ਫਰੀਦਕੋਟ ਦੇ ਪਿੰਡ ਵਿੱਚ ਵਿਆਹ ਦੌਰਾਨ ਪੁਲੀਸ ਨੇ ਲਾੜੀ ਦੇ 'ਪਿਤਾ' ਨੂੰ ਲਿਆ ਹਿਰਾਸਤ 'ਚ
ਖੇਤਾਂ ਵਿੱਚੋਂ ਟਰਾਂਸਫਾਰਮਰ ਅਤੇ ਮੋਟਰਾਂ ਚੋਰੀ ਹੋਣ ਦੇ ਮਾਮਲੇ ਵਿੱਚ ਨਾਮਜ਼ਦ ਹੇ ਮੁਲਜ਼ਮ: ਪੁਲੀਸ
ਅੱਜ ਸ਼ਾਮ ਫਰੀਦਕੋਟ ਨੇੜਲੇ ਪਿੰਡ ਸੰਧਵਾਂ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਿਵਲ ਕੱਪੜਿਆ ਵਿੱਚ ਆਈ ਪੁਲੀਸ ਨੇ ਲਾੜੀ ਦੇ ਪਿਤਾ ਨੂੰ ਆਨੰਦ ਕਾਰਜ ਦੀਆਂ ਰਸਮਾਂ ਦੌਰਾਨ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ, ਜਿਸ ਨਾਲ ਪਰਿਵਾਰਕ ਮੈਂਬਰਾਂ ਅਤੇ ਪੁਲੀਸ ਮੁਲਾਜ਼ਮਾਂ ਵਿਚਕਾਰ ਧੱਕਾ-ਮੁੱਕੀ ਹੋ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ, ਗਿੱਦੜਬਾਹਾ ਪੁਲੀਸ ਸਟੇਸ਼ਨ ਦੇ ਮੁਲਾਜ਼ਮ ਟਰਾਂਸਫਾਰਮਰ ਅਤੇ ਮੋਟਰ ਚੋਰੀ ਦੇ ਮਾਮਲੇ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਉਕਤ ਵਿਅਕਤੀ ਨੂੰ ਯੂ ਪੀ ਨੰਬਰ ਵਾਲੀ ਗੱਡੀ ਵਿੱਚ ਬਿਠਾ ਕੇ ਲੈ ਗਏ। ਜਦੋਂ ਰਿਸ਼ਤੇਦਾਰਾਂ ਨੇ ਹਿਰਾਸਤ ਵਿੱਚ ਲੈਣ ਦਾ ਵਿਰੋਧ ਕੀਤਾ ਤਾਂ ਹੱਥੋਪਾਈ ਸ਼ੁਰੂ ਹੋ ਗਈ। ਇਸ ਦੌਰਾਨ ਵਿਰੋਧ ਵਿੱਚ ਇੱਕ ਵਿਅਕਤੀ ਪੁਲੀਸ ਦੀ ਗੱਡੀ ਦੇ ਸਾਹਮਣੇ ਲੰਮਾ ਪੈ ਗਿਆ। ਦੋਸ਼ ਹੈ ਕਿ ਜਦੋਂ ਪੁਲੀਸ ਮੁਲਜ਼ਮ ਨੂੰ ਲੈ ਕੇ ਜਾਣ ਲੱਗੀ ਤਾਂ ਉਸ ਨੂੰ ਘਸੀਟ ਕੇ ਇੱਕ ਪਾਸੇ ਕਰ ਦਿੱਤਾ ਗਿਆ।
ਲਾੜੀ ਦੇ ਭਰਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਿਤਾ ਨੇ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਬਹੁਤ ਪਹਿਲਾਂ ਛੱਡ ਦਿੱਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਰਹੀ ਹੈ, ਜਦੋਂ ਕਿ ਚੋਰੀ ਦੇ ਇੱਕ ਮਾਮਲੇ ਵਿੱਚ ਉਨ੍ਹਾਂ ਦਾ ਨਾਮ ਪਹਿਲਾਂ ਵੀ ਸਾਹਮਣੇ ਆ ਚੁੱਕਾ ਸੀ।
ਹਾਲਾਂਕਿ, ਗਿੱਦੜਬਾਹਾ ਦੇ ਐੱਸ ਐੱਚ ਓ ਪਰਵਿੰਦਰ ਸਿੰਘ ਨੇ ਕਿਹਾ ਕਿ ਇਸ ਇਲਾਕੇ ਵਿੱਚ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਦੇ ਖੇਤਾਂ ਵਿੱਚੋਂ ਦਰਜਨਾਂ ਟਰਾਂਸਫਾਰਮਰ ਅਤੇ ਮੋਟਰਾਂ ਚੋਰੀ ਹੋਣ ਦੇ ਮਾਮਲੇ ਵਿੱਚ ਗਰੀਬ ਸਿੰਘ ਉਰਫ਼ ਰਾਜੂ ਨਾਮ ਦੇ ਵਿਅਕਤੀ ਖ਼ਿਲਾਫ਼ ਐੱਫ ਆਈ ਆਰ ਦਰਜ ਕੀਤੀ ਗਈ ਸੀ।
ਇਹ ਚੋਰੀਆਂ ਕਥਿਤ ਤੌਰ 'ਤੇ ਇੱਕ ਗਰੋਹ ਵੱਲੋਂ ਕੀਤੀਆਂ ਗਈਆਂ ਸਨ, ਜਿਸ ਦੇ ਪੰਜ ਮੈਂਬਰ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਪੁਲੀਸ ਨੇ ਮੁਲਜ਼ਮ ਨੂੰ ਇੱਕ ਕੁਖਿਆਤ ਚੋਰ ਦੱਸਿਆ ਹੈ।
ਐੱਸ ਐੱਚ ਓ ਨੇ ਦਾਅਵਾ ਕੀਤਾ ਕਿ ਜਦੋਂ ਵੀ ਪੁਲੀਸ ਟੀਮਾਂ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਉਸ ਦੇ ਘਰ ਪਹੁੰਚਦੀਆਂ ਸਨ, ਤਾਂ ਉਹ ਪੁਲੀਸ ਨੂੰ ਚਕਮਾ ਦੇ ਕੇ ਭੱਜ ਜਾਂਦਾ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਉਹ ਪਹਿਲਾਂ ਵੀ ਕਈ ਵਾਰ ਪੁਲੀਸ ਨਾਲ ਬਦਤਮੀਜ਼ੀ ਕਰ ਚੁੱਕਾ ਹੈ।

