DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਸੀ ਖੱਟੀ: ਇਕੱਲੀ ਜਾਨ, ਦੋਹਰੀ ਪੈਨਸ਼ਨ

ਦਰਜਨਾਂ ਸਾਬਕਾ ਵਿਧਾਇਕ ਬੀਬੀਆਂ ਨੂੰ ਡਬਲ ਪੈਨਸ਼ਨ

  • fb
  • twitter
  • whatsapp
  • whatsapp
Advertisement

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਜਦੋਂ ਹੁਣ ਪੈਨਸ਼ਨ ਸਕੀਮ ਦੇ ਬੂਹੇ ਬੰਦ ਹਨ ਤਾਂ ਉਸੇ ਸਮੇਂ ਦਰਜਨਾਂ ਸਾਬਕਾ ਵਿਧਾਇਕ ਬੀਬੀਆਂ ਨੂੰ ‘ਡਬਲ ਪੈਨਸ਼ਨ’ ਵੀ ਮਿਲ ਰਹੀ ਹੈ। ਪੰਜਾਬ ਵਿਧਾਨ ਸਭਾ ਸਕੱਤਰੇਤ ਦੇ ਨਿਯਮਾਂ ਅਨੁਸਾਰ ਸਾਬਕਾ ਮਹਿਲਾ ਵਿਧਾਇਕ ਆਪਣੀ ਪੈਨਸ਼ਨ ਦੇ ਨਾਲ ਨਾਲ ਫੈਮਲੀ ਪੈਨਸ਼ਨ ਦਾ ਵੀ ਹੱਕ ਰੱਖਦੀਆਂ ਹਨ। ਨਿਯਮਾਂ ਅਨੁਸਾਰ ਜਦੋਂ ਕਿਸੇ ਸਾਬਕਾ ਵਿਧਾਇਕ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਜੀਵਨ ਸਾਥਣ ਨੂੰ ਪਤੀ ਦੀ ਪੈਨਸ਼ਨ ਦਾ ਪੰਜਾਹ ਫ਼ੀਸਦ ਬਤੌਰ ਫੈਮਲੀ ਪੈਨਸ਼ਨ ਮਿਲਣਾ ਸ਼ੁਰੂ ਹੋ ਜਾਂਦਾ ਹੈ।

‘ਆਪ’ ਸਰਕਾਰ ਨੇ 11 ਅਗਸਤ 2022 ਨੂੰ ‘ਇੱਕ ਵਿਧਾਇਕ-ਇੱਕ ਪੈਨਸ਼ਨ’ ਦਾ ਵਿਧਾਨ ਬਣਾ ਦਿੱਤਾ ਸੀ ਪਰ ਫੈਮਲੀ ਪੈਨਸ਼ਨ ਬਾਰੇ ਇਹ ਵਿਧਾਨ ਖ਼ਾਮੋਸ਼ ਹੈ। ਪੰਜਾਬ ਸਰਕਾਰ ਨੇ ਸਾਲ 2004 ਤੋਂ ਸਰਕਾਰੀ ਮੁਲਾਜ਼ਮਾਂ ਲਈ ਪੈਨਸ਼ਨ ਸਕੀਮ ਬੰਦ ਕੀਤੀ ਹੋਈ ਹੈ।

Advertisement

ਵੀਡੀਓ:

Advertisement

ਹਲਕਾ ਮੁਕਤਸਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਬੀਬੀ ਕਰਨ ਕੌਰ ਬਰਾੜ ਨੂੰ ਬਤੌਰ ਸਾਬਕਾ ਵਿਧਾਇਕ ਕਰੀਬ 85 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਮਿਲਦੀ ਹੈ ਤੇ ਉਨ੍ਹਾਂ ਦੇ ਸਾਬਕਾ ਵਿਧਾਇਕ ਪਤੀ ਕੰਵਰਜੀਤ ਸਿੰਘ ਬਰਾੜ ਦੀ ਮੌਤ ਮਗਰੋਂ ਫੈਮਲੀ ਪੈਨਸ਼ਨ ਵਜੋਂ ਕਰੀਬ 42 ਹਜ਼ਾਰ ਰੁਪਏ ਮਹੀਨਾ ਵੱਖਰੇ ਮਿਲ ਰਹੇ ਹਨ। ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੀ ਪੈਨਸ਼ਨ ਦਾ ਪੰਜਾਹ ਫ਼ੀਸਦੀ ਬਤੌਰ ਫੈਮਲੀ ਪੈਨਸ਼ਨ ਉਨ੍ਹਾਂ ਦੀ ਜੀਵਨ ਸਾਥਣ ਸੁਰਜੀਤ ਕੌਰ ਨੂੰ ਮਿਲ ਰਿਹਾ ਹੈ। ਸੁਰਜੀਤ ਕੌਰ ਖ਼ੁਦ ਵੀ ਸਾਬਕਾ ਵਿਧਾਇਕ ਹਨ ਜਿਨ੍ਹਾਂ ਨੂੰ ਆਪਣੀ ਪੈਨਸ਼ਨ ਵੀ ਮਿਲ ਰਹੀ ਹੈ।

