ਪਿਕਅੱਪ ਗੱਡੀ ਅਤੇ ਬੁੱਲਟ ਮੋਟਰਸਾਈਕਲ ਦੀ ਟੱਕਰ; ਤਿੰਨ ਦੀ ਮੌਤ
ਬਰੇਟਾ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਵਾਪਰਿਆ ਭਿਆਨਕ ਹਾਦਸਾ
ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਨੇੜਲੇ ਪਿੰਡ ਬਖਸ਼ੀਵਾਲਾ ਵਿਖੇ ਅੱਜ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਪਿਕਅੱਪ ਗੱਡੀ ਅਤੇ ਬੁੱਲਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ ਵਿੱਚ ਤਿੰਨ ਜਣਿਆਂ ਦੀ ਜਾਨ ਚਲੀ ਗਈ।
ਵੇਰਵਿਆਂ ਅਨੁਸਾਰ, ਪਿੰਡ ਬਖਸ਼ੀਵਾਲਾ ਦੇ ਰਹਿਣ ਵਾਲੇ ਦੋ ਨੌਜਵਾਨ ਚਾਚੇ-ਤਾਏ ਦੇ ਪੁੱਤ ਬੂਟਾ ਸਿੰਘ ਅਤੇ ਜਗਤਾਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਵੱਲ ਆ ਰਹੇ ਸਨ।
ਇਸੇ ਦੌਰਾਨ ਬੁਢਲਾਡਾ ਵਾਲੇ ਪਾਸਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਪਿਕਅੱਪ ਗੱਡੀ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ
ਇਸ ਭਿਆਨਕ ਹਾਦਸੇ ਦੀ ਲਪੇਟ ਵਿੱਚ ਇੱਕ ਰਾਹਗੀਰ ਪਸ਼ੂ ਚਾਰਕ ਗੁਰਮੁਖ ਸਿੰਘ ਵੀ ਆ ਗਿਆ, ਜੋ ਮੂਲ ਰੂਪ ਵਿੱਚ ਟੋਹਾਣਾ (ਹਰਿਆਣਾ) ਦਾ ਰਹਿਣ ਵਾਲਾ ਸੀ ਅਤੇ ਅੱਜਕੱਲ੍ਹ ਪਿੰਡ ਕਾਹਨਗੜ੍ਹ ਵਿਖੇ ਰਹਿ ਰਿਹਾ ਸੀ। ਗੱਡੀ ਦੀ ਸਿੱਧੀ ਟੱਕਰ ਵੱਜਣ ਕਾਰਨ ਗੁਰਮੁਖ ਸਿੰਘ ਨੇ ਵੀ ਮੌਕੇ ’ਤੇ ਹੀ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਬਰੇਟਾ ਥਾਣੇ ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਨੇ ਪਿਕਅੱਪ ਗੱਡੀ ਨੂੰ ਕਬਜ਼ੇ ਵਿੱਚ ਲੈ ਕੇ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਦੋਵਾਂ ਵਾਹਨਾਂ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਕਾਰਨ ਟੱਕਰ ਦੀ ਭਿਆਨਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

