ਬਣਾਂਵਾਲਾ ਤਾਪਘਰ ਦੇ ਬਾਹਰ ਪ੍ਰਦਰਸ਼ਨ ਕਰਨ ਵਾਲੇ 60 ਕਾਮਿਆਂ ਅਤੇ 100 ਹੋਰਾਂ ਖ਼ਿਲਾਫ਼ ਪੁਲੀਸ ਕੇਸ ਦਰਜ
ਕਿਸਾਨ ਆਗੂਆਂ ਨੇ ਪੁਲੀਸ ਕਾਰਵਾਈ ਦਾ ਕੀਤਾ ਸਖ਼ਤ ਵਿਰੋਧ, ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ
ਮਾਨਸਾ ਨੇੜੇ ਪਿੰਡ ਬਣਾਂਵਾਲਾ ਵਿਖੇ ਨਿੱਜੀ ਭਾਈਵਾਲੀ ਤਹਿਤ ਲੱਗੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਮੁੱਖ ਗੇਟ ਨੂੰ ਰੋਕ ਕੇ ਆਪਣੀਆਂ ਮੰਗਾਂ ਸਬੰਧੀ ਪ੍ਰਦਰਸ਼ਨ ਕਰ ਰਹੇ ਸਕਿਊਰਟੀ ਕਾਮਿਆਂ ਖ਼ਿਲਾਫ਼ ਥਾਣਾ ਸਦਰ ਮਾਨਸਾ ਦੀ ਪੁਲੀਸ ਨੇ ਕਾਰਵਾਈ ਕਰਦਿਆਂ 60 ਤੋਂ ਵੱਧ ਨਾਮਜ਼ਦ ਅਤੇ ਕਰੀਬ 125 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਥਾਣਾ ਸਦਰ ਮਾਨਸਾ ਦੇ ਸਹਾਇਕ ਥਾਣੇਦਾਰ ਗੁਰਨੈਬ ਸਿੰਘ ਅਨੁਸਾਰ 27 ਅਗਸਤ ਨੂੰ ਪੁਲੀਸ ਟੀਮ ਗਸ਼ਤ ਦੌਰਾਨ ਥਰਮਲ ਪਲਾਂਟ ਦੇ ਗੇਟ ਨੰਬਰ-1 ਉੱਤੇ ਪਹੁੰਚੀ। ਉੱਥੇ ਵੱਡੀ ਗਿਣਤੀ ਵਿੱਚ ਲੋਕ ਟੈਂਟ ਲਗਾ ਕੇ ਧਰਨਾ ਦੇ ਰਹੇ ਸਨ। ਪੁਲੀਸ ਅਨੁਸਾਰ ਪ੍ਰਦਰਸ਼ਨਕਾਰੀ ਲਾਊਡ ਸਪੀਕਰ ਰਾਹੀਂ ਨਾਅਰੇਬਾਜ਼ੀ ਕਰ ਰਹੇ ਸਨ ਅਤੇ ਪਲਾਂਟ ਵਿੱਚ ਆਉਣ-ਜਾਣ ਵਾਲੇ ਵਾਹਨਾਂ ਦਾ ਰਸਤਾ ਰੋਕਿਆ ਹੋਇਆ ਸੀ।
ਮਾਨਸਾ ਦੇ ਡੀ ਐੱਸ ਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਤਾਪਘਰ ਦੇ ਮੁੱਖ ਗੇਟ ਦੇ ਬਾਹਰ ਹੁੜਦੰਗ ਮਚਾਉਣ ਵਾਲੇ ਅਤੇ ਅੰਦਰ ਜਾਣ ਵਾਲੇ ਵਾਹਨਾਂ ਨੂੰ ਰੋਕਣ ਦੇ ਦੋਸ਼ ਹੇਠ 61 ਵਿਅਕਤੀਆਂ ਨੂੰ ਨਾਮਜ਼ਦ ਕਰਕੇ 100 ਦੇ ਕਰੀਬ ਲੋਕਾਂ ਉੱਤੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੈਜਿਸਟਰੇਟ ਨਵਜੋਤ ਕੌਰ ਵੱਲੋਂ ਥਰਮਲ ਪਲਾਂਟ ਦੇ ਗੇਟ ਦੇ ਆਲੇ-ਦੁਆਲੇ 500 ਮੀਟਰ ਦੇ ਖੇਤਰ ਵਿੱਚ ਧਰਨਾ ਲਗਾਉਣ ਉੱਤੇ ਰੋਕ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਪੁਲੀਸ ਨੇ ਨਾਮਜ਼ਦ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹੀ ਹੈ।
ਉੱਧਰ ਕਿਸਾਨ ਆਗੂ ਰਾਮ ਸਿੰਘ ਭੈਣੀਬਾਘਾ ਅਤੇ ਦੀਦਾਰ ਸਿੰਘ ਨੇ ਪੁਲੀਸ ਕਾਰਵਾਈ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਮੁਕੱਦਮਿਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਦੂਜੇ ਪਾਸੇ ਅੱਜ ਡਿਪਟੀ ਕਮਿਸ਼ਨਰ ਨਵਜੋਤ ਕੌਰ, ਐੱਸ ਐੱਸ ਪੀ ਭਾਗੀਰਥ ਸਿੰਘ ਮੀਨਾ ਅਤੇ ਏ ਡੀ ਸੀ ਪੂਨਮ ਸਿੰਘ ਨੇ ਕਿਸਾਨ ਨੇਤਾਵਾਂ ਅਤੇ ਪ੍ਰਦਰਸ਼ਨਕਾਰੀਆਂ ਨਾਲ ਇਸ ਸਬੰਧੀ ਅੱਜ ਵਿਸ਼ੇਸ਼ ਮੀਟਿੰਗ ਕੀਤੀ ਅਤੇ ਇਸ ਮਾਮਲੇ ਨੂੰ ਸੁਲਝਾਉਣ ਲਈ ਗੱਲਬਾਤ ਚੱਲੀ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਭਾਰੀ ਘਾਟੇ ਦੇ ਬਾਵਜੂਦ ਕਾਮਿਆਂ ਦੀਆਂ ਸਰਕਾਰੀ ਨਿਯਮਾਂ ਅਨੁਸਾਰ ਮੰਗਾਂ ਦੇ ਮਾਮਲਿਆਂ ਲਈ ਰਾਜ਼ੀ ਹੈ, ਪਰ ਕੁਝ ਬਾਹਰਲੇ ਲੋਕ ਮਸਲੇ ਨੂੰ ਫ਼ਾਲਤੂ ਤੂਲ ਦੇ ਰਹੇ ਹਨ।

