DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਿਆਸੀ ਧੁਨੰਤਰਾਂ ਦੇ ਪਿੰਡਾਂ ’ਚ ਪਏਗੀ ‘ਕਿੱਕਲੀ’

ਮੁੱਖ ਮੰਤਰੀ ਦੀ ਲੋਕ ਮਿਲਣੀ ਦਾ ਦੂਜਾ ਪੜਾਅ ਮਜੀਠਾ ਤੋਂ ਸ਼ੁਰੂ ਹੋਵੇਗਾ

  • fb
  • twitter
  • whatsapp
  • whatsapp
Advertisement

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਦੂਜੇ ਪੜਾਅ ’ਚ ਲੋਕ ਮਿਲਣੀ ਦੇ ਪ੍ਰੋਗਰਾਮ ਸਿਆਸੀ ਧੁਨੰਤਰਾਂ ਦੇ ਪਿੰਡਾਂ ’ਚ ਕਰਨ ਦੀ ਵਿਉਂਤ ਉਲੀਕਣ ਲੱਗੇ ਹਨ। ਜਿਉਂ-ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਘਟ ਰਿਹਾ ਹੈ, ਉਸੇ ਤਰ੍ਹਾਂ ਸੂਬੇ ਦਾ ਸਿਆਸੀ ਪਾਰਾ ਵੀ ਸਿਖਰ ਛੂਹਣ ਲੱਗਿਆ ਹੈ। ਆਮ ਆਦਮੀ ਪਾਰਟੀ ਹੁਣ ਵਿਰੋਧੀ ਧਿਰਾਂ ਪ੍ਰਤੀ ਹੋਰ ਹਮਲਾਵਰ ਰੁਖ਼ ਅਖ਼ਤਿਆਰ ਕਰਨ ਦੀ ਰਣਨੀਤੀ ਉਲੀਕ ਰਹੀ ਹੈ। ਇਸੇ ਕੜੀ ਵਜੋਂ ਸੂਬੇ ਦੇ ਵੱਡੇ ਸਿਆਸੀ ਨੇਤਾਵਾਂ ਦੇ ਐਨ ਘਰ ’ਚ ਜਾ ਕੇ ਲੋਕ ਮਿਲਣੀ ਕਰਨ ਦੇ ਪ੍ਰੋਗਰਾਮ ਬਣਾਏ ਜਾ ਰਹੇ ਹਨ।

ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ 26 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਹਲਕੇ ਮਜੀਠਾ ’ਚ ਲੋਕ ਮਿਲਣੀ ਕਰਨਗੇ। ਇਸ ਮਗਰੋਂ 27 ਅਗਸਤ ਨੂੰ ਕਰਤਾਰਪੁਰ ਹਲਕੇ ਅਤੇ 28 ਅਗਸਤ ਨੂੰ ਮੁਹਾਲੀ ਜਾਂ ਖਰੜ ਹਲਕੇ ਵਿੱਚ ਲੋਕ ਮਿਲਣੀ ਪ੍ਰੋਗਰਾਮ ਤੈਅ ਕੀਤਾ ਗਿਆ ਹੈ।