ਸਾਬਕਾ ਸਪੀਕਰ ਮਰਹੂਮ ਕੇਵਲ ਕ੍ਰਿਸ਼ਨ ਦਾ ਲੜਕਾ ਰਜਨੀਸ਼ ਬੱਬੀ ਕਾਂਗਰਸ ਦੀ ਟਿਕਟ ’ਤੇ ਵਿਧਾਇਕ ਬਣਿਆ। ਜਦੋਂ ਰਜਨੀਸ਼ ਬੱਬੀ ਦੀ ਮੌਤ ਹੋ ਗਈ ਤਾਂ ਉਨ੍ਹਾਂ ਦੀ ਜੀਵਨ ਸਾਥਣ ਇੰਦੂ ਬਾਲਾ ਜ਼ਿਮਨੀ ਚੋਣ ਜਿੱਤ ਕੇ ਹਲਕਾ ਮੁਕੇਰੀਆਂ ਤੋਂ ਵਿਧਾਇਕ ਬਣੀ। ਸਾਬਕਾ ਵਿਧਾਇਕ ਇੰਦੂ ਬਾਲਾ ਨੂੰ ਹੁਣ ਆਪਣੀ ਪੈਨਸ਼ਨ ਅਤੇ ਪਤੀ ਦੀ ਪੈਨਸ਼ਨ ਦਾ ਪੰਜਾਹ ਫ਼ੀਸਦ ਬਤੌਰ ਫੈਮਲੀ ਪੈਨਸ਼ਨ ਮਿਲ ਰਿਹਾ ਹੈ।

ਇਸੇ ਤਰ੍ਹਾਂ ਹਲਕਾ ਦਸੂਹਾ ਤੋਂ ਸਾਬਕਾ ਵਿਧਾਇਕ ਸੁਖਜੀਤ ਕੌਰ ਨੂੰ ਆਪਣੀ ਪੈਨਸ਼ਨ ਕਰੀਬ 85 ਹਜ਼ਾਰ ਰੁਪਏ ਤੋਂ ਇਲਾਵਾ ਮਰਹੂਮ ਪਤੀ ਤੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸ਼ਾਹੀ ਦੀ ਅੱਧੀ ਪੈਨਸ਼ਨ ਬਤੌਰ ਫੈਮਲੀ ਪੈਨਸ਼ਨ ਮਿਲ ਰਹੀ ਹੈ। ਸਾਬਕਾ ਵਿਧਾਇਕ (ਪੁਰਾਣਾ ਹਲਕਾ ਨੂਰਮਹਿਲ) ਰਾਜਵਿੰਦਰ ਕੌਰ ਭੁੱਲਰ ਨੂੰ ਵੀ ਡਬਲ ਪੈਨਸ਼ਨ (ਆਪਣੀ ਤੇ ਪਤੀ ਗੁਰਦੀਪ ਸਿੰਘ ਭੁੱਲਰ ਦੀ ਅੱਧੀ ਪੈਨਸ਼ਨ ਬਤੌਰ ਫੈਮਲੀ ਪੈਨਸ਼ਨ) ਮਿਲ ਰਹੀ ਹੈ। ਨਵਾਂ ਸ਼ਹਿਰ ਤੋਂ ਸਾਬਕਾ ਵਿਧਾਇਕ ਗੁਰਇਕਬਾਲ ਕੌਰ ਆਪਣੀ ਅਤੇ ਪਤੀ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਵਿਧਾਇਕ ਦੇ ਹਿੱਸੇ ਵਾਲੀ ਫੈਮਲੀ ਪੈਨਸ਼ਨ ਵੀ ਲੈ ਰਹੀ ਹੈ।

