ਇਰਾਨ ’ਤੇ ਹਮਲੇ ਖ਼ਿਲਾਫ਼ ਲੋਕ ਸੜਕਾਂ ’ਤੇ ਨਿੱਤਰੇ
ਲੋਕ ਮੋਰਚਾ ਅਤੇ ਇਨਕਲਾਬੀ ਕੇਂਦਰ ਨੇ ਕੀਤਾ ਮਾਰਚ; ਟਰੰਪ ਪ੍ਰਸ਼ਾਸਨ ’ਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼
ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੇ ਗਏ ਹਮਲੇ ਖ਼ਿਲਾਫ਼ ਅੱਜ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਬਠਿੰਡਾ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਜਥੇਬੰਦੀਆਂ ਨੇ ਇਸ ਹਮਲੇ ਨੂੰ ਨਿਹੱਕੀ ਜੰਗ ਕਰਾਰ ਦਿੰਦਿਆਂ ਟਰੰਪ ਪ੍ਰਸ਼ਾਸਨ ’ਤੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਦਾ ਦੋਸ਼ ਲਾਇਆ। ਇਸ ਤੋਂ ਪਹਿਲਾਂ ਟੀਚਰਜ਼ ਹੋਮ ਵਿੱਚ ਇਕੱਤਰਤਾ ਹੋਈ, ਜਿਸ ਵਿੱਚ ਵੱਖ-ਵੱਖ ਵਰਗਾਂ ਦੇ ਲੋਕਾਂ ਨੇ ਸ਼ਮੂਲੀਅਤ ਕੀਤੀ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਵੀ ਇਸ ਪ੍ਰਦਰਸ਼ਨ ਵਿੱਚ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਲੋਕ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਮੁਖਤਿਆਰ ਪੂਹਲਾ ਨੇ ਕਿਹਾ ਕਿ ਅਮਰੀਕਾ ਮੱਧ ਪੂਰਬ ਵਿੱਚ ਆਪਣੀ ਸਾਮਰਾਜੀ ਲੁੱਟ ਜਾਰੀ ਰੱਖਣ ਲਈ ਇਰਾਨ ਨੂੰ ਰਸਤੇ ਦਾ ਰੋੜਾ ਸਮਝਦਾ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਇਸ ਮਕਸਦ ਲਈ ਅਮਰੀਕਾ ਦਾ ਹੱਥਠੋਕਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਰਾਨ ਦੀ ਹਕੂਮਤ ਉਨ੍ਹਾਂ ਚੋਣਵੀਆਂ ਸਰਕਾਰਾਂ ’ਚੋਂ ਸੀ, ਜਿਨ੍ਹਾਂ ਨੇ ਆਪਣੇ ਦੇਸ਼ ਅੰਦਰ ਅਮਰੀਕੀ ਦਬਾਅ ਅੱਗੇ ਝੁਕਣ ਤੋਂ ਸਾਫ਼ ਇਨਕਾਰ ਕਰਨ ਦੀ ਦਲੇਰੀ ਦਿਖਾਈ ਹੈ। ਟਰੰਪ ਹਕੂਮਤ ਪਿਛਲੇ ਲੰਮੇ ਸਮੇਂ ਤੋਂ ਇਸ ’ਤੇ ਆਰਥਿਕ ਰੋਕਾਂ ਲਾਉਂਦੀ ਆ ਰਹੀ ਹੈ, ਪਰ ਇਨ੍ਹਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਇਰਾਨ ਡਟਿਆ ਰਿਹਾ ਹੈ ਅਤੇ ਹੁਣ ਆਰਥਿਕ ਪਾਬੰਦੀਆਂ ਦਾ ਹਥਿਆਰ ਫੇਲ੍ਹ ਹੋਣ ਤੋਂ ਬਾਅਦ ਅਮਰੀਕਾ ਸਿੱਧੇ ਹਮਲੇ ’ਤੇ ਉੱਤਰ ਆਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਮਰੀਕਾ ਅਤੇ ਇਜ਼ਰਾਈਲ ਨੇ ਨਿਰਦੋਸ਼ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਸਕੂਲ ’ਤੇ ਹਮਲਾ ਕਰ ਕੇ 100 ਤੋਂ ਵਧੇਰੇ ਵਿਦਿਆਰਥਣਾਂ ਨੂੰ ਮਾਰ ਦਿੱਤਾ ਗਿਆ। ਟਰੰਪ ਪ੍ਰਸ਼ਾਸਨ ਨੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਕਰਦਿਆਂ ਇਹ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜੋ ਨਿੰਦਣਯੋਗ ਹੈ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਵੱਲੋਂ ਅਮਰੀਕਾ ਅਤੇ ਇਜ਼ਰਾਈਲ ਨਾਲ ਪਾਈ ਸਾਂਝ ਦਾ ਵੀ ਵਿਰੋਧ ਕੀਤਾ ਅਤੇ ਇਨ੍ਹਾਂ ਜੰਗਬਾਜ਼ ਮੁਲਕਾਂ ਨਾਲ ਕੀਤੇ ਗਏ ਸਾਰੇ ਸਮਝੌਤੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਮਤਾ ਪਾਸ ਕਰ ਕੇ ਗੁਰਦਾਸਪੁਰ ਵਿੱਚ ਹੋਏ ਕਥਿਤ ਪੁਲੀਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਗਈ।

