ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤਿੰਨ ਦਿਨਾਂ ’ਚ ਜੰਗ ਰੁਕਵਾਉਣ ਬਾਰੇ ਸਪਸ਼ਟ ਕਰਨ ਪ੍ਰਧਾਨ ਮੰਤਰੀ: ਬਘੇਲ

ਕਾਂਗਰਸ ਵੱਲੋਂ ਭਾਰਤੀ ਫ਼ੌਜ ਦੇ ਸਨਮਾਨ ਵਿੱਚ ‘ਜੈ ਹਿੰਦ’ ਸਭਾ; ਵੀਰ ਨਾਰੀਆਂ ਤੇ ਸਾਬਕਾ ਸੈਨਿਕਾਂ ਦਾ ਸਨਮਾਨ
ਕਾਂਗਰਸ ਦੇ ਜਨਰਲ ਸਕੱਤਰ ਭੂਪੇਸ਼ ਬਘੇਲ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ।
Advertisement

ਐੱਨਪੀ ਧਵਨ

ਪਠਾਨਕੋਟ, 30 ਮਈ

Advertisement

ਕਾਂਗਰਸ ਪਾਰਟੀ ਵੱਲੋਂ ਭਾਰਤੀ ਫ਼ੌਜ ਦੇ ਸਨਮਾਨ ਵਿੱਚ ਅੱਜ ਸ਼ਾਮ ਨੂੰ ਇੱਥੇ ‘ਜੈ ਹਿੰਦ’ ਸਭਾ ਕੀਤੀ ਗਈ। ਇਸ ਵਿੱਚ ਸਾਬਕਾ ਸੈਨਿਕਾਂ, ਵੀਰ ਨਾਰੀਆਂ ਅਤੇ ਸ਼ਹਿਰ ਵਾਸੀ ਸ਼ਾਮਲ ਹੋਏ। ਇਸ ਸਭਾ ਵਿੱਚ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ, ਕੌਮੀ ਆਗੂ ਕਨ੍ਹਈਆ ਕੁਮਾਰ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਕਾਂਗਰਸ ਕਮੇਟੀ ਦੇ ਪ੍ਰਦੇਸ਼ ਸਕੱਤਰ ਰਵਿੰਦਰ ਡਾਲਵੀ, ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਵਿਧਾਇਕ ਨਰੇਸ਼ ਪੁਰੀ, ਸਾਬਕਾ ਵਿਧਾਇਕ ਅਮਿਤ ਵਿੱਜ ਤੇ ਜੋਗਿੰਦਰ ਪਾਲ, ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਮੰਤਰੀ ਅਰੁਣਾ ਚੌਧਰੀ ਆਦਿ ਨੇ ਸੰਬੋਧਨ ਕੀਤਾ। ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ।

ਸ੍ਰੀ ਬਘੇਲ ਨੇ ਆਪਣੇ ਸੰਬੋਧਨ ਵਿੱਚ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਯੁੱਧ ਹੋਏ ਹਨ, ਸਭ ਤੋਂ ਵੱਧ ਹਮਲੇ ਪੰਜਾਬ ਨੇ ਝੱਲੇ ਹਨ ਅਤੇ ਸਭ ਤੋਂ ਵੱਧ ਸ਼ਹੀਦ ਵੀ ਪੰਜਾਬ ਦੇ ਹੀ ਹੋਏ ਹਨ। ਪਠਾਨਕੋਟ ਉਹ ਜ਼ਿਲ੍ਹਾ ਹੈ ਜਿੱਥੇ ਸ਼ਹੀਦਾਂ ਦੀ ਗਿਣਤੀ ਸਭ ਤੋਂ ਵੱਧ ਹੈ। ਉਹ ਸ਼ਹੀਦਾਂ ਦੇ ਪਰਿਵਾਰਾਂ ਨੂੰ ਪ੍ਰਣਾਮ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਦੇਸ਼ ਅਤੇ ਸਰਕਾਰ ਦੇ ਨਾਲ ਖੜ੍ਹੀ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੇ 90 ਹਜ਼ਾਰ ਤੋਂ ਵੱਧ ਸੈਨਿਕਾਂ ਨੂੰ ਕੈਦ ਕਰ ਕੇ ਪਾਕਿਸਤਾਨ ਦੇ ਦੋ ਟੁਕੜੇ ਕਰ ਦਿੱਤੇ ਸਨ, ਪਰ ਇਸ ਯੁੱਧ ਦੌਰਾਨ ਅਜਿਹੀ ਕਿਹੜੀ ਸਥਿਤੀ ਬਣ ਗਈ ਕਿ ਤਿੰਨ ਦਿਨਾਂ ਵਿੱਚ ਹੀ ਭਾਰਤ ਨੇ ਯੁੱਧ ਰੁਕਵਾ ਦਿੱਤਾ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਕਾਰਵਾਈ ਦੇ ਨਾਲ-ਨਾਲ ਕਾਂਗਰਸ ਪਾਰਟੀ ਫ਼ੌਜ ਦੇ ਨਾਲ ਖੜ੍ਹੀ ਹੈ, ਪਰ ਜਦੋਂ ਕਾਂਗਰਸ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਦੀ ਹੈ ਤਾਂ ਉਹ ਚੁੱਪ ਹੋ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਜਦੋਂ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਈ ਗਈ ਤਾਂ ਪ੍ਰਧਾਨ ਮੰਤਰੀ ਮੀਟਿੰਗ ਵਿੱਚ ਮੌਜੂਦ ਨਹੀਂ ਸਨ। ਉਨ੍ਹਾਂ ਕਿਹਾ ਕਿ ਇਸ ਜੰਗ ਦੌਰਾਨ ਦੇਸ਼ ਨੂੰ ਕਿੰਨਾ ਨੁਕਸਾਨ ਹੋਇਆ ਹੈ, ਇਸ ਬਾਰੇ ਸਰਕਾਰ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਕਾਂਗਰਸ ਦੇ ਕੌਮੀ ਆਗੂ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਵਿਰੋਧੀ ਜਦੋਂ ਵੀ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਦੇ ਹਨ ਤਾਂ ਉਹ ਜਾਂ ਤਾਂ ਚੁੱਪ ਵੱਟ ਲੈਂਦੇ ਹਨ ਜਾਂ ਵਿਦੇਸ਼ ਚਲੇ ਜਾਂਦੇ ਹਨ।

Advertisement