ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਸਤੰਬਰ
‘ਆਪ’ ਸਰਕਾਰ ਵੱਲੋਂ ਬਿਜਲੀ ਦੀ ਘਰੇਲੂ ਖਪਤ ਸਬੰਧੀ 600 ਯੂਨਿਟਾਂ ਤੱਕ ਦਿੱਤੀ ਗਈ ਮੁਫ਼ਤ ਸੁਵਿਧਾ ਹਾਸਲ ਕਰਨ ਲਈ ਕੁਝ ਖ਼ਪਤਕਾਰਾਂ ਵੱਲੋਂ ਮੀਟਰ ਰੀਡਰਾਂ ਅਤੇ ਹੋਰ ਅਧਿਕਾਰੀਆਂ ਦੇ ਨਾਲ ਮਿਲ ਕੇ ਧਾਂਦਲੀਆਂ ਕਰਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ। ਪਾਵਰਕੌਮ ਵੱਲੋਂ ਅਜਿਹੀਆਂ ਗੜਬੜੀਆਂ ਕਰਨ ਵਾਲੇ 22 ਮੀਟਰ ਰੀਡਰਾਂ ਸਣੇ ਇੱਕ ਜ਼ੋਨਲ ਮੈਨੇਜਰ ਅਤੇ ਦੋ ਸਰਕਲ ਮੈਨੇਜਰਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ।
ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਾਵਰਕੌਮ ਦੇ ਐਨਫੋਰਸਮੈਂਟ ਵਿੰਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਅਜਿਹੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਇਹ ਮੁਲਾਜ਼ਮ ਲੁਧਿਆਣਾ ਅਤੇ ਜਲੰਧਰ ਸਰਕਲਾਂ ਨਾਲ ਸਬੰਧਤ ਹਨ। ਇੱੱਕ ਪ੍ਰਾਈਵੇਟ ਬਿਲਿੰਗ ਕੰਪਨੀ ਨਾਲ ਸਬੰਧਤ ਇਹ ਧਾਂਦਲੀਆਂ ਅਪਰੈਲ 2022 ਤੋਂ ਜੁਲਾਈ 2023 ਤੱਕ ਦੇ ਸਮੇਂ ਦੀਆਂ ਹਨ। ਯੂਨਿਟ ਘੱਟ ਰਿਕਾਰਡ ਕਰ ਕੇ ਬਿਜਲੀ ਖਪਤ ਨੂੰ 600 ਤੋਂ ਘੱਟ ਰੱਖਦੇ ਹੋਏ ਖਪਤਕਾਰਾਂ ਨੂੰ ਬਿਜਲੀ ਮੁਆਫ਼ੀ ਦਵਾਈ ਗਈ ਹੈ। ਇਸ ਗ਼ਲਤੀ ਕਾਰਨ ਕੰਪਨੀ ਵੱਲੋਂ ਮੀਟਰ ਰੀਡਰ ਨਵਜੀਤ ਸਿੰਘ ਅਤੇ ਬੌਬੀ ਸ਼ਰਮਾ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਪਾਵਰਕੌਮ ਵੱਲੋਂ ਖਪਤਕਾਰਾਂ ਨੂੰ ਅਸਲ ਖਪਤ ਮੁਤਾਬਕ ਬਣਦਾ ਬਿਜਲੀ ਬਿੱਲ ਜਾਰੀ ਕੀਤਾ ਜਾ ਚੁੱਕਾ ਹੈ। ਐੱਮਈ ਵਿੰਗ ਵੱਲੋਂ ਚੈਕਿੰਗ ਦੌਰਾਨ ਦਿਹਾਤੀ ਵੰਡ ਉਪ ਮੰਡਲ ਕਪੂਰਥਲਾ ਦੇ ਇੱਕ ਘਰੇਲੂ ਖਪਤਕਾਰ ਮੀਟਰ ਦੀ ਖਪਤ ਮੀਟਰ ਰੀਡਰ ਜੋਤੀ ਲਾਲ ਵੱਲੋਂ 6673 ਯੂਨਿਟ ਦਰਜ ਕੀਤੀ ਗਈ। ਇਸ ਬਾਰੇ ਕੰਪਨੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੀਟਰ ਰੀਡਰ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਖਪਤਕਾਰ ਕੋਲੋਂ ਇਸ ਖਪਤ ਦਾ ਬਿਜਲੀ ਬਿੱਲ ਬਾਬਤ 57,678 ਰੁਪਏ ਵਸੂਲ ਕਰ ਲਿਆ ਗਿਆ ਹੈ।