ਪੀ ਜੀ ਆਈ ਦੇ ਠੇਕਾ ਮੁਲਾਜ਼ਮਾਂ ਵੱਲੋਂ ਜੰਤਰ-ਮੰਤਰ ’ਤੇ ਧਰਨਾ
ਚੰਡੀਗੜ੍ਹ ਦੇ ਪੀ ਜੀ ਆਈ ਹਸਪਤਾਲ ਦੇ ਠੇਕੇ ਉੱਪਰ ਰੱਖੇ ਮੁਲਾਜ਼ਮਾਂ ਨੇ ਅੱਜ ਦਿੱਲੀ ਦੇ ਜੰਤਰ ਮੰਤਰ ’ਤੇ ਧਰਨਾ ਦਿੱਤਾ। ਧਰਨਾਕਾਰੀਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇ ਬਕਾਏ 90 ਕਰੋੜ ਦੀ ਅਦਾਇਗੀ ਕੀਤੀ ਜਾਵੇ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਪੀ ਜੀ ਆਈ ਦੇ ਠੇਕਾ ਮੁਲਾਜ਼ਮਾਂ ਨੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਪੀ ਐੱਮ ਓ ਵਿੱਚ ਮੰਗ ਪੱਤਰ ਸੌਂਪਿਆ ਹੈ। ਇਸ ਦੌਰਾਨ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਹੱਥਾਂ ਵਿੱਚ ਪੋਸਟਰ ਫੜੇ ਹੋਏ ਸਨ ਅਤੇ 90 ਕਰੋੜ ਦੀ ਅਦਾਇਗੀ ਕਰਨ ਦੀ ਮੰਗ ਕਰ ਰਹੇ ਸਨ।
ਇਸ ਤੋਂ ਬਾਅਦ ਮੁਲਾਜ਼ਮਾਂ ਨੇ ਸਿਹਤ ਸਕੱਤਰ ਸੁਸ਼ਾਂਤ ਪੰਤ ਨਾਲ ਵੀ ਮੁਲਾਕਾਤ ਕੀਤੀ। ਸ੍ਰੀ ਪੰਤ ਨੇ ਯੂਨੀਅਨ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਮੰਗਾਂ ਨੂੰ ਪਰਵਾਨ ਕੀਤਾ ਜਾਵੇਗਾ। ਪੀ ਜੀ ਆਈ ਦੇ ਇੱਕ ਮੁਲਾਜ਼ਮ ਨੇ ਕਿਹਾ ਕਿ ਅਦਾਲਤ ਨੇ ਵੀ ਮੁਲਾਜ਼ਮਾਂ ਦੇ ਹੱਕ ਵਿੱਚ ਫ਼ੈਸਲਾ ਦਿੱਤਾ ਹੈ ਪਰ ਫਿਰ ਵੀ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਮੰਨਿਆ ਨਹੀਂ ਜਾ ਰਿਹਾ ਹੈ।
ਪੀ ਜੀ ਆਈ ਦੇ ਮੁਲਾਜ਼ਮ ਨੇ ਮੈਡੀਕਲ ਤਕਨਾਲੋਜਿਸਟਾਂ ਲਈ 400 ਰੁਪਏ ਗ੍ਰੇਡ ਪੇਅ ਦੇਣ ਦੀ ਮੰਗ ਕੀਤੀ ਜੋ ਡਾਕਟਰ ਅਸ਼ੋਕ ਗੁਪਤਾ ਕਮੇਟੀ ਨੇ ਸਿਫ਼ਾਰਸ਼ ਕੀਤੀ ਸੀ। ਇਸੇ ਤਰ੍ਹਾਂ ਡਾਕਟਰ ਰਾਜਵੰਸ਼ੀ ਕਮੇਟੀ ਦੀ ਰਿਪੋਰਟ ਵਿੱਚ ਕੀਤੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਨ ਦੀ ਮੰਗ ਵੀ ਕੀਤੀ। ਇਨ੍ਹਾਂ ਵਿੱਚ ਥਰਡ ਕੇਡਰ ਰੀਵਿਊ, 400 ਤੋਂ ਵੱਧ ਪੋਸਟਾਂ ਨੂੰ ਭਰਨ ਅਤੇ ਵਰਦੀ ਭੱਤਾ 10,000 ਹਰ ਸਾਲ ਦੇਣ ਦੀ ਮੰਗ ਸ਼ਾਮਲ ਹੈ।
