DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਫ਼ਰੀਦਕੋਟ ਦੇ ਪਿੰਡ ਪਿੱਪਲੀ ਵਿੱਚ ਪੁਲੀਸ ਕਮਾਂਡੋ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ; ਖ਼ੂਨ ਨਾਲ ਲੱਥਪੱਥ ਮਿਲੀ ਲਾਸ਼

ਹੱਥ-ਪੈਰ ਅਤੇ ਮੂੰਹ ਰੱਸੀਆਂ ਨਾਲ ਬੰਨ੍ਹ ਕੇ ਵਾਰਦਾਤ ਨੂੰ ਦਿੱਤਾ ਅੰਜਾਮ; ਇੱਕ ਮਹਿਲਾ ਸਮੇਤ ਪਰਿਵਾਰ ਦੇ 4 ਜੀਆਂ ਖ਼ਿਲਾਫ਼ ਮਾਮਲਾ ਦਰਜ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਫ਼ਰੀਦਕੋਟ ਦੇ ਨੇੜਲੇ ਪਿੰਡ ਪਿੱਪਲੀ ਵਿੱਚ ਐਤਵਾਰ ਸ਼ਾਮ ਨੂੰ ਇੱਕ ਬੇਹੱਦ ਦਿਲ ਕੰਬਾਊ ਵਾਰਦਾਤ ਸਾਹਮਣੇ ਆਈ ਹੈ। ਇੱਥੇ ਪੰਜਾਬ ਪੁਲੀਸ ਦੇ ਇੱਕ ਮੌਜੂਦਾ ਕਮਾਂਡੋ ਦੇ ਨੌਜਵਾਨ ਪੁੱਤ ਦਾ ਇੱਕ ਘਰ ਦੇ ਅੰਦਰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੇ ਹੱਥ, ਪੈਰ ਅਤੇ ਮੂੰਹ ਰੱਸੀਆਂ ਨਾਲ ਬੰਨ੍ਹੇ ਹੋਏ ਸਨ ਅਤੇ ਉਸ ਦੀ ਲਾਸ਼ ਖ਼ੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ। ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਸਮੇਤ ਚਾਰ ਲੋਕਾਂ ਖ਼ਿਲਾਫ਼ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਹੇਠ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਫ਼ਰੀਦਕੋਟ ਸ਼ਹਿਰ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਹਰਨੇਕ ਸਿੰਘ ਦਾ ਵੱਡਾ ਪੁੱਤਰ ਸੀ। ਹਰਨੇਕ ਸਿੰਘ ਇਸ ਵੇਲੇ ਚੰਡੀਗੜ੍ਹ ਵਿਖੇ ਪੰਜਾਬ ਪੁਲੀਸਦੀ ਕਮਾਂਡੋ ਬਟਾਲੀਅਨ ਵਿੱਚ ਤਾਇਨਾਤ ਹਨ।

ਸਬੰਧ ਬਣਾਉਣ ਲਈ ਪਾਇਆ ਜਾ ਰਿਹਾ ਸੀ ਦਬਾਅ

ਹਰਨੇਕ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਕੀਤੀ ਗਈ ਐੱਫ.ਆਈ.ਆਰ. (FIR) ਮੁਤਾਬਕ, ਅਰਸ਼ਦੀਪ ਨੇ ਹਾਲ ਹੀ ਵਿੱਚ ਫ਼ੋਨ ’ਤੇ ਆਪਣੇ ਪਿਤਾ ਨਾਲ ਦੁਖੜਾ ਸਾਂਝਾ ਕੀਤਾ ਸੀ। ਉਸ ਨੇ ਦੱਸਿਆ ਸੀ ਕਿ ਹਰਪ੍ਰੀਤ ਕੌਰ ਨਾਂ ਦੀ ਮਹਿਲਾ ਉਸ ਨੂੰ ਲਗਾਤਾਰ ਫ਼ੋਨ ਕਰਕੇ ਸਬੰਧ ਬਣਾਉਣ ਲਈ ਦਬਾਅ ਪਾ ਰਹੀ ਹੈ। ਪਿਤਾ ਮੁਤਾਬਕ ਅਰਸ਼ਦੀਪ ਇਸ ਜਬਰਨ ਪਾਏ ਜਾ ਰਹੇ ਦਬਾਅ ਕਾਰਨ ਬੇਹੱਦ ਡਰਿਆ ਹੋਇਆ ਸੀ। ਪੁੱਤਰ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਹਰਨੇਕ ਸਿੰਘ ਛੁੱਟੀ ਲੈ ਕੇ ਤੁਰੰਤ ਘਰ ਪਹੁੰਚੇ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਐਤਵਾਰ ਸ਼ਾਮ ਨੂੰ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਪਿੰਡ ਪਿੱਪਲੀ ਵਿਖੇ ਹਰਪ੍ਰੀਤ ਦੇ ਪਰਿਵਾਰ ਨਾਲ ਗੱਲਬਾਤ ਕਰਕੇ ਮਾਮਲਾ ਸ਼ਾਂਤੀਪੂਰਵਕ ਸੁਲਝਾਉਣਗੇ।

