ਨਹਿਰ ’ਚ ਪ੍ਰਦੂਸ਼ਣ: ਵਿਧਾਇਕ ਚੱਢਾ ਸਣੇ ਨੌਂ ਵਿਭਾਗਾਂ ਨੂੰ ਨੋਟਿਸ
ਸਰਹਿੰਦ ਨਹਿਰ ਦੇ ਪ੍ਰਦੂਸ਼ਣ ਮਾਮਲੇ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਨੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗੁਰਪ੍ਰਤਾਪ ਸਿੰਘ ਗੁਰੀ ਗਿੱਲ ਵੱਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਕਰਦਿਆਂ ਵੱਖ-ਵੱਖ ਵਿਭਾਗਾਂ ਸਮੇਤ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੂੰ ਨੋਟਿਸ ਜਾਰੀ ਕੀਤਾ ਹੈ।...
ਸਰਹਿੰਦ ਨਹਿਰ ਦੇ ਪ੍ਰਦੂਸ਼ਣ ਮਾਮਲੇ ਸਬੰਧੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ ਜੀ ਟੀ) ਨੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਗੁਰਪ੍ਰਤਾਪ ਸਿੰਘ ਗੁਰੀ ਗਿੱਲ ਵੱਲੋਂ ਦਾਇਰ ਅਰਜ਼ੀ ’ਤੇ ਸੁਣਵਾਈ ਕਰਦਿਆਂ ਵੱਖ-ਵੱਖ ਵਿਭਾਗਾਂ ਸਮੇਤ ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਨੂੰ ਨੋਟਿਸ ਜਾਰੀ ਕੀਤਾ ਹੈ। ਇਸ ਸਬੰਧੀ ਐਡਵੋਕੇਟ ਗੁਰੀ ਗਿੱਲ ਨੇ ਦੱਸਿਆ ਕਿ ਜਸਟਿਸ ਪ੍ਰਕਾਸ਼ ਸ੍ਰੀਵਾਸਤਵ ਦੀ ਅਗਵਾਈ ਵਾਲੇ ਬੈਂਚ ਨੇ ਸਬੰਧਤ ਧਿਰਾਂ ਤੋਂ ਜਵਾਬ ਮੰਗਿਆ ਹੈ ਤੇ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ। ਅਰਜ਼ੀਕਰਤਾ ਵੱੱਲੋਂ ਬੱਦੀ-ਬਰੋਟੀਵਾਲਾ-ਨਾਲਾਗੜ੍ਹ ਉਦਯੋਗਿਕ ਖੇਤਰ ਤੋਂ ਸਤਲੁਜ ਦਰਿਆ ਵਿੱਚ ਪੈ ਰਹੇ ਉਦਯੋਗਿਕ ਗੰਦੇ ਪਾਣੀ ਅਤੇ ਰੂਪਨਗਰ ਸ਼ਹਿਰ ਤੋਂ ਕਥਿਤ ਬਿਨਾਂ ਟ੍ਰੀਟਮੈਂਟ ਛੱਡੇ ਜਾ ਰਹੇ ਸੀਵਰੇਜ ਦੇ ਪਾਣੀ ਦਾ ਮੁੱਦਾ ਚੁੱਕਿਆ ਗਿਆ ਹੈ। ਗਿੱਲ ਨੇ ਦੋਸ਼ ਲਾਇਆ ਕਿ ਰੋਪੜ ਹੈੱਡਵਰਕਸ ਨੇੜੇ ਸਤਲੁਜ ਦਰਿਆ ਵਿੱੱਚ ਇਕੱਠੇ ਹੋਏ ਕੂੜੇ ਨੂੰ ਨਿਯਮਾਂ ਮੁਤਾਬਿਕ ਹਟਾਉਣ ਅਤੇ ਇਸ ਦੇ ਨਮੂਨੇ ਲੈ ਕੇ ਵਿਗਿਆਨਕ ਜਾਂਚ ਕਰਵਾਉਣ ਦੀ ਬਜਾਏ ਸਰਹਿੰਦ ਨਹਿਰ ਰਾਹੀਂ ਅੱਗੇ ਛੱਡ ਦਿੱਤਾ ਗਿਆ, ਜਿਸ ਕਾਰਨ ਜਿੱੱਥੇ ਸ੍ਰੀ ਚਮਕੌਰ ਸਾਹਿਬ ਨੇੜੇ ਨਹਿਰ ਵਿੱਚ ਪਾੜ ਪੈ ਗਿਆ, ਉੱਥੇ ਹੀ ਨਹਿਰ ਦੇ ਪਾਣੀ ਵਿੱੱਚ ਘੁਲੇ ਖ਼ਤਰਨਾਕ ਕੈਮੀਕਲ ਲੋਕਾਂ ਦੀ ਸਿਹਤ ਲਈ ਖ਼ਤਰਨਾਕ ਹਨ। ਅਰਜ਼ੀ ਵਿੱਚ ਰੂਪਨਗਰ ਦੇ ਕਈ ਸਥਾਨਾਂ ’ਤੇ ਸੀਵਰੇਜ ਦੇ ਪਾਣੀ ਦੇ ਦਰਿਆ ਅਤੇ ਨਹਿਰ ਵਿੱਚ ਪਹੁੰਚਣ ਦੇ ਦੋਸ਼ ਵੀ ਲਗਾਏ ਗਏ ਹਨ। ਗਿੱਲ ਨੇ ਕਿਹਾ ਲੋਕਾਂ ਨੂੰ ਸਾਫ਼ ਪਾਣੀ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਐੱਨ ਜੀ ਟੀ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਣਾ ਵਾਤਾਵਰਨ ਸੁਰੱਖਿਆ ਪੱਖੋਂ ਅਹਿਮ ਹੈ ਅਤੇ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਐੱਨ ਜੀ ਟੀ ਵੱੱਲੋਂ ਇਸ ਸਬੰਧੀ ਸਖਤ ਕਾਰਵਾਈ ਕੀਤੀ ਜਾਵੇਗੀ।