Advertisement

ਅਹਿਮ ਸੂਤਰਾਂ ਅਨੁਸਾਰ ਹਲਕਾ ਬਠਿੰਡਾ ਦਿਹਾਤੀ ’ਚ ਪੈਂਦੇ ਬਾਦਲ ਪਰਿਵਾਰ ਦੇ ਪੁਰਖਿਆਂ ਦੇ ਪਿੰਡ ਘੁੱਦਾ ’ਚ ਵੀ ਲੋਕ ਮਿਲਣੀ ਪ੍ਰੋਗਰਾਮ ਦੀ ਰਣਨੀਤੀ ਉਲੀਕੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਥੋੜ੍ਹਾ ਸਮਾਂ ਪਹਿਲਾਂ ਹੀ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਸਾਬਕਾ ਪੀ ਸੀ ਐੱਸ ਅਧਿਕਾਰੀ ਗੋਪਾਲ ਸਿੰਘ ਨੂੰ ਸੌਂਪੀ ਹੈ। ਪਿੰਡ ਘੁੱਦਾ ’ਚ ਕੇਂਦਰੀ ਯੂਨੀਵਰਸਿਟੀ ਵੀ ਹੈ ਅਤੇ ਇੱਕ ਯੂਨੀਵਰਸਿਟੀ ਕਾਲਜ ਵੀ ਹੈ। ਤਤਕਾਲੀ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਕੇਂਦਰੀ ਯੂਨੀਵਰਸਿਟੀ ਦੀ ਸਥਾਪਤੀ ਲਈ ਪਿੰਡ ਘੁੱਦਾ ਦੀ ਚੋਣ ਕੀਤੀ ਸੀ। ਇਸੇ ਤਰ੍ਹਾਂ ਹਲਕਾ ਰਾਮਪੁਰਾ ਫੂਲ ਵਿੱਚ ਪੈਂਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ’ਚ ਵੀ ਮੁੱਖ ਮੰਤਰੀ ਲੋਕ ਮਿਲਣੀ ਕਰਨ ਦਾ ਪ੍ਰੋਗਰਾਮ ਹੈ। ਰਾਮਪੁਰਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਮਹਿਰਾਜ ਹੈ, ਜੋ ਇਸ ਹਲਕੇ ਦੀ ਹਾਰ-ਜਿੱਤ ਦਾ ਫ਼ੈਸਲਾ ਕਰਦਾ ਹੈ।

Advertisement

ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਵੱਡੇ ਆਗੂਆਂ ਦੇ ਪਿੰਡਾਂ ’ਚ ਜਾ ਕੇ ਇੱਕ ਸਿਆਸੀ ਸੁਨੇਹਾ ਵੀ ਦੇਣਾ ਚਾਹੁੰਦੇ ਹਨ। ਪਿਛਲੇ ਦਿਨਾਂ ’ਚ ਮੁੱਖ ਮੰਤਰੀ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਬੰਦ ਹੋ ਗਏ ਸਨ। ਮੌਨਸੂਨ ਕਰ ਕੇ ਆਮ ਆਦਮੀ ਪਾਰਟੀ ਨੇ ਕੁਝ ਸਮੇਂ ਲਈ ਇਹ ਪ੍ਰੋਗਰਾਮ ਬੰਦ ਕਰ ਦਿੱਤੇ ਸਨ। ਹੁਣ ਦੂਜੇ ਪੜਾਅ ਤਹਿਤ ਮੁੜ ਲੋਕ ਮਿਲਣੀ ਪ੍ਰੋਗਰਾਮ 26 ਅਗਸਤ ਤੋਂ ਸ਼ੁਰੂ ਹੋਣਗੇ।

ਵੇਰਵਿਆਂ ਮੁਤਾਬਕ ਆਮ ਆਦਮੀ ਪਾਰਟੀ ਹੋਰਨਾਂ ਅਹਿਮ ਹਲਕਿਆਂ ਦੀ ਵੀ ਸ਼ਨਾਖ਼ਤ ਕਰ ਰਹੀ ਹੈ, ਜੋ ਵੱਡੇ ਨੇਤਾਵਾਂ ਨਾਲ ਸਬੰਧਤ ਹਨ। ਪਿੱਛੇ ਝਾਤੀ ਮਾਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਚੋਣਾਂ ਤੋਂ ਪਹਿਲਾਂ ਹਲਕਾ ਲੰਬੀ ’ਚ ਰੈਲੀ ਕਰਦੇ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਮੋੜਵੇਂ ਜਵਾਬ ’ਚ ਪਟਿਆਲਾ ’ਚ ਰੈਲੀ ਕਰਦਾ ਰਿਹਾ ਹੈ।

Advertisement
×