ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਅਗਸਤ
ਮਾਝੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਮਾਮਲੇ ਵਿੱਚ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਆਖਿਆ ਕਿ ਇਹ ਸ਼ਰਾਬ ਘਰ ਦੀ ਕੱਢੀ ਹੋਈ ਨਹੀਂ ਸੀ ਸਗੋਂ ਤਸਕਰਾਂ ਵੱਲੋਂ ਸਪਲਾਈ ਕੀਤੀ ਨਾਜਾਇਜ਼ ਸ਼ਰਾਬ ਸੀ ਜਿਸ ਤੋਂ ਸਾਬਤ ਹੁੰਦਾ ਹੈ ਕਿ ਇੱਕ ਬਹੁਤ ਵੱਡਾ ਮਾਫੀਆ ਇਹ ਜ਼ਹਿਰ ਵੰਡ ਰਿਹਾ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਕੋਲੋਂ ਕਰਾਉਣ ਦੀ ਮੰਗ ਕੀਤੀ। ਉਹ ਇਥੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪੰਡੋਰੀ ਗੋਲਾ, ਭੁੱਲਰ, ਕੱਕਾ ਕੰਡਿਆਲਾ ਤੇ ਮੁੱਛਲ ਪਿੰਡਾਂ ਵਿੱਚ ਆਏ ਸਨ। ਉਪਰੰਤ ਅੰਮ੍ਰਿਤਸਰ ਵਿਖੇ ਪਾਰਟੀ ਦਫਤਰ ਵਿਚ ਮੀਡੀਆਂ ਨਾਲ ਗੱਲ ਕਰਦਿਆਂ ਸ੍ਰੀ ਮਾਨ ਨੇ ਦਸਿਆ ਕਿ ਇਹ ਸ਼ਰਾਬ ਘਰ ਦੀ ਕੱਢੀ ਹੋਈ ਨਹੀਂ ਸੀ ਬਲਕਿ ਤਸਕਰਾਂ ਵੱਲੋਂ ਸਪਲਾਈ ਕੀਤੀ ਗਈ ਨਾਜਾਇਜ਼ ਸ਼ਰਾਬ ਸੀ, ਜਿਸ ਨੂੰ ਪੀਣ ਨਾਲ ਲੋਕਾਂ ਦੀ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕ ਸ਼ਰੇਆਮ ਮੌਜੂਦਾ ਸਿਆਸਤਦਾਨਾਂ ਅਤੇ ਸ਼ਰਾਬ ਮਾਫੀਆ ਦੇ ਕਰਿੰਦਿਆਂ ਦੀ ਇਸ ਕਾਰੋਬਾਰ ਵਿੱਚ ਸ਼ਮੂਲੀਅਤ ਦੇ ਦੋਸ਼ ਲਾ ਰਹੇ ਹਨ। ਉਨ੍ਹਾਂ ਸਰਕਾਰ ਵਰ੍ਹਦਿਆਂ ਕਿਹਾ ਕਿ ਨਾਜਾਇਜ਼ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਲਾਸ਼ਾਂ ਦੀ ਮੁਰਦਾ ਘਰਾਂ ਵਿੱਚ ਹੋਈ ਬੇਅਦਬੀ ਲਈ ਕੌਣ ਜ਼ਿੰਮੇਵਾਰ ਹੈ। ਮੁਰਦਾਂ ਘਰਾਂ ਵਿਚ ਲਾਸ਼ਾਂ ਰਖਣ ਲਈ ਥਾਂ ਨਹੀਂ ਹੈ ਅਤੇ ਬਰਫ ਮੰਗਵਾਉਣ ਵਾਸਤੇ ਲੋਕਾਂ ਕੋਲੋਂ ਪੈਸੇ ਲਏ ਜਾ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਸੰਗਠਤ ਮਾਫ਼ੀਆ ਦੀਆਂ ਤਾਰਾਂ ਰਾਜਪੁਰਾ ਅਤੇ ਖੰਨਾ ਦੀਆਂ ਫਰਜ਼ੀ ਸ਼ਰਾਬ ਫੈਕਟਰੀਆਂ ਨਾਲ ਜੁੜੀਆਂ ਹੋਈਆਂ ਹਨ, ਜਿਨ੍ਹਾਂ ਨੂੰ ਚਲਾਉਣ ਵਾਲੇ ਖੁਦ ਕਾਂਗਰਸੀ ਹੀ ਹਨ। ਜੇਕਰ ਸਮੇਂ ਸਿਰ ਇਸ ਮਾਫ਼ੀਆ ਖ਼ਿਲਾਫ਼ ਕਾਰਵਾਈ ਕੀਤੀ ਜਾਂਦੀ ਤਾਂ ਇਹ ਹਾਦਸਾ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਬਣਾਈ ਗਈ ਸਿਟ ਆਦਿ ਦਾ ਕੋਈ ਲਾਭ ਨਹੀਂ ਹੈ ਕਿਉਕਿ ਸਰਕਾਰ ਹਰ ਘੁਟਾਲੇ ਜਾਂ ਘਟਨਾ ਮਗਰੋਂ ਸਿੱਧੀ ਕਾਰਵਾਈ ਕਰਨ ਦੀ ਬਜਾਏ ਸਿਟ ਬਣਾ ਦਿੱਤੀ ਜਾਂਦੀ ਹੈ, ਜਿਸ ਦਾ ਬਾਅਦ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕੋਈ ਵਿਧਾਇਕ ਜਾਂ ਉਸ ਦਾ ਸਹਾਇਕ ਜਾਂ ਕੋਈ ਹੋਰ ਵਿਅਕਤੀ ਕਸੂਰਵਾਰ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਧਾਰਾ 302 ਹੇਠ ਪਰਚਾ ਦਰਜ ਕੀਤਾ ਜਾਵੇ, ਪੀੜਤ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦੇਣ ਤੋਂ ਇਲਾਵਾ ਸਰਕਾਰ ਉਨ੍ਹਾਂ ਪਰਿਵਾਰਾਂ ਦੀ ਰੋਜ਼ੀ ਰੋਟੀ ਅਤੇ ਬੱਚਿਆਂ ਦੀ ਪੜਾਈ ਦਾ ਜ਼ਿੰਮਾ ਆਪਣੇ ਸਿਰ ਚੁੱਕੇ।
ਰਈਆ (ਦਵਿੰਦਰ ਸਿੰਘ ਭੰਗੂ): ਪਿੰਡ ਮੁੱਛਲ ਵਿਚ ਪੀੜਤਾਂ ਨਾਲ ਦੁੱਖ ਵੰਡਾਉਣ ‘ਆਪ’ ਆਗੂ ਭਗਵੰਤ ਮਾਨ, ਪੰਜਾਬ ਏਕਤਾ ਪਾਰਟੀ ਦੇ ਆਗੂ ਸੁਖਪਾਲ ਸਿੰਘ ਖਹਿਰਾ ਅਤੇ ਮਨਜੀਤ ਸਿੰਘ ਮੰਨਾ ਪੁੱਜੇ। ਉਨ੍ਹਾਂ ਇਸ ਘਟਨਾ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਕਰਾਰ ਦਿੱਤਾ। ਖਹਿਰਾ ਨੇ ਕੈਪਟਨ ਅਮਰਿੰਦਰ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮਨੁੱਖੀ ਜ਼ਿੰਦਗੀਆਂ ਦੇ ਹੋਏ ਵੱਡੇ ਨੁਕਸਾਨ ਸਬੰਧੀ ਛੋਟੇ ਅਫ਼ਸਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਮੁੱਖ ਮੰਤਰੀ ਖ਼ੁਦ ਨੂੰ ਮੁਅੱਤਲ ਕਰਨ। ਉਨ੍ਹਾਂ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰਾਂ ਲਈ ਐਕਸ-ਗ੍ਰੇਸ਼ੀਆ ਗਰਾਂਟ ਵਧਾ ਕੇ 25 ਲੱਖ ਰੁਪਏ ਕੀਤੀ ਜਾਵੇ।
ਰਾਜਪੁਰਾ ਤੋਂ ਜਾਂਦਾ ਸੀ ਸ਼ਰਾਬ ਤਿਆਰ ਕਰਨ ਵਾਲਾ ਕੱਚਾ ਮਾਲ!
