ਇੱਥੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਦੇ ਮੁੱਖ ਦਫ਼ਤਰ ਬਾਹਰ ਪੁਲੀਸ ਦੀ ਭਾਰੀ ਤਾਇਨਾਤੀ ਦੌਰਾਨ ਲੁਧਿਆਣਾ ਦੇ ਬੁੱਢੇ ਨਾਲੇ ਨੂੰ ਗੰਦੇ ਪਾਣੀ ਤੋਂ ਬਚਾਉਣ ਲਈ ਪ੍ਰਦਰਸ਼ਨ ਕੀਤਾ ਗਿਆ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਮੁੱਖ ਦਫ਼ਤਰ ਤੋਂ 100 ਮੀਟਰ ਦੂਰ ਹੀ ਰੋਕ ਲਿਆ, ਜਿਸ ਕਾਰਨ ਪੰਜਾਬ ਭਰ ਤੋਂ ਆਏ ਪ੍ਰਦਰਸ਼ਨਕਾਰੀਆਂ ਨੇ ਉੱਥੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨ ਵਿੱਚ ਕਾਲੇ ਪਾਣੀ ਦਾ ਮੋਰਚਾ ਤੋਂ ਇਲਾਵਾ ਜ਼ੀਰਾ ਸਾਂਝਾ ਮੋਰਚਾ, ਸ੍ਰੀ ਚਮਕੌਰ ਸਾਹਿਬ ਮੋਰਚਾ, ਤਲਵੰਡੀ ਸਾਬੋ ਤੇ ਕਮਾਲੂ ਮੋਰਚਾ, ਦੌਣ ਕਲਾਂ ਮੋਰਚਾ ਅਤੇ ਬੀ ਕੇ ਯੂ ਖੋਸਾ ਸਮੇਤ ਹੋਰ ਵਾਤਾਵਰਨ ਕਾਰਕੁਨਾਂ ਨੇ ਹਿੱਸਾ ਲਿਆ। ਇਸ ਦੌਰਾਨ ਪੀ ਪੀ ਸੀ ਬੀ ਦੇ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਤਿੱਖੀ ਬਹਿਸ ਵੀ ਹੋਈ। ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਲਈ ਪੀ ਪੀ ਸੀ ਬੀ ਦੇ ਸੀਨੀਅਰ ਇੰਜਨੀਅਰ ਕੁਲਦੀਪ ਸਿੰਘ ਪੁੱਜੇ। ਉਨ੍ਹਾਂ ਨੇ ਬੁੱਢੇ ਦਰਿਆ ਵਿੱਚ ਗੰਦਾ ਪਾਣੀ ਨਾ ਰੋਕਣ ਅਤੇ 9 ਦਸੰਬਰ 2024 ਦੇ ਐੱਨ ਜੀ ਟੀ ਦੇ ਹੁਕਮਾਂ ਨੂੰ ਲਾਗੂ ਨਾ ਕਰਨ ’ਤੇ ਕਿਹਾ ਕਿ ਪੀ ਏ ਸੀ ਵੱਲੋਂ ਕੁਝ ਅਰਜ਼ੀਆਂ ਦਾਇਰ ਕਰਨ ਕਾਰਨ ਇਹ ਮਾਮਲਾ ਵਿਚਾਰ ਅਧੀਨ ਹੈ। ਜਦੋਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਅਰਜ਼ੀਆਂ ਤਾਂ ਐੱਨ ਜੀ ਟੀ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਹੀ ਸਨ, ਤਾਂ ਅਧਿਕਾਰੀ ਕੋਲ ਕੋਈ ਜਵਾਬ ਨਹੀਂ ਸੀ। ਵਾਤਾਵਰਨ ਕਾਰਕੁਨਾਂ ਨੇ ਅਧਿਕਾਰੀ ਦੇ ਜਵਾਬ ਨੂੰ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਾਰ ਦਿੱਤਾ।
ਪੱਕਾ ਮੋਰਚਾ ਲਾਉਣ ਦੀ ਚਿਤਾਵਨੀ
ਪ੍ਰਦਰਸ਼ਨਕਾਰੀ ਆਗੂਆਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਐੱਨ ਜੀ ਟੀ ਦੇ ਹੁਕਮਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਉਹ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁੱਖ ਦਫ਼ਤਰ ਅੱਗੇ ਪੱਕਾ ਮੋਰਚਾ ਲਾਉਣਗੇ, ਜੋ ਹੁਕਮ ਲਾਗੂ ਹੋਣ ਤੱਕ ਜਾਰੀ ਰਹੇਗਾ।

