ਨਸ਼ਾ ਤਸਕਰੀ 'ਚ ਸ਼ਮੂਲੀਅਤ ਦੇ ਦੋਸ਼ ਹੇਠ ਪੁਲੀਸ ਚੌਕੀ ਘੁਬਾਇਆ ਦਾ ਇੰਚਾਰਜ ਥਾਣੇਦਾਰ ਸਸਪੈਂਡ
ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ: SSP
ਨਸ਼ਾ ਤਸਕਰੀ ਦੇ ਮਾਮਲੇ ਵਿੱਚ ਸ਼ਮੂਲੀਅਤ ਸਾਹਮਣੇ ਆਉਣ 'ਤੇ ਫ਼ਾਜ਼ਿਲਕਾ ਜ਼ਿਲ੍ਹੇ ਵਿੱਚ ਪੈਂਦੀ ਚੌਕੀ ਘੁਬਾਇਆ ਦੇ ਮੁਖੀ ਥਾਣੇਦਾਰ ਗੁਰਨਾਮ ਸਿੰਘ ਨੂੰ ਸਦਰ ਥਾਣਾ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ। ਚੌਕੀ ਪੁਲੀਸ ਮੁਖੀ ਨੂੰ ਨਾਮਜ਼ਦ ਕਰਨ ਉਪਰੰਤ ਜ਼ਿਲ੍ਹਾ ਪੁਲੀਸ ਵੱਲੋਂ ਥਾਣੇਦਾਰ ਗੁਰਨਾਮ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਚੌਕੀ ਘੁਬਾਇਆ ਦਾ ਇੱਕ ਮੁਨਸ਼ੀ ਆਪਣੇ ਸਾਥੀਆਂ ਨਾਲ 280 ਗ੍ਰਾਮ ਹੈਰੋਇਨ ਅਤੇ ਨਾਜਾਇਜ਼ ਪਿਸਤੌਲ ਸਮੇਤ ਨਾਲ ਲੱਗਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਦੇ ਅੜਿੱਕੇ ਆ ਗਿਆ ਸੀ।
ਅੱਜ ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਸ ਮਾਮਲੇ ਦਾ ਨੋਟਿਸ ਲੈਂਦਿਆਂ ਜਿੱਥੇ ਚੌਕੀ ਘੁਬਾਇਆ ਦੇ ਇੰਚਾਰਜ ਅਤੇ ਮੁਨਸ਼ੀ ਜੋਗਿੰਦਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਉੱਥੇ ਹੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘੁਬਾਇਆ ਚੌਕੀ ਦਾ ਪੂਰਾ ਅਮਲਾ ਹੀ ਬਦਲ ਦਿੱਤਾ ਗਿਆ ਹੈ।
ਇਸ ਸਬੰਧੀ ਜਦੋਂ ਜ਼ਿਲ੍ਹਾ ਪੁਲੀਸ ਮੁਖੀ ਗਗਨ ਅਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਪੁਲੀਸ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਆਉਂਦੀ ਚੌਕੀ ਘੁਬਾਇਆ ਦੇ ਮੁਨਸ਼ੀ ਨੂੰ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜਿਆ ਗਿਆ ਸੀ। ਇਸ ਮਾਮਲੇ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੌਕੀ ਇੰਚਾਰਜ ਥਾਣੇਦਾਰ ਗੁਰਨਾਮ ਸਿੰਘ ਗੈਰ-ਹਾਜ਼ਰ ਚੱਲ ਰਿਹਾ ਸੀ, ਜਿਸ ਖ਼ਿਲਾਫ਼ ਵਿਭਾਗੀ ਕਾਰਵਾਈ ਕਰਦਿਆਂ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਸ ਸਬੰਧੀ ਜਾਣਕਾਰੀ ਲਿਖਤੀ ਤੌਰ 'ਤੇ ਮਿਲ ਚੁੱਕੀ ਹੈ ਕਿ ਚੌਕੀ ਇੰਚਾਰਜ ਨੂੰ ਵੀ ਉਕਤ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ। ਜ਼ਿਲ੍ਹਾ ਪੁਲੀਸ ਮੁਖੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਪੰਜਾਬ ਪੁਲੀਸ ਦਾ ਮੁਲਾਜ਼ਮ ਜਾਂ ਅਧਿਕਾਰੀ ਹੋਵੇ, ਭਾਵੇਂ ਆਮ ਨਾਗਰਿਕ।