ਫ਼ਰੀਦਕੋਟ ਤੋਂ ਵਿਧਾਇਕ ਰਹਿ ਚੁੱਕੀ ਜਗਦੀਸ਼ ਕੌਰ ਢਿੱਲੋਂ ਦੇ ਪਤੀ ਜਸਮਤ ਸਿੰਘ ਢਿੱਲੋਂ ਵਿਧਾਇਕ ਸਨ ਜਿਨ੍ਹਾਂ ਦੀ ਮੌਤ ਮਗਰੋਂ ਜਗਦੀਸ਼ ਕੌਰ ਢਿੱਲੋਂ 1982 ’ਚ ਜ਼ਿਮਨੀ ਚੋਣ ਜਿੱਤੇ ਸਨ। ਸਾਬਕਾ ਵਿਧਾਇਕੀ ਵਾਲੀ ਪੈਨਸ਼ਨ ਅਤੇ ਫੈਮਲੀ ਪੈਨਸ਼ਨ ਉਨ੍ਹਾਂ ਨੂੰ ਇਸ ਵੇਲੇ ਮਿਲ ਰਹੀ ਹੈ। ਹਲਕਾ ਘਨੌਰ ਤੋਂ ਹਰਪ੍ਰੀਤ ਕੌਰ ਮੁਖਮੈਲਪੁਰ ਵਿਧਾਇਕ ਬਣੇ ਸਨ ਅਤੇ ਪਹਿਲਾਂ ਉਨ੍ਹਾਂ ਦੇ ਪਤੀ ਅਜੈਬ ਸਿੰਘ ਮੁਖਮੈਲਪੁਰ ਵਿਧਾਇਕ ਸਨ। ਹਰਪ੍ਰੀਤ ਕੌਰ ਵੀ ਡਬਲ ਪੈਨਸ਼ਨ ਲੈ ਰਹੇ ਹਨ।

ਸੰਤੋਸ਼ ਚੌਧਰੀ ਖ਼ੁਦ ਸੰਸਦ ਮੈਂਬਰ ਰਹੇ ਹਨ ਅਤੇ ਉਨ੍ਹਾਂ ਦੇ ਪਤੀ ਰਾਮ ਲੁਬਾਇਆ ਵਿਧਾਇਕ ਰਹੇ ਹਨ ਜੋ ਹੁਣ ਇਸ ਦੁਨੀਆ ’ਚ ਨਹੀਂ ਰਹੇ। ਹੁਣ ਸੰਤੋਸ਼ ਚੌਧਰੀ ਨੂੰ ਬਤੌਰ ਸਾਬਕਾ ਸੰਸਦ ਮੈਂਬਰ ਪੈਨਸ਼ਨ ਵੀ ਮਿਲ ਰਹੀ ਹੈ ਅਤੇ ਵਿਧਾਇਕ ਪਤੀ ਵਾਲੀ ਪੈਨਸ਼ਨ ਵੀ ਫੈਮਲੀ ਪੈਨਸ਼ਨ ਵਜੋਂ ਮਿਲ ਰਹੀ ਹੈ।

ਸਾਬਕਾ ਵਿਧਾਇਕਾਂ ਨੂੰ ਇਹ ਡਬਲ ਪੈਨਸ਼ਨਾਂ ਨਿਯਮਾਂ ਤਹਿਤ ਹੀ ਮਿਲ ਰਹੀਆਂ ਹਨ ਪਰ ਮੁਲਾਜ਼ਮ ਵਰਗ ਆਖਦਾ ਹੈ ਕਿ ਉਨ੍ਹਾਂ ਨੂੰ ਪੈਨਸ਼ਨ ਦੇ ਹੱਕ ਤੋਂ ਕਿਉਂ ਵਿਰਵੇ ਰੱਖਿਆ ਜਾ ਰਿਹਾ ਹੈ। ਵਿਧਾਨ ਸਭਾ ਸਕੱਤਰੇਤ ਅਨੁਸਾਰ ਇਸ ਵੇਲੇ ਕਰੀਬ ਫੈਮਲੀ ਪੈਨਸ਼ਨ ਦੇ ਕਰੀਬ 195 ਲਾਭਪਾਤਰੀ ਹਨ।

ਕੀ ਆਖਦੇ ਨੇ ਸਾਬਕਾ ਵਿਧਾਇਕ

ਸਾਬਕਾ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਹ ਪੈਨਸ਼ਨਾਂ ਕਾਨੂੰਨ ਮੁਤਾਬਿਕ ਹੀ ਮਿਲ ਰਹੀਆਂ ਹਨ ਅਤੇ ਨਿਯਮਾਂ ’ਚ ਹੀ ਇਸ ਦੀ ਵਿਵਸਥਾ ਹੈ। ਸਾਬਕਾ ਵਿਧਾਇਕਾ ਹਰਪ੍ਰੀਤ ਕੌਰ ਮੁਖਮੈਲਪੁਰ ਦਾ ਕਹਿਣਾ ਸੀ ਕਿ ਉਸ ਨੂੰ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਤਾਂ ਪਹਿਲਾਂ ਤੋਂ ਮਿਲ ਰਹੀ ਹੈ ਅਤੇ ਪਹਿਲੀ ਫੈਮਲੀ ਪੈਨਸ਼ਨ ਹੁਣ ਮਿਲੀ ਹੈ। ਉਨ੍ਹਾਂ ਕਿਹਾ ਕਿ ਜੇ ਇਹ ਪੈਨਸ਼ਨ ਨਹੀਂ ਵੀ ਮਿਲੇਗੀ ਤਾਂ ਵੀ ਕੋਈ ਇਤਰਾਜ਼ ਨਹੀਂ ਹੈ।

Advertisement
×