Advertisement

ਪੰਚਾਇਤ ਦੇ ਜੁੜਨ ਤੋਂ ਪਹਿਲਾਂ ਹੀ ਵਾਪਰੀ ਘਟਨਾ

ਪਰ ਇਸ ਤੋਂ ਪਹਿਲਾਂ ਕਿ ਕੋਈ ਸਾਂਝੀ ਪੰਚਾਇਤ ਬੈਠ ਕੇ ਮਾਮਲੇ ਦਾ ਹੱਲ ਕੱਢਦੀ, ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਹਰਨੇਕ ਸਿੰਘ ਕੁਝ ਸਮੇਂ ਲਈ ਆਪਣੇ ਇੱਕ ਰਿਸ਼ਤੇਦਾਰ ਦੇ ਸਸਕਾਰ 'ਤੇ ਗਏ ਸਨ, ਪਰ ਜਦੋਂ ਉਹ ਵਾਪਸ ਪਰਤੇ ਤਾਂ ਅਰਸ਼ਦੀਪ ਘਰੋਂ ਗਾਇਬ ਸੀ। ਕਿਸੇ ਅਣਹੋਣੀ ਦਾ ਖ਼ਦਸ਼ਾ ਹੋਣ ’ਤੇ ਉਹ ਤੁਰੰਤ ਸਾਬਕਾ ਸਰਪੰਚ ਇਕਬਾਲ ਸਿੰਘ ਅਤੇ ਪਿੰਡ ਦੇ ਹੋਰ ਪਤਵੰਤਿਆਂ ਨੂੰ ਨਾਲ ਲੈ ਕੇ ਪਿੰਡ ਪਿੱਪਲੀ ਵੱਲ ਭੱਜੇ।

Advertisement

ਜਿਵੇਂ ਹੀ ਉਹ ਹਰਪ੍ਰੀਤ ਦੇ ਪਿਤਾ ਚਮਕੌਰ ਸਿੰਘ ਦੇ ਘਰ ਦੇ ਨੇੜੇ ਪਹੁੰਚੇ, ਤਾਂ ਉਨ੍ਹਾਂ ਨੇ ਦੇਖਿਆ ਕਿ ਤਿੰਨ ਆਦਮੀ ਖ਼ੂਨ ਨਾਲ ਲੱਥਪੱਥ ਕੱਪੜਿਆਂ ਵਿੱਚ ਉੱਥੋਂ ਦੌੜ ਰਹੇ ਸਨ ਅਤੇ ਉਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਕੁਹਾੜੀ ਫੜੀ ਹੋਈ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਭੱਜ ਰਹੇ ਮੁਲਜ਼ਮਾਂ ਦੀ ਪਛਾਣ ਚਮਕੌਰ ਸਿੰਘ, ਉਸ ਦੇ ਪੁੱਤਰ ਸਤਨਾਮ ਸਿੰਘ ਅਤੇ ਜਵਾਈ ਸਿਮਰਜੀਤ ਸਿੰਘ ਵਜੋਂ ਕੀਤੀ।

ਕਮਰੇ ਦਾ ਦ੍ਰਿਸ਼ ਦੇਖ ਕੰਬ ਗਈ ਰੂਹ

ਇਸ ਤੋਂ ਤੁਰੰਤ ਬਾਅਦ ਜਦੋਂ ਬਦਹਵਾਸ ਪਿਤਾ ਹਰਨੇਕ ਸਿੰਘ ਘਰ ਦੇ ਅੰਦਰ ਦਾਖਲ ਹੋਇਆ, ਤਾਂ ਕਮਰੇ ਦਾ ਮੰਜ਼ਰ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਅੰਦਰ ਅਰਸ਼ਦੀਪ ਦੀ ਬੇਜਾਨ ਲਾਸ਼ ਪਈ ਸੀ, ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਮੂੰਹ ਵਿੱਚ ਰੱਸੀ ਤੁੰਨੀ ਹੋਈ ਸੀ। ਚਾਰੇ ਪਾਸੇ ਖ਼ੂਨ ਹੀ ਖ਼ੂਨ ਖਿੰਡਿਆ ਹੋਇਆ ਸੀ। ਵਾਰਦਾਤ ਦੀ ਇਸ ਬੇਰਹਿਮੀ ਨੇ ਪਰਿਵਾਰ ਅਤੇ ਪੂਰੇ ਪਿੰਡ ਨੂੰ ਗਹਿਰੇ ਸਦਮੇ ਵਿੱਚ ਡੋਬ ਦਿੱਤਾ ਹੈ।

ਪੁਲੀਸ ਨੇ ਪੀੜਤ ਪਿਤਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਹਰਪ੍ਰੀਤ ਕੌਰ, ਉਸ ਦੇ ਪਤੀ ਸਿਮਰਜੀਤ ਸਿੰਘ, ਪਿਤਾ ਚਮਕੌਰ ਸਿੰਘ ਅਤੇ ਭਰਾ ਸਤਨਾਮ ਸਿੰਘ ਖ਼ਿਲਾਫ਼ ਭਾਰਤੀ ਨਿਆਏ ਸੰਹਿਤਾ (BNS), 2023 ਦੀਆਂ ਸਬੰਧਤ ਧਾਰਾਵਾਂ ਤਹਿਤ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕਰ ਲਿਆ ਹੈ। ਵਾਰਦਾਤ ਤੋਂ ਬਾਅਦ ਫ਼ਰਾਰ ਹੋਏ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

Advertisement
×