ਗਗਨਦੀਪ ਅਰੋੜਾ
ਇਥੇ ਪੱਖੋਵਾਲ ਰੋਡ ਸਥਿਤ ਮੈਰਿਜ ਪੈਲੇਸ ਵਿੱਚ ਪਿਛਲੇ ਸ਼ਨਿਚਰਵਾਰ ਗੋਲੀ ਕਾਂਡ ਦੇ ਹਫ਼ਤਾ ਬੀਤ ਜਾਣ ਮਗਰੋਂ ਵੀ ਪੁਲੀਸ ਦੇ ਹੱਥ ਖ਼ਾਲੀ ਹਨ। ਇਸ ਗੋਲੀ ਕਾਂਡ ਵਿੱਚ ਲਾੜੇ ਦੀ ਮਾਸੀ ਤੇ ਦੋਸਤ ਦੀ ਮੌਤ ਹੋ ਗਈ ਸੀ। ਪੁਲੀਸ ਨੇ ਹਾਲੇ ਤੱਕ ਇਸ ਮਾਮਲੇ ਵਿੱਚ ਚੁੱਪ ਵੱਟੀ ਹੋਈ ਹੈ। ਕੋਈ ਵੀ ਅਧਿਕਾਰੀ ਕੁੱਝ ਦੱਸਣ ਨੂੰ ਤਿਆਰ ਨਹੀਂ। ਦੂਜੇ ਪਾਸੇ ਚਰਚਾ ਹੈ ਕਿ ਇਸ ਮਾਮਲੇ ਦਾ ਮੁੱਖ ਮੁਲਜ਼ਮ ਸ਼ੁਭਮ ਅਰੋੜਾ ਨੇਪਾਲ ਚਲਾ ਗਿਆ ਹੈ, ਜਿਥੋਂ ਉਹ ਕਿਸੇ ਹੋਰ ਦੇਸ਼ ਖਿਸਕ ਸਕਦਾ ਹੈ। ਪੁਲੀਸ ਨੇ ਇਸ ਸਬੰਧੀ ਪੰਜ ਸੂਬਿਆਂ ਵਿੱਚ ਅਲਰਟ ਜਾਰੀ ਕਰਵਾਇਆ ਹੈ। ਨੇਪਾਲ ਭੱਜਣਾ ਮੁਲਜ਼ਮਾਂ ਲਈ ਸਭ ਤੋਂ ਆਸਾਨ ਹੈ। ਉੱਤਰ ਪ੍ਰਦੇਸ਼ ਤੇ ਬਿਹਾਰ ਵਿੱਚੋਂ ਕੋਈ ਵੀ ਬਿਨਾਂ ਪਾਸਪੋਰਟ ਸਿਰਫ਼ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦਿਖਾ ਕੇ ਨੇਪਾਲ ਜਾ ਸਕਦਾ ਹੈ। ਸੂਤਰਾਂ ਮੁਤਾਬਕ ਇਸ ਦਾ ਫਾਇਦਾ ਚੁੱਕਦਿਆਂ ਸ਼ੁਭਮ ਅਰੋੜਾ ਉਰਫ਼ ਮੋਟਾ ਨੇਪਾਲ ਭੱਜ ਗਿਆ ਹੈ। ਉਸ ’ਤੇ ਦੋਹਰੇ ਕਤਲ ਦਾ ਕੇਸ ਦਰਜ ਹੈ। ਉਧਰ ਇਸ ਮਾਮਲੇ ਵਿੱਚ ਪੁਲੀਸ ਦੇ ਸਾਰੇ ਅਧਿਕਾਰੀਆਂ ਨੇ ਚੁੱਪ ਧਾਰੀ ਹੋਈ ਹੈ। ਹੁਣ ਤੱਕ ਪੁਲੀਸ ਨੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਸੀ ਪਰ ਹਾਲੇ ਤੱਕ ਕਿਸੇ ਵੀ ਮੁਲਜ਼ਮ ਦਾ ਨਾਮ ਨਸ਼ਰ ਨਹੀਂ ਕੀਤਾ। ਪੁਲੀਸ ਨੇ ਕਿਸ ਨੂੰ ਗ੍ਰਿਫ਼ਤਾਰ ਕੀਤਾ? ਕੌਣ ਫ਼ਰਾਰ ਹਨ? ਇਨ੍ਹਾਂ ਸਵਾਲਾਂ ਬਾਰੇ ਪੁਲੀਸ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ। ਪੁਲੀਸ ਦਾ ਇੱਕ ਹੀ ਜਵਾਬ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ਵਿੱਚ ਪੁਲੀਸ ’ਤੇ ਕਥਿਤ ਸਿਆਸੀ ਦਬਾਅ ਹੈ। ਮੁਲਜ਼ਮ ਰੂਬਲ ਆੜ੍ਹਤੀ ਨੂੰ ਤਾਂ ਵਿਧਾਇਕ ਨੇ ਖੁਦ ਹਾਰ ਪਵਾ ਕੇ ਸਬਜ਼ੀ ਮੰਡੀ ਦਾ ਪ੍ਰਧਾਨ ਬਣਾਇਆ ਸੀ। ਇਸੇ ਤਰ੍ਹਾਂ ਬਾਕੀ ਮੁਲਜ਼ਮਾਂ ਦੇ ਵੀ ਸੱਤਾਧਾਰੀ ਵਿਧਾਇਕ ਤੇ ਵਿਰੋਧੀ ਧਿਰਾਂ ਦੇ ਵੱਡੇ ਸਿਆਸੀ ਆਗੂਆਂ ਨਾਲ ਕਾਫ਼ੀ ਚੰਗੇ ਸਬੰਧ ਹਨ। ਏ ਡੀ ਸੀ ਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਲੋਕ ਚਿੰਤਤ ਹਨ।

