
ਸਿੱਧੂ ਮੂਸੇਵਾਲਾ ਦੇ ਬੁੱਤ ਕੋਲ ਖੜ੍ਹੇ ਬਾਪੂ ਬਲਕੌਰ ਸਿੰਘ ਸਿੱਧੂ ਅਤੇ ਬੈਠੇ ਹੋਏ ਮਾਤਾ ਚਰਨ ਕੌਰ।
ਜੋਗਿੰਦਰ ਸਿੰਘ ਮਾਨ
ਮਾਨਸਾ, 19 ਮਾਰਚ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਮਰਹੂਮ ਪੰਜਾਬੀ ਗਾਇਕ ਦੀ ਪਹਿਲੀ ਬਰਸੀ ਮੌਕੇ ਮੰਚ ਤੋਂ ਮਾਨਸਾ ਪੁਲੀਸ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਮਾਨਸਾ ਨੇੜਲੇ ਇਲਾਕਿਆਂ ਵਿੱਚ ਲਾਏ ਨਾਕਿਆਂ ਉਤੇ ਪ੍ਰਸ਼ੰਸਕਾਂ ਨੂੰ ਰੋਕਣਾ ਬੰਦ ਨਾ ਕੀਤਾ ਉਹ ਖੁਦ ਅਣਮਿੱਥੇ ਸਮੇਂ ਲਈ ਲੋਕਾਂ ਨੂੰ ਨਾਲ ਲੈ ਕੇ ਧਰਨੇ ਉਤੇ ਬੈਠ ਜਾਣਗੇ। ਉਨ੍ਹਾਂ ਦੋਸ਼ ਲਾਇਆ ਪੁਲੀਸ ਨੇ 50-50 ਕਿਲੋਮੀਟਰ ਦੂਰ ਦੀ ਰਸਤੇ ਡਾਈਵਰਟ ਕੀਤੇ ਹੋਏ ਹਨ ਤਾਂ ਜੋ ਸਮੇਂ ਸਿਰ ਬਰਸੀ ਸਮਾਗਮ ਵਿੱਚ ਇਕੱਠ ਘੱਟ ਹੋ ਸਕੇ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਪੁਲੀਸ ਬਰਸੀ ਸਮਾਗਮ ਨੂੰ ਜਾਣਬੁੱਝ ਕੇ ਪ੍ਰਭਾਵਿਤ ਕਰੇਗੀ ਅਤੇ ਹੁਣ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਦਾ ਨਵਾਂ ਬਹਾਨਾ ਲੱਭ ਲਿਆਂਦਾ ਹੈ। ਉਨ੍ਹਾਂ ਸੰਬੋਧਨ ਦੌਰਾਨ ਕਿਹਾ ਕਿ ਬਰਸੀ ਸਮਾਗਮ ਉਤੇ ਸੰਗਤ ਅਮਨ ਸ਼ਾਂਤੀ ਨਾਲ ਆ ਰਹੀ ਹੈ, ਪਰ ਮਾਨਸਾ ਪੁਲੀਸ ਨੇ ਲਾਲਿਆਂਵਾਲੀ, ਜੋਗਾ, ਭੀਖੀ ਵਿੱਚ ਨਾਕੇ ਲਾਕੇ ਲੋਕਾਂ ਨੂੰ ਮੋੜਿਆ ਜਾ ਰਿਹਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸਵਾਲ ਕਰਦਿਆਂ ਕਿਹਾ ਕਿ ਸੰਗਤਾਂ ’ਚੋਂ ਜੇਕਰ ਕੋਈ ਗ਼ਲਤ ਹਰਕਤ ਕਰੇਗਾ, ਉਸ ਦਾ ਪਰਚਾ ‘ਮੇਰੇ’ ਉਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦੂਰੋਂ-ਦੂਰੋਂ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲਈ ਆ ਰਹੀਆਂ ਹਨ, ਫ਼ਿਰ ਉਨ੍ਹਾਂ ਨੂੰ ਕਿਉਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਧਾਰਮਿਕ ਸਮਾਗਮ ਹੈ, ਕੋਈ ਹਿੰਸਾ ਨਹੀਂ ਕਰਨ ਲੱਗੇ ਹਾਂ। ਉਨ੍ਹਾਂ ਮੁੜ ਚਿਤਾਵਨੀ ਦਿੱਤੀ ਕਿ ਪੁਲੀਸ ਰੋਕਾਂ ਕਾਰਨ ਬਰਸੀ ਸਮਾਗਮ ਧਰਨਿਆਂ ਵਿੱਚ ਨਾ ਬਦਲ ਜਾਵੇ। ਇਸ ਦੌਰਾਨ ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਸਾਰੇ ਪੰਜਾਬ ਦੇ ਇੰਟਰਨੈੱਟ ਬੰਦ ਹਨ ਪਰ ਲਾਰੈਂਸ ਬਿਸ਼ਨੋਈ ਦਾ ਨੈੱਟ ਜੇਲ੍ਹ ਵਿਚ ਵੀ ਚੱਲ ਰਿਹਾ ਹੈ। ਉਨ੍ਹਾਂ ਕਿਹਾ, ‘‘ਗੋਲਡੀ ਬਰਾੜ ਨੂੰ ਫੜਿਆ ਕਿਉਂ ਨਹੀਂ ਜਾ ਰਿਹਾ ਹੈ।’’
ਅੰਮ੍ਰਿਤਪਾਲ ਸਿੰਘ ਲੋਕਾਂ ਨੂੰ ਸਿੱਧੇ ਰਾਹੇ ਪਾ ਰਿਹੈ: ਚਰਨ ਕੌਰ
ਬਰਸੀ ਸਮਾਗਮ ਦੌਰਾਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਭਾਰਤ ਹਾਲੇ ਵੀ ਗੁਲਾਮ ਹੈ, ਇਥੇ ਕੋਈ ਆਜ਼ਾਦੀ ਨਹੀਂ ਹੈ। ਉਨ੍ਹਾਂ ਅੰਮ੍ਰਿਤਪਾਲ ਸਿੰਘ ਦੀ ਵਡਿਆਈ ਕਰਦਿਆਂ ਕਿਹਾ ਕਿ ਉਹ ਲੋਕਾਂ ਨੂੰ ਸਿੱਧੇ ਪਾਸੇ ਪਾ ਰਿਹਾ ਹੈ, ਅੰਮ੍ਰਿਤ ਛਕਾ ਰਿਹਾ ਹੈ, ਨਸ਼ੇ ਛੁਡਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਨਾਲੇ ਵਾਲੇ ਕਾਂਡ ਉਤੇ ਸਰਕਾਰ ਨੇ ਪਹਿਲਾਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਵੰਗਾਰਿਆ ਕਿਹਾ ਕਿ ਉਹ ਇਹ ਨਾ ਸਮਝੇ ਕਿ ਇਹ ਸਿੱਧੂ ਮੂਸੇਵਾਲਾ ਦਾ ਪਹਿਲਾ ਅਤੇ ਆਖਰੀ ਸਮਾਗਮ ਹੈ। ਉਨ੍ਹਾਂ ਨੇ ਲੋਕਾਂ ਨੂੰ ਬੂਟੇ ਲਾਉਣ ਅਤੇ ਨੌਜਵਾਨਾਂ ਨੂੰ ਪੱਗਾਂ ਬੰਨ੍ਹਣ ਲਈ ਵੀ ਪ੍ਰੇਰਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