DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ’ਚ ਸਿਆਸੀ ਚਰਚਾ: ਪਾਰਟੀ ’ਚ ਰਹਿੰਦਿਆਂ ਹੀ ‘ਆਪ’ ਆਗੂ ਦੀ ਮੁੜ-ਸ਼ਮੂਲੀਅਤ ਨੇ ਛੇੜੀ ਨਵੀਂ ਬਹਿਸ

ਵਿਰੋਧੀਆਂ ਨੇ ਕੱਸੇ ਤੰਜ਼; ਸਾਬਕਾ ਕੌਂਸਲਰ ਸ਼ਿੰਦਾ ਬੋਲੇ- ‘ਮੈਂ ਪਾਰਟੀ ਛੱਡੀ ਹੀ ਨਹੀਂ ਸੀ, ਸਿਰਫ਼ ਸਿਰੋਪਾ ਭੇਟ ਕੀਤਾ ਗਿਆ’

  • fb
  • twitter
  • whatsapp
  • whatsapp
Advertisement

ਬਠਿੰਡਾ ਦੀ ਸਿਆਸਤ ਵਿੱਚ ਉਸ ਵੇਲੇ ਨਵੀਂ ਚਰਚਾ ਛਿੜ ਗਈ ਜਦੋਂ ਵਾਰਡ ਨੰਬਰ 13 ਦੇ ਸਾਬਕਾ ਕੌਂਸਲਰ ਹਰਜਿੰਦਰ ਸਿੰਘ ਸ਼ਿੰਦਾ ਨੂੰ ਸ਼ੁੱਕਰਵਾਰ ਨੂੰ ਮੁੜ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਲ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਹੈਰਾਨੀ ਦੀ ਗੱਲ ਇਹ ਰਹੀ ਕਿ ਸ਼ਿੰਦਾ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕਦੇ ਪਾਰਟੀ ਛੱਡੀ ਹੀ ਨਹੀਂ ਸੀ। ਹਰਜਿੰਦਰ ਸਿੰਘ ਸ਼ਿੰਦਾ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ‘ਆਪ’ ਵਿੱਚ ਸ਼ਾਮਲ ਹੋਏ ਸਨ। ਮੌਜੂਦਾ ਸਮੇਂ ਉਹ ਬਠਿੰਡਾ ਵਿੱਚ ਪਾਰਟੀ ਦੇ ਐਸ.ਸੀ. ਵਿੰਗ ਦੇ ਕੋਆਰਡੀਨੇਟਰ ਵਜੋਂ ਕੰਮ ਕਰ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਉਹ ਅਤੇ ਉਨ੍ਹਾਂ ਦੀ ਮਾਤਾ ਗੁਰਦੇਵ ਕੌਰ (ਸਾਬਕਾ ਕੌਂਸਲਰ) ਵਿਕਾਸ ਕਾਰਜ ਰੁਕੇ ਹੋਣ ਕਾਰਨ ਪਾਰਟੀ ਤੋਂ ਕੁਝ ਨਾਰਾਜ਼ ਚੱਲ ਰਹੇ ਸਨ ਅਤੇ ਸਿਆਸੀ ਸਰਗਰਮੀਆਂ ਤੋਂ ਦੂਰੀ ਬਣਾਈ ਹੋਈ ਸੀ।

Advertisement

Advertisement

ਸ਼ੁੱਕਰਵਾਰ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਦੇ ਚੇਅਰਮੈਨ ਅਮਰਜੀਤ ਮਹਿਤਾ ਅਤੇ ਸਾਬਕਾ ਮੇਅਰ ਪਦਮਜੀਤ ਮਹਿਤਾ ਨੇ ਸ਼ਿੰਦਾ ਦੇ ਘਰ ਜਾ ਕੇ ਉਨ੍ਹਾਂ ਨੂੰ ‘ਸਿਰੋਪਾ’ ਭੇਟ ਕੀਤਾ, ਜਿਸ ਨੂੰ ਸ਼ਿੰਦਾ ਦੀ ਪਾਰਟੀ ਵਿੱਚ ਵਾਪਸੀ ਵਜੋਂ ਦੇਖਿਆ ਜਾ ਰਿਹਾ ਹੈ। ਇਸ ਘਟਨਾਕ੍ਰਮ ’ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੇ ਪੁੱਤਰ ਦੀਨਵ ਸਿੰਗਲਾ ਨੇ ਸੋਸ਼ਲ ਮੀਡੀਆ ’ਤੇ ਚੁਟਕੀ ਲੈਂਦਿਆਂ ਲਿਖਿਆ ਕਿ ਸ਼ਾਇਦ ਪਿਛਲੀ ਵਾਰ ‘ਰਸਮਾਂ ਵਿੱਚ ਕੋਈ ਕਮੀ ਰਹਿ ਗਈ ਸੀ’, ਜਿਸ ਕਾਰਨ ਦੁਬਾਰਾ ਪਾਰਟੀ ਵਿੱਚ ਸ਼ਾਮਲ ਕਰਨਾ ਪਿਆ।

‘ਟ੍ਰਿਬਿਊਨ' ਨਾਲ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਸ਼ਿੰਦਾ ਨੇ ਕਿਹਾ, “ਮੈਂ ਸਿਰਫ਼ ਕੁਝ ਦਿਨਾਂ ਤੋਂ ਸਿਆਸਤ ਵਿੱਚ ਸਰਗਰਮ ਨਹੀਂ ਸੀ। ਅਮਰਜੀਤ ਮਹਿਤਾ ਅਤੇ ਪਦਮਜੀਤ ਮਹਿਤਾ ਮੇਰੇ ਨਿਵਾਸ ’ਤੇ ਆਏ ਸਨ ਅਤੇ ਉਨ੍ਹਾਂ ਨੇ ਸਿਰਫ਼ ਮੈਨੂੰ ਸਿਰੋਪਾ ਦਿੱਤਾ ਹੈ। ਮੈਂ ਪਾਰਟੀ ਛੱਡੀ ਹੀ ਨਹੀਂ ਸੀ।” ਇਸ ਘਟਨਾ ਨੇ ਬਠਿੰਡਾ ‘ਆਪ’ ਦੇ ਅੰਦਰੂਨੀ ਤਾਲਮੇਲ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ ਅਤੇ ਸ਼ਹਿਰ ਦੇ ਸਿਆਸੀ ਗਲਿਆਰਿਆਂ ਵਿੱਚ ਚਰਚਾਵਾਂ ਦਾ ਬਾਜ਼ਾਰ ਗਰਮ ਹੈ।

Advertisement
×