Police Encounter-ਮੋਗਾ ਪੁਲੀਸ ਦੀ ਵੱਡੀ ਕਾਰਵਾਈ: ਬੰਬੀਹਾ ਗੈਂਗ ਦੇ ਤਿੰਨ ਮੈਂਬਰ ਗ੍ਰਿਫ਼ਤਾਰ
ਮੁਲਜ਼ਮਾਂ ਤੋਂ ਪੰਜ ਦੇਸੀ ਪਿਸਤੌਲਾਂ ਤੇ ਜ਼ਿੰਦਾ ਕਾਰਤੂਸ ਬਰਾਮਦ
ਮੋਗਾ ਜ਼ਿਲ੍ਹਾ ਪੁਲੀਸ ਦੇ ਸੀਆਈਏ ਸਟਾਫ ਨੇ ਬੰਬੀਹਾ ਗੈਂਗ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਪੰਜ ਦੇਸੀ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਕਾਰਵਾਈ ਮੋਗਾ ਦੇ ਅਜੀਤਵਾਲ ਖੇਤਰ ਵਿੱਚ ਕੀਤੀ ਗਈ।
ਐੱਸਐੱਸਪੀ ਮੋਗਾ ਅਜੇ ਗਾਂਧੀ ਮੁਤਾਬਕ 22 ਜਨਵਰੀ ਨੂੰ ਸੀਆਈਏ ਟੀਮ ਰੁਟੀਨ ਗਸ਼ਤ ’ਤੇ ਸੀ, ਜਿਸ ਦੌਰਾਨ ਇੱਕ ਭਰੋਸੇਯੋਗ ਸੂਤਰ ਵੱਲੋਂ ਅਜੀਤਵਾਲ ਇਲਾਕੇ ਵਿੱਚ ਹਥਿਆਰਬੰਦ ਗੈਂਗ ਮੈਂਬਰਾਂ ਦੀ ਹਲਚਲ ਬਾਰੇ ਜਾਣਕਾਰੀ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਤਲਾਸ਼ੀ ਦੌਰਾਨ ਇਨ੍ਹਾਂ ਕੋਲੋਂ ਚਾਰ ਦੇਸੀ ਪਿਸਤੌਲ (.32 ਬੋਰ) ਮੈਗਜ਼ੀਨਾਂ ਸਮੇਤ, 15 ਜ਼ਿੰਦਾ ਕਾਰਤੂਸ, ਇੱਕ ਦੇਸੀ ਪਿਸਤੌਲ .30 ਬੋਰ ਮੈਗਜ਼ੀਨ ਸਮੇਤ ਅਤੇ ਹੋਰ ਜ਼ਿੰਦਾ ਕਾਰਤੂਸ ਮਿਲਿਆ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਗੁਰਵਿੰਦਰ ਸਿੰਘ ਉਰਫ਼ ਗੱਗਣਾ, ਵਾਸੀ ਕੋਕਰੀ ਵੇਹਣੀਵਾਲ, ਜਸਪ੍ਰੀਤ ਸਿੰਘ, ਵਾਸੀ ਮਹਿੰਤਾ ਵਾਲਾ ਵਿਹਾਰ, ਬਾਬਾ ਜੀਵਨ ਸਿੰਘ ਨਗਰ ਅਤੇ ਏਕਜੋਤ ਸਿੰਘ, ਵਾਸੀ ਢਾਲਵਾਂਵਾਲਾ, ਬਾਘਾਪੁਰਾਣਾ ਵਜੋਂ ਹੋਈ ਹੈ।
ਪੁਲੀਸ ਰਿਕਾਰਡ ਮੁਤਾਬਕ ਗੁਰਵਿੰਦਰ ਸਿੰਘ ਉਰਫ਼ ਗੱਗਣਾ ਖ਼ਿਲਾਫ਼ 2020 ਵਿੱਚ ਮੋਗਾ ਥਾਣੇ ਵਿੱਚ ਐੱਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ ਹੈ, ਜਦਕਿ ਏਕਜੋਤ ਸਿੰਘ ਖ਼ਿਲਾਫ਼ 2024 ਵਿੱਚ ਬਠਿੰਡਾ ਦੇ ਦਿਆਲਪੁਰਾ ਥਾਣੇ ਵਿੱਚ ਕਤਲ ਦੀ ਕੋਸ਼ਿਸ਼ ਹੋਰ ਅਪਰਾਧਕ ਮਾਮਲੇ ਦਰਜ ਹਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।

