ਪੁਲੀਸ ਤੇ ਬੀਐੱਸਐੱਫ ਵੱਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ
ਗੁਰਬਖਸ਼ਪੁਰੀ
ਤਰਨ ਤਾਰਨ, 28 ਜੂਨ
ਖਾਲੜਾ ਦੀ ਪੁਲੀਸ ਅਤੇ ਬੀਐੱਸਐੱਫ ਦੀ ਸਾਂਝੀ ਪਾਰਟੀ ਵੱਲੋਂ ਸਰਹੱਦੀ ਖੇਤਰ ਦੇ ਪਿੰਡ ਡੱਲ ਨੇੜਿਓਂ ਬੀਤੀ ਦੇਰ ਸ਼ਾਮ ਤਿੰਨ ਵਿਅਕਤੀਆਂ ਨੂੰ 497 ਗਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ| ਸਬ ਇੰਸਪੈਕਟਰ ਸਾਹਿਬ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮੁਲਜ਼ਮਾਂ ਵਿੱਚ ਡੱਲ ਪਿੰਡ ਦੇ ਵਾਸੀ ਜਗਜੀਤ ਸਿੰਘ ਜੀਤਾ, ਹਰੂਨ ਸਿੰਘ ਅਤੇ ਜਸਬੀਰ ਸਿੰਘ ਵਿੱਕੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਜਿਵੇਂ ਹੀ ਪੁਲੀਸ ਨੂੰ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਦੀ ਜਾਣਕਾਰੀ ਮਿਲੀ ਤਾਂ ਪੁਲੀਸ ਤੇ ਬੀਐੱਸਐੱਫ ਨੇ ਸਾਂਝੇ ਤੌਰ ’ਤੇ ਡੱਲ ਪਿੰਡ ਨੇੜਿਓਂ ਤਿੰਨ ਜਣਿਆਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ ਪੈਕੇਟ ਬਰਾਮਦ ਕੀਤਾ ਜਿਸ ਦਾ ਕੁੱਲ ਭਾਰ 613 ਗਰਾਮ ਸੀ। ਇਸ ਵਿੱਚੋਂ 497 ਗਰਾਮ ਹੈਰੋਇਨ ਬਰਾਮਦ ਕੀਤੀ ਅਤੇ ਬਾਕੀ 116 ਗਰਾਮ ਪੈਕਿੰਗ ਮਟੀਰੀਅਲ ਨਿਕਲਿਆ| ਮੁਲਜ਼ਮਾਂ ਦਾ ਸਾਈਕਲ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਕਰ ਲਿਆ ਹੈ| ਪੁਲੀਸ ਵਲੋਂ ਡਰੋਨ ਦੀ ਭਾਲ ਕੀਤੀ ਜਾ ਰਹੀ ਹੈ| ਇਸ ਸਬੰਧੀ ਪੁਲੀਸ ਨੇ ਐੱਨਡੀਪੀਐੱਸ ਐਕਟ ਦੀ ਦਫ਼ਾ 21-ਸੀ, 29, 61, 85 ਅਤੇ ਏਅਰ ਕਰਾਫਟ ਐਕਟ ਦੀ ਦਫ਼ਾ 10, 11, 12 ਅਧੀਨ ਕੇਸ ਦਰਜ ਕੀਤਾ ਹੈ| ਮੁਲਜ਼ਮਾਂ ਤੋਂ ਉਨ੍ਹਾਂ ਦੇ ਨੇੜੇ ਦੇ ਸੰਪਰਕਾਂ ਦੀ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ|
ਫ਼ਿਰੋਜ਼ਪੁਰ ਜੇਲ੍ਹ ’ਚ ਕਮਾਂਡੋ ਦੇ ਬੂਟ ’ਚੋਂ ਹੈਰੋਇਨ ਬਰਾਮਦ
ਫ਼ਿਰੋਜ਼ਪੁਰ (ਸੰਜੀਵ ਹਾਂਡਾ): ਇੱਥੋਂ ਦੀ ਕੇਂਦਰੀ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਕਮਾਂਡੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਫੜਿਆ ਗਿਆ। ਤਲਾਸ਼ੀ ਦੌਰਾਨ ਉਸ ਦੇ ਬੂਟ ਵਿੱਚੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ। ਸ਼ੁੱਕਰਵਾਰ ਦੁਪਹਿਰ ਕੇਂਦਰੀ ਜੇਲ੍ਹ ਵਿੱਚ ਸੁਰੱਖਿਆ ਕਰਮੀ ਕਮਾਂਡੋ ਸੁੱਖਾ ਸਿੰਘ ਜਦੋਂ ਡਿਊਟੀ ’ਤੇ ਜਾਣ ਲਈ ਜੇਲ੍ਹ ਦੀ ਡਿਓਢੀ ਵਿੱਚ ਪਹੁੰਚਿਆ ਤਾਂ ਉੱਥੇ ਤਾਇਨਾਤ ਮੁਲਾਜ਼ਮਾਂ ਨੇ ਉਸ ਦੀ ਤਲਾਸ਼ੀ ਲਈ। ਇਸ ਦੌਰਾਨ ਉਸ ਦੇ ਬੂਟ ਦੇ ਤਲੇ ਵਿੱਚੋਂ 20 ਗ੍ਰਾਮ ਚਿੱਟਾ ਪਾਊਡਰ ਬਰਾਮਦ ਹੋਇਆ। ਜੇਲ੍ਹ ਦੇ ਸਹਾਇਕ ਸੁਪਰਡੈਂਟ ਤਰਸੇਮ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿੱਚ ਕਮਾਂਡੋ ਸੁੱਖਾ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਨੇ ਮੌਕੇ ’ਤੇ ਹੀ ਉਸ ਨੂੰ ਕਾਬੂ ਕਰ ਲਿਆ ਹੈ।