ਪਟਿਆਲਾ (ਸਰਬਜੀਤ ਸਿੰਘ ਭੰਗੂ): ਤਰਨ ਤਾਰਨ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ਼ ਹੋਈਆਂ ਮੌਤਾਂ ਦੇ ਤਾਰ ਪਟਿਆਲਾ ਜ਼ਿਲ੍ਹੇ ਨਾਲ ਵੀ ਜੁੜਦੇ ਨਜ਼ਰ ਆ ਰਹੇ ਹਨ। ਤਰਨ ਤਾਰਨ ਪੁਲੀਸ ਵੱਲੋਂ ਇੱਕ ਦਿਨ ਪਹਿਲਾਂ ਪਟਿਆਲਾ ਜ਼ਿਲ੍ਹੇ ਵਿੱਚੋਂ ਚਾਰ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਤਰਨ ਤਾਰਨ ਪੁਲੀਸ ਵੱਲੋਂ ਨਰਿੰਦਰ ਸਿੰਘ, ਭਿੰਦਰ ਸਿੰਘ, ਗੁਰਜੰਟ ਸਿੰਘ ਅਤੇ ਪਰੇਮ ਸਿੰਘ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਇਹ ਚਰਚਾ ਆਮ ਹੈ ਕਿ ਨਾਜਾਇਜ਼ ਸ਼ਰਾਬ ਤਿਆਰ ਕਰਨ ਲਈ ਕੱਚਾ ਮਾਲ ਇਨ੍ਹਾਂ ਦੇ ਢਾਬਿਆਂ ਤੋਂ ਹੀ ਤਰਨ ਤਾਰਨ ਖੇਤਰ ਵਿੱਚ ਜਾਂਦਾ ਸੀ। ਅਸਲ ਵਿਚ ਕਈ ਢਾਬਿਆਂ ਵਾਲ਼ੇ ਟੈਂਕਰਾਂ ਵਾਲ਼ਿਆਂ ਤੋਂ ਕਾਸਟਿਕ ਸੋਢਾ ਅਤੇ ਹੋਰ ਕੈਮੀਕਲ ਆਦਿ ਵਸਤਾਂ ਸਸਤੇ ਰੇਟ ’ਤੇ ਖਰੀਦ ਲੈਂਦੇ ਹਨ। ਜਿਨ੍ਹਾਂ ਦੀ ਵਰਤੋਂ ਸ਼ਰਾਬ ਤਿਆਰ ਕਰਨ ਲਈ ਵੀ ਕੀਤੀ ਜਾਂਦੀ ਹੈ। ਐਤਵਾਰ ਨੂੰ ਵੀ ਪਟਿਆਲਾ ਪੁਲੀਸ ਨੇ ਰਾਜਪੁਰਾ ਖੇਤਰ ਦੇ ਇੱਕ ਢਾਬੇ ਤੋਂ 600 ਕਿੱਲੋ ਕਾਸਟਿਕ ਸੋਢਾ ਬਰਾਮਦ ਕੀਤਾ ਹੈ।
ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿੱਚ ਔਰਤਾਂ ਵੀ ਸ਼ਾਮਲ
ਅੰਮ੍ਰਿਤਸਰ (ਟ੍ਰਿਬਿਊਨ ਨਿਊਜ਼ ਸਰਵਿਸ): ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਵੱਲੋਂ ਪੰਜਾਬ ਪੁਲੀਸ ਦੇ ਬਾਰਡਰ ਰੇਂਜ ਦੇ ਆਈਜੀ ਐੱਸਪੀਐੱਸ ਪਰਮਾਰ ਦੀ ਅਗਵਾਈ ਹੇਠ ਅੱਜ ਪੁਲੀਸ ਅਧਿਕਾਰੀਆਂ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ, ਜਿਸ ਵਿੱਚ ਨਾਜਾਇਜ਼ ਸ਼ਰਾਬ ਦੇ ਇਸ ਧੰਦੇ ਨੂੰ ਖ਼ਤਮ ਕਰਨ ਵਾਸਤੇ ਸਾਂਝੀ ਰਣਨੀਤੀ ਬਾਰੇ ਚਰਚਾ ਕੀਤੀ ਗਈ। ਇਸ ਮਾਮਲੇ ਵਿੱਚ ਹੁਣ ਤੱਕ 4 ਔਰਤਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਆਈਜੀ ਸ੍ਰੀ ਪਰਮਾਰ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੇ ਇਸ ਕਾਰੋਬਾਰ ਨੂੰ ਖ਼ਤਮ ਕਰਨ ਵਾਸਤੇ ਇੱਕ ਸਾਂਝਾ ਅਪਰੇਸ਼ਨ ਚਲਾਇਆ ਜਾਵੇਗਾ। ਇਸ ਸਬੰਧ ਵਿੱਚ ਪੁਲੀਸ ਵੱਲੋਂ ਪਹਿਲਾਂ ਹੀ ਪੰਜਾਬ ਵਿੱਚ ਛਾਪੇ ਮਾਰੇ ਜਾ ਰਹੇ ਹਨ। ਇਸ ਮਾਮਲੇ ਵਿੱਚ ਇੱਕ ਪਰਿਵਾਰ ਦੇ ਚਾਰ ਜੀਆਂ ਵਿੱਚ ਦੋ ਔਰਤਾਂ ਨੂੰ ਵੀ ਨਾਮਜ਼ਦ ਕੀਤਾ ਗਿਆ, ਜਿਸ ਤੋਂ ਸਪਸ਼ਟ ਹੈ ਕਿ ਸ਼ਰਾਬ ਦਾ ਕਾਰੋਬਾਰ ਪਰਿਵਾਰਕ ਧੰਦਾ ਬਣ ਚੁੱਕਾ ਹੈ। ਆਰਐੱਮਪੀਆਈ ਦੇ ਆਗੂ ਜਗਤਾਰ ਸਿੰਘ ਕਰਮਪੂਰਾ ਨੇ ਦਾਅਵਾ ਕੀਤਾ ਕਿ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਔਰਤਾਂ ਨਾਜਾਇਜ਼ ਸ਼ਰਾਬ ਵੇਚਣ ਦਾ ਕਾਰੋਬਾਰ ਕਰ ਰਹੀਆਂ ਹਨ।