ਵੈਨੇਜ਼ੁਏਲਾ ’ਤੇ ਹਮਲੇ ਵਿਰੁੱਧ ਸੜਕਾਂ ’ਤੇ ਨਿੱਤਰਿਆ ਲੋਕ ਮੋਰਚਾ
ਕਨਵੈਨਸ਼ਨ ਤੇ ਮੁਜ਼ਾਹਰੇ ’ਚ ਅਮਰੀਕਾ ਵਿਰੋਧੀ ਨਾਅਰੇ ਗੂੰਜੇ
ਸ਼ਗਨ ਕਟਾਰੀਆ
ਲੋਕ ਮੋਰਚਾ ਪੰਜਾਬ ਨੇ ਵੈਨੇਜ਼ੁਏਲਾ ’ਤੇ ਅਮਰੀਕਨ ਹਮਲੇ ਦਾ ਵਿਰੋਧ ਕਰਨ ਲਈ ਅੱਜ ਇੱਥੇ ਟੀਚਰਜ਼ ਹੋਮ ਵਿੱਚ ਕਨਵੈਨਸ਼ਨ ਕਰਨ ਤੋਂ ਬਾਅਦ ਸ਼ਹਿਰ ਵਿੱਚ ਪ੍ਰਦਰਸ਼ਨ ਕੀਤਾ। ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਮਾਸਟਰ ਜਗਮੇਲ ਸਿੰਘ ਨੇ ਕਿਹਾ ਕਿ ਵੈਨੇਜ਼ੁਏਲਾ ਵੱਡੇ ਤੇਲ ਭੰਡਾਰਾਂ ਵਾਲਾ ਮੁਲਕ ਹੈ। ਅਮਰੀਕਾ ਵੱਲੋਂ ਵੈਨੇਜ਼ੁਏਲਾ ’ਤੇ ਹਮਲਾ ਕਰਨਾ ਅਤੇ ਇਸ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਅਗਵਾ ਕਰਨਾ ਧੱਕੜ ਕਾਰਵਾਈ ਹੈ, ਜਿਸ ਦਾ ਨਿਰੋਲ ਮਕਸਦ ਇਸ ਦੇ ਤੇਲ ਭੰਡਾਰਾਂ ’ਤੇ ਕਬਜ਼ਾ ਕਰਨਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਾਰ-ਵਾਰ ਪਹਿਲਾਂ ਹਿਊਗੋ ਸ਼ਾਵੇਜ਼ ਤੇ ਹੁਣ ਰਾਸ਼ਟਰਪਤੀ ਮਾਦੂਰੋ ਦੀ ਸਰਕਾਰ ਨੂੰ ਪਲਟਾਉਣ ਲਈ ਸਾਜ਼ਿਸ਼ਾਂ ਰਚਦਾ ਆ ਰਿਹਾ ਸੀ ਪਰ ਇਨ੍ਹਾਂ ਸਾਜ਼ਿਸ਼ਾਂ ਰਾਹੀਂ ਵੀ ਉਹ ਹਕੂਮਤ ਪਲਟਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੀ। ਇਸੇ ਕਰਕੇ ਹੁਣ ਉਸ ਨੇ ਹਮਲੇ ਦਾ ਰਾਹ ਚੁਣਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਕੁਝ ਹੀ ਦਿਨ ਪਹਿਲਾਂ ਉਹ ਵੈਨੇਜ਼ੁਏਲਾ ਦੇ ਤੇਲ ਜਹਾਜ਼ ’ਤੇ ਹਮਲਾ ਕਰਕੇ ਹਟਿਆ ਹੈ। ਉਨ੍ਹਾਂ ਕਿਹਾ ਕਿ ਕੂੜ ਪ੍ਰਚਾਰ ਕਰਦਿਆਂ ਅਮਰੀਕਾ ਨੇ ਵੈਨੇਜ਼ੁਏਲਾ ਉੱਤੇ ਨਸ਼ਿਆਂ ਦੇ ਕਾਰੋਬਾਰ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਟਰੰਪ ਦੀ ਵਿਉਂਤ ਉੱਥੇ ਅਮਰੀਕਾ ਪੱਖੀ ਸਰਕਾਰ ਸਥਾਪਿਤ ਕਰਨ ਦੀ ਹੈ।
ਉਨ੍ਹਾਂ ਕਿਹਾ ਕਿ ਸੰਸਾਰ ਭਰ ਦੇ ਇਨਸਾਫ਼ ਪਸੰਦ ਲੋਕਾਂ ਨੂੰ ਵੈਨੇਜ਼ੁਏਲਾ ਦੇ ਲੋਕਾਂ ਨਾਲ ਮਿਲ ਕੇ ਅਮਰੀਕਾ ਦੀ ਇਸ ਧੱਕੜ ਕਾਰਵਾਈ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ ਅਤੇ ਹੋਰਨਾਂ ਦੇਸ਼ਾਂ ਦੇ ਸੋਮੇ ਹਥਿਆਉਣ ਦੀ ਅਮਰੀਕੀ ਸਾਮਰਾਜੀਆਂ ਦੀ ਨੀਤੀ ਖ਼ਿਲਾਫ਼ ਡਟਣਾ ਚਾਹੀਦਾ ਹੈ ਅਤੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੇ ਉਸ ਦੀ ਪਤਨੀ ਦੀ ਰਿਹਾਈ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਉਭਾਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਹਮਲੇ ਵਿਰੁੱਧ ਭਾਰਤੀ ਹਾਕਮਾਂ ਵੱਲੋਂ ਇੱਕ ਸ਼ਬਦ ਨਾ ਕਹਿਣਾ, ਸਾਮਰਾਜ ਭਗਤੀ ਨੂੰ ਮੁੜ ਉਜਾਗਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਜ਼ਿਸ਼ਾਂ ਤੇ ਹਥਿਆਰਾਂ ਦੇ ਬਲਬੂਤੇ ’ਤੇ ਕਿਸੇ ਦੇਸ਼ ਵਿੱਚ ਵੜ ਕੇ ਉਥੋਂ ਦੇ ਮਾਲ ਖ਼ਜ਼ਾਨੇ ਅਤੇ ਤੇਲ ਭੰਡਾਰਾਂ ’ਤੇ ਕਬਜ਼ਾ ਕਰ ਲੈਣ ਦੀ ਅਮਰੀਕਾ ਦੀ ਡਾਕੂ ਬਿਰਤੀ ਦਾ ਵਿਰੋਧ ਕਰਨ ਲਈ ਭਾਰਤੀ ਹਕੂਮਤ ਤੋਂ ਮੰਗ ਕਰਨੀ ਬਣਦੀ ਹੈ। ਇਸ ਮੌਕੇ ਸਥਾਨਕ ਟੀਚਰਜ਼ ਹੋਮ ਤੋਂ ਫਾਇਰ ਬ੍ਰਿਗੇਡ ਚੌਕ ਤੱਕ ਮੁਜ਼ਾਹਰਾ ਕੀਤਾ ਗਿਆ। ਸਟੇਜ ਸਕੱਤਰ ਦੀ ਕਾਰਵਾਈ ਗੁਰਮੁੱਖ ਸਿੰਘ ਨੇ ਨਿਭਾਈ, ਨਵਜੋਤ ਸਿੰਘ ਅਤੇ ਹਰਮੀਤ ਕੋਟਗੁਰੂ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।

