ਕਾਂਗਰਸ ਅਤੇ ਅਕਾਲੀ ਦਲ ਹੁਣ ਲੋਕਾਂ ਨੂੰ ਪਸੰਦ ਨਹੀਂ: ਭਗਵੰਤ ਮਾਨ
ਗਗਨਦੀਪ ਅਰੋੜਾ
ਲੁਧਿਆਣਾ, 24 ਜੂਨ
ਲੁਧਿਆਣਾ ਦੇ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਜਿੱਤਣ ਮਗਰੋਂ ਲੋਕਾਂ ਦਾ ਧੰਨਵਾਦ ਕਰਨ ਲਈ ਆਮ ਆਦਮੀ ਪਾਰਟੀ ਨੇ ਅੱਜ ਇੱਥੇ ਘੁਮਾਰ ਮੰਡੀ ਵਿੱਚ ਰੋਡ ਸ਼ੋਅ ਕੱਢਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ‘ਆਪ’ ਦੇ ਜੇਤੂ ਉਮੀਦਵਾਰ ਸੰਜੀਵ ਅਰੋੜਾ, ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਆਦਿ ਸ਼ਾਮਲ ਸਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੇ ਸੰਜੀਵ ਅਰੋੜਾ ਨੂੰ ਪਹਿਲਾਂ ਨਾਲੋਂ ਵੀ ਵੱਡੇ ਫ਼ਰਕ ਨਾਲ ਜਿਤਾ ਕੇ ‘ਆਪ ’ਤੇ ਆਪਣਾ ਵਿਸ਼ਵਾਸ ਦਿਖਾਇਆ ਹੈ। ਲੋਕਤੰਤਰ ਵਿੱਚ ਲੋਕ ਹੀ ਅਸਲੀ ਸ਼ਾਸਕ ਹਨ। ਜਿਹੜੇ ਲੋਕ ਦਾਅਵਾ ਕਰਦੇ ਸਨ ਕਿ ਉਹ ਕੁਝ ਵੀ ਕਰ ਸਕਦੇ ਹਨ, ਉਨ੍ਹਾਂ ਨੂੰ ਕੱਲ੍ਹ ਦੁਪਹਿਰ 2 ਵਜੇ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਇਹ ਵਿਸ਼ਵਾਸ ਗ਼ਲਤ ਸੀ। 1885 ਵਿੱਚ ਬਣੀ ਕਾਂਗਰਸ ਅਤੇ 1920 ਵਿੱਚ ਬਣੇ ਅਕਾਲੀ ਦਲ ਹੁਣ ਲੋਕਾਂ ਨੂੰ ਪਸੰਦ ਨਹੀਂ ਹਨ। ਅਕਾਲੀ ਦਲ ਦੇ ਉਮੀਦਵਾਰ ਦੀ ਸਿਰਫ਼ 8,000 ਵੋਟਾਂ ਨਾਲ ਜ਼ਮਾਨਤ ਜ਼ਬਤ ਹੋ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਉਨ੍ਹਾਂ ਦੇ ਹੰਕਾਰ ਨੂੰ ਭੰਨ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਉਦੇਸ਼ ਪੰਜਾਬ ਨੂੰ ਕੈਲੀਫੋਰਨੀਆ ਜਾਂ ਲੰਡਨ ਬਣਾਉਣਾ ਨਹੀਂ ਹੈ, ਸਗੋਂ ਪੰਜਾਬ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨਾ ਹੈ ਅਤੇ ਇਸ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ’ਤੇ ਬੇਲੋੜੇ ਵਿਵਾਦਾਂ ਤੋਂ ਬਚਣ ਅਤੇ ਲੋਕਾਂ ਲਈ ਆਪਣੇ ਕੰਮ ’ਤੇ ਧਿਆਨ ਲਗਾਉਣ। ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਮਿਸ਼ਨ ਲੋਕਾਂ ਦੀ ਸੇਵਾ ਕਰਨਾ ਹੈ, ਛੋਟੀਆਂ-ਮੋਟੀਆਂ ਲੜਾਈਆਂ ਵਿੱਚ ਸ਼ਾਮਲ ਹੋਣਾ ਨਹੀਂ।
‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਸੰਜੀਵ ਅਰੋੜਾ ਦੀ ਜਿੱਤ ‘ਆਪ’ ਲਈ ਮਾਣ ਵਾਲਾ ਪਲ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਇਮਾਨਦਾਰ ਰਾਜਨੀਤੀ ਵਿੱਚ ਕਿੰਨਾ ਵਿਸ਼ਵਾਸ ਹੈ। ਵੋਟਰਾਂ ਨੇ ਨਾ ਸਿਰਫ਼ ਸੰਜੀਵ ਅਰੋੜਾ ਨੂੰ ਚੁਣਿਆ, ਸਗੋਂ ਅਰਵਿੰਦ ਕੇਜਰੀਵਾਲ ਦੇ ਪਾਰਦਰਸ਼ੀ ਸ਼ਾਸਨ ਦੇ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਵੀ ਕੀਤੀ, ਜੋ ਰਵਾਇਤੀ ਰਾਜਨੀਤੀ ਦੇ ਹੰਕਾਰ ਅਤੇ ਗੁੰਡਾਗਰਦੀ ਤੋਂ ਮੁਕਤ ਹੈ। ਇਹ ਜਿੱਤ ਰਾਜਨੀਤੀ ਵਿੱਚ ਇਮਾਨਦਾਰੀ ਵਾਪਸ ਲਿਆਉਣ ਦੇ ਮਿਸ਼ਨ ਦੀ ਜਿੱਤ ਹੈ।
ਸਿਸੋਦੀਆ ਨੇ ਕਿਹਾ ਕਿ 2022 ਵਿੱਚ ਪੰਜਾਬ ਵਿੱਚ ‘ਆਪ’ ਦੀ ਲਹਿਰ ਸੀ। ਜ਼ਿਮਨੀ ਚੋਣ ਦੀ ਜਿੱਤ ਇੱਕ ਤੂਫ਼ਾਨ ਵਾਂਗ ਆਈ ਅਤੇ ਹੁਣ ਅਸੀਂ 2027 ਤੱਕ ਪੰਜਾਬ ਨੂੰ ਰਾਕੇਟ ਦੀ ਗਤੀ ਨਾਲ ਬਦਲਣ ਦੀ ਤਿਆਰੀ ਕਰ ਰਹੇ ਹਾਂ। ਨਸ਼ਿਆਂ ਨੂੰ ਖ਼ਤਮ ਕਰਨ, ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਕਿਸਾਨੀ ਨੂੰ ਉੱਚਾ ਚੁੱਕਣ ਦਾ ਮਿਸ਼ਨ ਜਾਰੀ ਰਹੇਗਾ। ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਹਰ ਪਿੰਡ ਅਤੇ ਹਰ ਬੱਚੇ ਨੂੰ ਆਦਰਸ਼ ਸ਼ਾਸਨ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰਾਂਗੇ।
ਲੁਧਿਆਣਾ ਪੱਛਮੀ ਤੋਂ ‘ਆਪ’ ਦੇ ਜੇਤੂ ਉਮੀਦਵਾਰ ਸੰਜੀਵ ਅਰੋੜਾ ਨੇ ਕਿਹਾ ਕਿ ਇਹ ਜਿੱਤ ਲੁਧਿਆਣਾ ਪੱਛਮੀ ਦੇ ਲੋਕਾਂ ਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਿਛਲੇ 100 ਦਿਨਾਂ ਵਿੱਚ ਲੋਕਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਗੱਲ ਸੁਣਨ ’ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਗੇ ਲਈ ਵੀ ਜੋ ਵੀ ਜ਼ਰੂਰੀ ਹੋਵੇਗਾ, ਉਹ ਉਸ ਨੂੰ ਜਾਰੀ ਰੱਖਣਗੇ। ਇਸ ਮੌਕੇ ਲੁਧਿਆਣਾ ਦੇ ਸਾਰੇ ਵਿਧਾਇਕ ਤੇ ਕਈ ਕੈਬਨਿਟ ਮੰਤਰੀ ਵੀ ਮੌਜੂਦ ਸਨ।