ ਜਥੇਬੰਦੀਆਂ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕਰਨ ਦੀਆਂ ਤਿਆਰੀਆਂ ਦਾ ਵੀ ਪਤਾ ਲੱਗਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਾਰ ਆਮ ਆਦਮੀ ਪਾਰਟੀ ਰਾਜ ਪੱਧਰੀ ਸਮਾਰੋਹ ਬਾਬਾ ਬਕਾਲਾ ਦੀ ਥਾਂ ਦਾਣਾ ਮੰਡੀ ਰਈਆ ਵਿਚ ਕਾਨਫਰੰਸ ਕਰ ਰਹੀ ਹੈ ਜਿਸ ਦਾ ਪੰਡਾਲ ਸਾਰੀਆਂ ਸਿਆਸੀ ਪਾਰਟੀਆਂ ਨਾਲੋਂ ਵੱਡਾ ਨਜ਼ਰ ਆ ਰਿਹਾ ਹੈ ਅਤੇ ਇਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਕੈਬਨਿਟ ਪੁੱਜ ਰਹੀ ਹੈ। ਇਹ ਕਾਨਫਰੰਸ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਇਸ ਵਾਰ ਹਲਕਾ ਬਾਬਾ ਬਕਾਲਾ ਦੇ ਇੰਚਾਰਜ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਦੀ ਅਗਵਾਈ ਹੇਠ ਜਲੰਧਰ-ਬਟਾਲਾ ਰੋਡ ’ਤੇ ਮਾਤਾ ਗੰਗਾ ਸੀਨੀਅਰ ਸੈਕੰਡਰੀ ਸਕੂਲ ਨੇੜੇ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿਚ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ, ਵਿਰੋਧੀ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਸਣੇ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੁੱਜ ਰਹੀ ਹੈ। ਭਾਜਪਾ ਦੀ ਸਿਆਸੀ ਕਾਨਫਰੰਸ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾਂ ਮੀਆਂਵਿੰਡ ਦੀ ਅਗਵਾਈ ਹੇਠ ਜਲੰਧਰ-ਬਟਾਲਾ ਰੋਡ ’ਤੇ ਛਾਪਿਆਂਵਾਲੀ ਪਿੰਡ ਦੇ ਸਾਹਮਣੇ ਕਰਵਾਈ ਜਾ ਰਹੀ ਹੈ ਜਿਸ ਵਿਚ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜਥੇਬੰਦਕ ਸਕੱਤਰ ਸ੍ਰੀਨਿਵਾਸਲੂ ਸਣੇ ਸੀਨੀਅਰ ਲੀਡਰਸ਼ਿਪ ਪੁੱਜ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਿਆਸੀ ਕਾਨਫਰੰਸ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਹੇਠ ਗੁਰੂ ਤੇਗ਼ ਬਹਾਦਰ ਹਾਕੀ ਸਟੇਡੀਅਮ ਬਾਬਾ ਬਕਾਲਾ ’ਚ ਕਰਵਾਈ ਜਾ ਰਹੀ ਹੈ ਜਿਸ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਸਮੇਤ ਅਕਾਲੀ ਲੀਡਰਸ਼ਿਪ ਪੁੱਜ ਰਹੀ ਹੈ।
ਸ੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਸਰਬਜੀਤ ਸਿੰਘ ਖ਼ਾਨਪੁਰ ਦੀ ਅਗਵਾਈ ਹੇਠ ਜਲੰਧਰ-ਬਟਾਲਾ ਰੋਡ ’ਤੇ ਅਕਾਲੀ ਫਾਰਮ ਨੇੜੇ ਕਾਨਫਰੰਸ ਕਰਵਾਈ ਜਾ ਰਹੀ ਹੈ। ਇਸ ਵਿਚ ਲੋਕ ਸਭਾ ਮੈਂਬਰ ਸਰਬਜੀਤ ਸਿੰਘ, ਤਰਸੇਮ ਸਿੰਘ, ਵਿਧਾਇਕ ਮਨਪ੍ਰੀਤ ਸਿੰਘ ਇਆਲੀ ਸਮੇਤ ਸੀਨੀਅਰ ਲੀਡਰਸ਼ਿਪ ਪੁੱਜ ਰਹੀ ਹੈ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਿਆਸੀ ਕਾਨਫਰੰਸ ਜਲੰਧਰ-ਬਟਾਲਾ ਰੋਡ ’ਤੇ ਅਕਾਲੀ ਫਾਰਮ ਬਾਬਾ ਬਕਾਲਾ ਵਿਖੇ ਪੈਟਰੋਲ ਪੰਪ ਦੇ ਸਾਹਮਣੇ ਕਰਵਾਈ ਜਾ ਰਹੀ ਹੈ। ਇਸ ਵਿੱਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪੁੱਜ ਰਹੀ ਹੈ।

